ਅਕਾਲੀ ਦਲ ਦੀ 'ਜਬਰ ਵਿਰੋਧੀ ਮੁਹਿੰਮ' ਭਲਕੇ ਸ਼ੁਰੂ
ਗੁਰਦਾਸਪੁਰ, ਤਰਨਤਾਰਨ ਅਤੇ ਹੋਰ ਥਾਵਾਂ 'ਤੇ ਅਕਾਲੀ ਵਰਕਰਾਂ ਦੇ ਕਤਲ, ਮਾਰਕੁਟਾਈ ਬਦਲੇ ਦੀ ਭਾਵਨਾ ਤਹਿਤ ਕਥਿਤ ਤੌਰ 'ਤੇ ਕੀਤੇ ਜਬਰ ਅਤੇ ਧੱਕੇਸ਼ਾਹੀਆਂ ਦੇ ਮੱਦੇਨਜ਼ਰ...
ਚੰਡੀਗੜ੍ਹ, 24 ਜੁਲਾਈ (ਜੀ.ਸੀ.ਭਾਰਦਵਾਜ) : ਗੁਰਦਾਸਪੁਰ, ਤਰਨਤਾਰਨ ਅਤੇ ਹੋਰ ਥਾਵਾਂ 'ਤੇ ਅਕਾਲੀ ਵਰਕਰਾਂ ਦੇ ਕਤਲ, ਮਾਰਕੁਟਾਈ ਬਦਲੇ ਦੀ ਭਾਵਨਾ ਤਹਿਤ ਕਥਿਤ ਤੌਰ 'ਤੇ ਕੀਤੇ ਜਬਰ ਅਤੇ ਧੱਕੇਸ਼ਾਹੀਆਂ ਦੇ ਮੱਦੇਨਜ਼ਰ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅੰਦਰ ਸੱਤਾਧਾਰੀ ਕਾਂਗਰਸ ਨੂੰ ਸਾਹਮਣੇ ਟੱਕਰ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ।
ਪਾਰਟੀ ਬੁਲਾਰੇ ਅਤੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਤਾਜ਼ਾ ਪ੍ਰੋਗਰਾਮ ਅਨੁਸਾਰ ਇਹ ਜਬਰ ਵਿਰੋਧੀ ਰੈਲੀਆਂ, ਬੈਠਕਾਂ ਤੇ ਲੌਅ ਲਸ਼ਕਰ ਲਾਮਬੰਦ ਕਰਨ ਅਤੇ ਵਰਕਰਾਂ ਤੇ ਲੀਡਰਾਂ ਨੂੰ ਉਤਸ਼ਾਹਤ ਕਰਨ ਵਾਸਤੇ ਹੁਣ 27 ਜੁਲਾਈ ਤੋਂ ਮੁਹਿੰਮ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤੀ ਜਾਵੇਗੀ। ਅਗਲੇ ਦਿਨ ਕਾਦੀਆਂ, 31 ਜੁਲਾਈ ਨੂੰ ਫ਼ਤਿਹਗੜ੍ਹ ਚੂੜੀਆਂ, ਪਹਿਲੀ ਅਗੱਸਤ ਨੂੰ ਗੁਰਦਾਸਪੁਰ ਅਤੇ 2 ਅਗੱਸਤ ਨੂੰ ਬਟਾਲਾ ਵਿਚ ਵੱਡਾ ਇਕੱਠ ਕੀਤਾ ਜਾਵੇਗਾ।
ਡਾ. ਚੀਮਾ ਨੇ ਕਿਹਾ ਕਿ ਭਾਵੇਂ 10 ਸਾਲ ਲਗਾਤਾਰ ਸੱਤਾ ਵਿਚ ਰਹਿਣ ਮਗਰੋਂ ਅਕਾਲੀ ਦਲ ਨੂੰ 15 ਸੀਟਾਂ ਹੀ ਮਿਲੀਆਂ ਪਰ ਵਰਕਰਾਂ ਤੇ ਲੀਡਰਾਂ ਵਿਚ ਕੋਈ ਮਾਯੂਸੀ ਨਹੀਂ ਹੈ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖ਼ੁਦ ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਨਿਸ਼ਾਨਾ ਕਾਂਗਰਸ ਸਰਕਾਰ ਤੇ ਇਸ ਦੇ ਮੰਤਰੀਆਂ ਦੇ ਫ਼ੋਕੇ ਐਲਾਨਾਂ ਦਾ ਪਰਦਾਫ਼ਾਸ਼ ਕਰਨਾ ਹੈ। ਡਾ. ਚੀਮਾ ਨੇ ਕਿਹਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਹਨ, ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਰੁਕੀ ਨਹੀਂ, ਸਰਕਾਰੀ ਕਮਿਸ਼ਨ ਕੇਵਲ ਅਕਾਲੀ ਲੀਡਰਾਂ ਵਿਰੁਧ ਰੀਪੋਰਟ ਦੇਣ ਲਈ ਸਥਾਪਤ ਕੀਤੇ ਹਨ, ਕਿਸਾਨਾਂ ਨੂੰ ਪਿਛਲੇ 4 ਮਹੀਨੇ ਵਿਚ ਲਾਰੇ ਲੱਪੇ ਲਾਏ ਹਨ, ਅਮਲੀ ਤੌਰ 'ਤੇ ਹੇਠਾਂ ਜ਼ਮੀਨੀ ਪੱਧਰ 'ਤੇ ਕੁੱਝ ਨਹੀਂ ਹੋਇਆ।
ਡਾ. ਚੀਮਾ ਨੇ ਦਸਿਆ ਕਿ 7 ਅਗੱਸਤ ਦੀ ਰੱਖੜ ਪੁੰਨਿਆ ਮੇਲੇ 'ਤੇ ਸ. ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਸੰਬੋਧਨ ਕਰਨਗੇ। ਈਸੜੂ ਇਕੱਠ 'ਤੇ ਸ. ਪ੍ਰਕਾਸ਼ ਸਿੰਘ ਬਾਦਲ 15 ਅਗੱਸਤ 'ਤੇ ਜ਼ਰੂਰ ਹਾਜ਼ਰੀ ਲਿਆਉਣਗੇ ਅਤੇ 20 ਅਗੱਸਤ ਨੂੰ ਲੌਂਗੋਵਾਲ 'ਚ ਸ. ਹਰਚੰਦ ਸਿੰਘ ਲੌਂਗੋਵਾਲ ਦੀ 32ਵੀਂ ਸਾਲਾਨਾ ਸ਼ਹਾਦਤ ਵਾਲੇ ਦਿਨ ਅਕਾਲੀ ਦਲ ਵੱਡੀ ਰੈਲੀ ਕਰੇਗਾ ਅਤੇ ਵੱਡੇ ਬਾਦਲ ਭਾਸ਼ਣ ਦੇਣਗੇ। ਅਕਾਲੀ ਨੇਤਾ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਵੱਡੇ ਇਕੱਠਾ, ਰੈਲੀਆਂ, ਜਬਰ ਵਿਰੋਧੀ ਮੁਹਿੰਮ ਵਿਚ ਵੱਡੇ ਬਾਦਲ, ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ, ਅਵਤਾਰ ਸਿੰਘ ਹਿਤ, ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਨਿਰਮਲ ਸਿੰਘ ਕਾਹਲੋਂ, ਚਰਨਜੀਤ ਅਟਵਾਲ, ਐਮ.ਪੀ. ਬਲਵਿੰਦਰ ਭੂੰਦੜ, ਸੁਖਦੇਵ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਬ੍ਰਹਮਪੁਰਾ, ਜਨਮੇਜਾ ਸਿੰਘ ਸੇਖੋਂ ਆਦਿ ਆਗੂ ਭਾਗ ਲੈਂਦੇ ਰਹਿਣਗੇ।