ਸੀਪੀਆਈ ਦੇ ਜੇਲ ਭਰੋ ਅੰਦੋਲਨ ਦਾ ਪਹਿਲਾ ਦਿਨ : ਹਜ਼ਾਰਾਂ ਵਰਕਰ ਗ੍ਰਿਫ਼ਤਾਰੀ ਲਈ ਹੋਏ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਹਿਰੇ ਹੁੰਦੇ ਖੇਤੀ ਸੰਕਟ ਨੇ ਜਿਥੇ ਮੁਲਕ ਦੀ ਅੰਨ ਸੁਰਖਿਆ ਤੇ ਆਤਮ-ਨਿਰਭਰਤਾ ਨੂੰ ਖ਼ਤਰਾ ਪੈਦਾ ਕੀਤਾ ਹੈ ਉਥੇ ਨਾਲ ਹੀ ਕਿਸਾਨੀ ਅਤੇ ਖੇਤ....

Andolan

ਚੰਡੀਗੜ੍ਹ : ਗਹਿਰੇ ਹੁੰਦੇ ਖੇਤੀ ਸੰਕਟ ਨੇ ਜਿਥੇ ਮੁਲਕ ਦੀ ਅੰਨ ਸੁਰਖਿਆ ਤੇ ਆਤਮ-ਨਿਰਭਰਤਾ ਨੂੰ ਖ਼ਤਰਾ ਪੈਦਾ ਕੀਤਾ ਹੈ ਉਥੇ ਨਾਲ ਹੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਅਜਿਹੇ ਕਰਜ਼ ਜਾਲ ਵਿਚ ਫਸਾਇਆ ਹੈ ਕਿ ਖ਼ੁਦਕੁਸ਼ੀਆਂ ਭਾਰਤ ਦੀ ਕਿਸਾਨੀ ਦੀ ਤਰਾਸਦੀ ਬਣ ਗਈਆਂ ਹਨ।
ਇਸ ਖ਼ਤਰਨਾਕ ਸਥਿਤੀ ਦੇ ਹੱਲ ਲਈ ਕਰਜ਼ ਮੁਆਫ਼ੀ ਲਈ, ਲਾਹੇਵੰਦ ਭਾਅ ਲਈ, 60 ਸਾਲ ਤੋਂ ਵੱਡੀ ਉਮਰ ਦੇ ਹਰ ਮਰਦ, ਔਰਤ, ਕਿਸਾਨ, ਖੇਤ ਮਜ਼ਦੂਰ, ਦਸਤਕਾਰ ਨੂੰ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਲਈ ਕਮਿਊਨਿਸਟ ਪਾਰਟੀ ਦੇ ਦੇਸ਼ ਭਰ ਵਿਚ ਵਰਕਰਾਂ ਨੇ ਅੱਜ ਜੇਲ ਭਰੋ ਅੰਦੋਲਨ ਦੇ ਪਹਿਲੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਅਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ ਜਿਸ ਦੀ ਲੜੀ ਵਜੋਂ ਅੱਜ ਪੰਜਾਬ ਦੇ 6 ਜ਼ਿਲ੍ਹਿਆਂ-ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਫ਼ਿਰੋਜ਼ਪੁਰ, ਹੁਸ਼ਿਅਰਪੁਰ, ਫ਼ਤਿਹਗੜ੍ਹ ਸਾਹਿਬ ਵਿਚ ਪਾਰਟੀ ਵਰਕਰਾਂ ਨੇ ਅੰਦੋਲਨ ਕੀਤਾ ਜਿਸ ਵਿਚ ਜੋਗਿੰਦਰ ਦਿਆਲ, ਭੂਪਿੰਦਰ ਸਾਂਬਰ, ਬੰਤ ਸਿੰਘ ਬਰਾੜ, ਕਰਤਾਰ ਸਿੰਘ ਬੋਆਣੀ, ਕਸ਼ਮੀਰ ਸਿੰਘ ਗਦਾਈਆ, ਅਮਰਜੀਤ ਆਸਲ, ਲਖਬੀਰ ਸਿੰਘ ਨਿਜ਼ਾਮਪੁਰਾ ਸਮੇਤ ਸੈਂਕੜੇ ਸਾਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਪਰ ਬਾਅਦ ਵਿਚ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਛੱਡ ਦਿਤਾ ਗਿਆ।
ਫ਼ਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੰਜ ਸੌ ਤੋਂ ਵੱਧ ਸਾਥੀਆਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਰੈਲੀ ਕੀਤੀ ਜਿਸ ਨੂੰ ਕੌਮੀ ਕੌਂਸਲ ਮੈਂਬਰ ਸਾਥੀ ਭੂਪਿੰਦਰ ਸਾਂਬਰ, ਜ਼ਿਲ੍ਹਾ ਸਕੱਤਰ ਸਾਥੀ ਕਸ਼ਮੀਰ ਸਿੰਘ ਅਤੇ ਹੋਰ ਸਾਥੀਆਂ ਨੇ ਮੁਖਾਤਬ ਕੀਤਾ ਅਤੇ ਕਰਜ਼ਾ ਮੁਆਫ਼ੀ  ਸਮੇਤ ਕਿਸਾਨਾਂ ਦੀਆਂ ਦੂਜੀਆਂ ਮੰਗਾਂ ਮੰਨਣ 'ਤੇ ਜ਼ੋਰ ਦਿਤਾ। ਉਪਰੰਤ ਸਾਥੀਆਂ ਨੇ ਅਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ, ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਕਿਹਾ ਕਿ ਮੈਮੋਰੰਡਮ ਦੇ ਦਿਉ ਅਸੀਂ ਗ੍ਰਿਫ਼ਤਾਰ ਨਹੀਂ ਕਰਨਾ ਪਰ ਜਦੋਂ ਸਾਥੀ ਅੜ ਗਏ ਅਤੇ ਨਾਕਾ ਤੋੜ ਕੇ ਅੱਗੇ ਵਧਣ ਲਗੇ ਤਾਂ ਸੈਂਕੜੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਕੇ ਬਸਾਂ ਵਿਚ ਬਿਠਾ ਕੇ ਅਣਦੱਸੀ ਥਾਂ ਵਲ ਲੈ ਗਏ। ਗ੍ਰਿਫ਼ਤਾਰ ਕੀਤੇ ਗਏ ਸਾਥੀਆਂ ਵਿਚ ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ ਸਾਥੀ ਭੂਪਿੰਦਰ ਸਾਂਬਰ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਕੱਤਰ ਸਾਥੀ ਕਸ਼ਮੀਰ ਸਿੰਘ, ਸਾਥੀ ਚਰਨਜੀਤ ਛਾਂਗਾਰਾਏ, ਸਾਥੀ ਹਰੀ ਚੰਦ, ਵਿਕਟਰ ਵਿਕੀ, ਸਾਥੀ ਢੋਲਾ ਮਾਹੀ ਤੇ ਭਗਵਾਨ ਦਾਸ ਆਦਿ ਸ਼ਾਮਲ ਸਨ। ਗ੍ਰਿਫ਼ਤਾਰ ਸਾਥੀਆਂ ਵਿਚ ਬੀਬੀਆਂ ਵੀ ਸ਼ਾਮਲ ਸਨ
ਫ਼ਤਿਹਗੜ੍ਹ ਸਾਹਿਬ: ਸੂਬਾ ਸਕੱਤਰੇਤ ਮੈਂਬਰ ਸਾਥੀ ਕਸ਼ਮੀਰ ਸਿੰਘ ਗਦਾਈਆ, ਜ਼ਿਲਾ ਸਕੱਤਰ ਸਾਥੀ ਅਮਰਨਾਥ ਅਤੇ ਇਸਤਰੀ ਆਗੂ ਬੀਬੀ ਸਿਮਰਤ ਦੀ ਅਗਵਾਈ ਵਿਚ ਇਥੇ ਡੇੜ ਸੌ ਦੇ ਕਰੀਬ ਸਾਥੀਆਂ ਨੇ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਇਸਤਰੀਆਂ ਸ਼ਾਮਲ ਸਨ, ਡੀਸੀ ਦੇ ਦਫ਼ਤਰ ਸਾਹਮਣੇ ਰੈਲੀ ਕਰ ਕੇ ਕਰਜ਼ ਮੁਆਫ਼ੀ ਲਈ ਨਾਹਰੇ ਮਾਰਦੇ ਹੋਏ ਗ੍ਰਿਫ਼ਤਾਰੀ ਲਈ ਪੇਸ਼ ਕੀਤਾ, ਪਰ ਪੁਲਿਸ ਨੇ ਦਰਜਨ ਕੁ ਆਗੂਆਂ ਨੂੰ ਹੀ ਗ੍ਰਿਫ਼ਤਾਰ ਕੀਤਾ। ਜਿਨ੍ਹਾਂ ਵਿਚ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਕਸ਼ਮੀਰ ਸਿੰਘ ਗਦਾਈਆ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਕੱਤਰ ਸਾਥੀ ਅਮਰਨਾਥ ਆਦਿ ਸ਼ਾਮਲ ਸਨ। (ਤਾਜ਼ਾ ਰੀਪੋਰਟ ਮੁਤਾਬਕ ਉਨ੍ਹਾਂ ਨੂੰ ਬਾਅਦ ਵਿਚ ਛੱਡ ਦਿਤਾ ਗਿਆ)।
ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਪਾਰਟੀ ਦੇ ਦਿਹਾਤੀ ਅਤੇ ਸ਼ਹਿਰੀ ਦੋਹਾਂ ਜ਼ਿਲ੍ਹਿਆਂ ਦੇ ਇਕ ਹਜ਼ਾਰ ਤੋਂ ਵੱਧ ਸਾਥੀ ਗ੍ਰਿਫ਼ਤਾਰੀਆਂ ਲਈ ਪੇਸ਼ ਹੋਏ ਜਿਨ੍ਹਾਂ ਦੀ ਅਗਵਾਈ ਕੌਮੀ ਕੌਂਸਲ ਮੈਂਬਰ ਸਾਥੀ ਬੰਤ ਸਿੰਘ ਬਰਾੜ, ਸੂਬਾ ਕਾਰਜਕਾਰਣੀ ਮੈਂਬਰ ਸਾਥੀ ਅਮਰਜੀਤ ਆਸਲ ਆਦਿ ਆਗੂਆਂ ਨੇ ਕੀਤੀ। ਰੈਲੀ ਕਰਨ ਉਪਰੰਤ ਸਾਥੀ ਨਾਹਰੇ ਮਾਰਦੇ ਹੋਏ ਕਾਰਡਨ ਤੋੜ ਕੇ ਅੰਗੇ ਲੰਘ ਗਏ, ਪਰ ਖਾੜਕੂ ਮੁਜ਼ਾਹਰੇ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਲੁਧਿਆਣਾ: ਲੁਧਿਆਣਾ ਵਿਚ ਸੂਬਾ ਸਕੱਤਰੇਤ ਮੈਂਬਰ ਸਾਥੀ ਕਰਤਾਰ ਸਿੰਘ ਬੋਆਣੀ, ਸੂਬਾ ਆਗੂ ਡਾਕਟਰ ਅਰੁਣ ਮਿਤਰਾ ਡੀ ਪੀ ਮੋੜ ਆਦਿ ਸਂੈਕੜੇ ਸਾਥੀਆਂ ਨੇ ਸਰਾਭਾ ਚੌਕ ਤੋਂ ਮਾਟੋਆਂ ਸਮੇਤ ਨਾਹਰੇ ਮਾਰਦੇ ਹੋਏ ਮੁਜ਼ਾਹਰਾ ਕੀਤਾ। ਡੀਸੀ ਲੁਧਿਆਣਾ ਦੇ ਦਫ਼ਤਰ ਮੂਹਰੇ ਗ੍ਰਿਫ਼ਤਾਰੀ ਲਈ ਅੰਦੋਲਨ ਕੀਤਾ। ਪ੍ਰਸ਼ਾਸਨ ਨੇ ਸਾਥੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਬਠਿੰਡਾ: ਸੀਪੀਆਈ ਦੀ ਕੌਮੀ ਕਾਰਜਕਾਰਣੀ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ, ਸੂਬਾ ਆਗੂ ਸਾਥੀ ਸੁਰਜੀਤ ਸੋਹੀ, ਸਾਥੀ ਬਲਕਰਨ ਬਰਾੜ, ਜਸਬੀਰ ਕੌਰ ਸਰਾਂ ਦੀ ਅਗਵਾਈ ਵਿਚ ਸੈਂਕੜੇ ਸਾਥੀ ਪਾਰਟੀ ਦਫ਼ਤਰ ਤੋਂ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਕਚਹਿਰੀਆਂ ਵਿਚ ਜੇਲ ਭਰੋ ਅੰਦੋਲਨ ਵਜੋਂ ਪੇਸ਼ ਹੋਏ। ਉਥੇ ਉਨ੍ਹਾਂ ਘੰਟਾ ਭਰ ਰੈਲੀ ਕੀਤੀ ਜਿਸ ਨੂੰ ਉਪਰੋਕਤ ਆਗੂਆਂ ਨੇ ਮੁਖਾਤਬ ਕੀਤਾ। ਗ੍ਰਿਫਤਾਰੀ ਲਈ ਪੇਸ਼ ਹੋਣ ਵਾਲਿਆਂ ਵਿਚ, ਉਪਰੋਕਤ ਤੋਂ ਇਲਾਵਾ ਹਰਨੇਕ ਸਿੰਘ ਆਲੀ ਕੇ, ਕਾਲਾ ਸਿੰਘ ਦਿਆਲਪੁਰਾ, ਰਾਜਾ ਸਿੰਘ ਦਾਨ ਸਿੰਘ ਵਾਲਾ, ਪਰਮਜੀਤ   ਸੇਖ ਪੁਰਾ, ਜੀਤਾ ਸਿੰਘ ਪਿਥੋ ਆਦਿ ਸ਼ਾਮਲ ਸਨ।
ਹੁਸ਼ਿਆਰਪੁਰ ਵਿਚ ਜ਼ਿਲ੍ਹਾ ਸਕੱਤਰ ਤੇ ਸੂਬਾ ਕੌਂਸਲ ਮੈਂਬਰ ਸਾਥੀ ਅਮਰਜੀਤ ਸਿੰਘ ਦੀ ਅਗਵਾਈ ਵਿਚ ਪ੍ਰਿੰਸੀਪਲ ਜੋਗਿੰਦਰ ਸਿੰਘ ਸਮੇਤ 11 ਜ਼ਿਲ੍ਹਾ ਕਾਰਜਕਾਰਨੀ ਮੈਂਬਰ ਤੇ ਕੁਲ 20 ਜ਼ਿਲ੍ਹਾ ਕੌਂਸਲ ਮੈਂਬਰ, ਜਿਨ੍ਹਾਂ ਵਿਚ ਅਵਾਮੀ ਜਥੇਬੰਦੀਆਂ ਕਿਸਾਨ ਤੇ ਖੇਤ ਮਜ਼ਦੂਰ ਤੇ ਇਸਤਰੀ ਆਗੂ ਤੇ ਬਲਾਕਾਂ, ਬਰਾਂਚਾਂ ਦੇ ਸਕੱਤਰ ਵੀ ਸ਼ਾਮਲ ਸਨ, ਕੁਲ ਸੌ ਤੋਂ ਵੱਧ ਸਾਥੀ ਜ਼ਿਲ੍ਹਾ ਸਕੱਤਰੇਤ ਮੂਹਰੇ ਧਰਨਾ ਲਾ ਕੇ ਬੈਠ ਗਏ।