ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਲੀਡਰਸ਼ਿਪ ਗਾਂਧੀ-ਨਹਿਰੂ ਪਰਵਾਰ ਤੋਂ ਅੱਗੇ ਵਧੇ : ਸ਼ਰਮਿਸਠਾ ਮੁਖਰਜੀ
ਕਿਹਾ, ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਕੌਮੀ ਰਾਜਨੀਤੀ ’ਚ ਇਸ ਦੀ ਬਹੁਤ ਮਜ਼ਬੂਤ ਮੌਜੂਦਗੀ ਹੈ
ਜੈਪੁਰ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬੇਟੀ ਸ਼ਰਮਿਸਠਾ ਮੁਖਰਜੀ ਨੇ ਕੌਮੀ ਸਿਆਸਤ ’ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਵਲੋਂ ਆਤਮ-ਨਿਰੀਖਣ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਪਾਰਟੀ ਨੂੰ ਅਗਵਾਈ ਲਈ ਗਾਂਧੀ-ਨਹਿਰੂ ਪਰਵਾਰ ਤੋਂ ਅੱਗੇ ਜਾ ਕੇ ਵੇਖਣਾ ਚਾਹੀਦਾ ਹੈ।
ਇੱਥੇ 17ਵੇਂ ਜੈਪੁਰ ਲਿਟਰੇਚਰ ਫੈਸਟੀਵਲ ਤੋਂ ਇਲਾਵਾ ਪੀ.ਟੀ.ਆਈ. ਨੂੰ ਦਿਤੇ ਵਿਸ਼ੇਸ਼ ਇੰਟਰਵਿਊ ’ਚ ਸ਼ਰਮਿਸਠਾ ਮੁਖਰਜੀ ਨੇ ਕਿਹਾ ਕਿ ਲੋਕ ਸਭਾ ’ਚ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਕੌਮੀ ਰਾਜਨੀਤੀ ’ਚ ਇਸ ਦੀ ਬਹੁਤ ਮਜ਼ਬੂਤ ਮੌਜੂਦਗੀ ਹੈ ਕਿਉਂਕਿ ਇਹ ਦੇਸ਼ ਦੀ ਸੱਭ ਤੋਂ ਵੱਡੀ ਵਿਰੋਧੀ ਪਾਰਟੀ ਹੈ। ਕਾਂਗਰਸ ਤੇਲੰਗਾਨਾ, ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ’ਚ ਸੱਤਾ ’ਚ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਅਜੇ ਵੀ ਮੁੱਖ ਵਿਰੋਧੀ ਪਾਰਟੀ ਹੈ। ਉਸ ਦੀ ਸਥਿਤੀ ਨਿਰਵਿਵਾਦ ਹੈ। ਪਰ ਇਸ ਦਿੱਖ ਨੂੰ ਕਿਵੇਂ ਮਜ਼ਬੂਤ ਕਰਨਾ ਹੈ? ਇਹੀ ਸਵਾਲ ਹੈ। ਪਰ ਇਸ ’ਤੇ ਕਾਂਗਰਸ ਨੇਤਾਵਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ।’’
ਸ਼ਰਮਿਸਠਾ ਮੁਖਰਜੀ ਨੇ ਕਿਹਾ ਕਿ ਪਾਰਟੀ ਵਿਚ ਲੋਕਤੰਤਰ ਦੀ ਬਹਾਲੀ, ਮੈਂਬਰਸ਼ਿਪ ਮੁਹਿੰਮ, ਪਾਰਟੀ ਦੇ ਅੰਦਰ ਸੰਗਠਨਾਤਮਕ ਚੋਣਾਂ ਅਤੇ ਨੀਤੀਗਤ ਫੈਸਲੇ ਲੈਣ ਵਿਚ ਹਰ ਪੱਧਰ ’ਤੇ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਕੋਈ ਜਾਦੂ ਦੀ ਛੜੀ ਨਹੀਂ ਹੈ। ਇਹ ਕਾਂਗਰਸੀ ਨੇਤਾਵਾਂ ਨੂੰ ਵੇਖਣਾ ਹੈ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਵੇਂ ਕੰਮ ਕਰਨਾ ਹੈ।’’
ਲੀਡਰਸ਼ਿਪ ਦੇ ਸਵਾਲ ’ਤੇ ਸ਼ਰਮਿਸਠਾ ਨੇ ਕਿਹਾ, ‘‘ਇਸ ਦਾ ਜਵਾਬ ਕਾਂਗਰਸੀ ਨੇਤਾਵਾਂ ਨੇ ਦੇਣਾ ਹੈ। ਪਰ ਇਕ ਕਾਂਗਰਸ ਪੱਖੀ ਅਤੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਮੈਂ ਪਾਰਟੀ ਬਾਰੇ ਚਿੰਤਤ ਹਾਂ। ਅਤੇ ਬੇਸ਼ਕ ਸਮਾਂ ਆ ਗਿਆ ਹੈ ਕਿ ਲੀਡਰਸ਼ਿਪ ਲਈ ਗਾਂਧੀ-ਨਹਿਰੂ ਪਰਵਾਰ ਤੋਂ ਬਾਹਰ ਵੇਖਿਆ ਜਾਵੇ।’’
ਕਾਂਗਰਸ ਸਮਰਥਕ ਹੋਣ ਦੇ ਨਾਤੇ ਪਾਰਟੀ ਤੋਂ ਉਮੀਦਾਂ ਬਾਰੇ ਸ਼ਰਮਿਸਠਾ ਨੇ ਕਿਹਾ, ‘‘ਕਾਂਗਰਸ ਨੂੰ ਆਤਮ-ਨਿਰੀਖਣ ਕਰਨਾ ਚਾਹੀਦਾ ਹੈ ਕਿ ਕੀ ਉਹ ਅੱਜ ਸੱਚਮੁੱਚ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾ ਰਹੀ ਹੈ? ਬਹੁਲਵਾਦ, ਧਰਮ ਨਿਰਪੱਖਤਾ, ਸਹਿਣਸ਼ੀਲਤਾ, ਸਮਾਵੇਸ਼ੀ, ਪ੍ਰਗਟਾਵੇ ਦੀ ਆਜ਼ਾਦੀ, ਜੋ ਕਾਂਗਰਸ ਦੇ ਕੇਂਦਰ ’ਚ ਰਹੀ ਹੈ, ਕੀ ਉਨ੍ਹਾਂ ਨੂੰ ਅਮਲ ’ਚ ਲਿਆਂਦਾ ਜਾ ਰਿਹਾ ਹੈ?... ਇਨ੍ਹਾਂ ਸਵਾਲਾਂ ’ਤੇ ਕਾਂਗਰਸ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਉਹ ਅੱਜ ਸੱਚਮੁੱਚ ਪਾਰਟੀ ਦੀ ਵਿਚਾਰਧਾਰਾ ਦੇ ਇਨ੍ਹਾਂ ਮੁੱਖ ਸਿਧਾਂਤਾਂ ਨੂੰ ਕਾਇਮ ਰਖਦੀ ਹੈ। ਇਹ ਮੇਰਾ ਉਸ ਨੂੰ ਸਵਾਲ ਹੈ।’’
ਵਿਰੋਧੀ ਗੱਠਜੋੜ ‘ਇੰਡੀਆ’ ਬਾਰੇ ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਅਪਣੇ ਮੁੱਦਿਆਂ ਜਿਵੇਂ ਸੀਟਾਂ ਦੀ ਵੰਡ ਦੇ ਮੁੱਦਿਆਂ ਨੂੰ ਸੁਲਝਾਉਣ ਦੀ ਜ਼ਰੂਰਤ ਹੈ ਪਰ ਕੀ ਇਹ ਗੱਠਜੋੜ ਆਮ ਚੋਣਾਂ ਤਕ ਕਾਇਮ ਰਹੇਗਾ, ਮੈਂ ਇਸ ਦਾ ਜਵਾਬ ਨਹੀਂ ਦੇ ਸਕਦੀ। ਜਿੱਥੋਂ ਤਕ ਲੀਡਰਸ਼ਿਪ ਦਾ ਸਵਾਲ ਹੈ, ਗੱਠਜੋੜ ’ਚ ਬਹੁਤ ਸਾਰੇ ਸੀਨੀਅਰ ਨੇਤਾ ਹਨ, ਉਨ੍ਹਾਂ ਨੂੰ ਅਪਣੇ ਆਪ ਇਸ ਨੂੰ ਸੁਲਝਾਉਣਾ ਚਾਹੀਦਾ ਹੈ। ਮੈਂ ਇਸ ਦਾ ਜਵਾਬ ਨਹੀਂ ਦੇ ਸਕਦਾ।’’
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਵਲੋਂ ਰਾਸ਼ਟਰਪਤੀ ਅਹੁਦੇ ਲਈ ਪ੍ਰਣਬ ਮੁਖਰਜੀ ਦੀ ਉਮੀਦਵਾਰੀ ਦਾ ਵਿਰੋਧ ਕਰਨ ਦੇ ਵਰਤਾਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਜੇ.ਐਲ.ਐਫ. ਦੇ ਇਕ ਸੈਸ਼ਨ ਵਿਚ ਕਿਹਾ ਕਿ ਇਹ ਉਨ੍ਹਾਂ ਦੇ ਪਿਤਾ ਲਈ ਹਮੇਸ਼ਾ ਇਕ ਰਹੱਸ ਬਣਿਆ ਰਿਹਾ। ਅਪਣੀ ਕਿਤਾਬ ‘ਪ੍ਰਣਬ ਮਾਈ ਫਾਦਰ: ਏ ਡਾਟਰ ਰੀਮੇਂਬਰਸ’ ’ਚ ਉਹ ਲਿਖਦੇ ਹਨ ਕਿ ਪ੍ਰਣਬ ਮੁਖਰਜੀ ਨਾਲ ਮਮਤਾ ਬੈਨਰਜੀ ਦੇ ਰਿਸ਼ਤੇ ਬਹੁਤ ਦੋਸਤਾਨਾ ਸਨ ਪਰ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਮਮਤਾ ਨੇ ਉਨ੍ਹਾਂ ਦੀ ਉਮੀਦਵਾਰੀ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸ਼ਾਇਦ ਇਸ ਦਾ ਕਾਰਨ ਪਛਮੀ ਬੰਗਾਲ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਦਸਿਆ ਜਿਸ ’ਚ ਸੋਮੇਨ ਮਿੱਤਰਾ ਨੇ ਮਮਤਾ ਬੈਨਰਜੀ ’ਤੇ ਜਿੱਤ ਪ੍ਰਾਪਤ ਕੀਤੀ। ਮਮਤਾ ਨੇ ਅਪਣੀ ਹਾਰ ਲਈ ਪ੍ਰਣਬ ਮੁਖਰਜੀ ਨੂੰ ਜ਼ਿੰਮੇਵਾਰ ਮੰਨਿਆ।
ਦਿੱਲੀ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ਰਮਿਸਥਾ ਮੁਖਰਜੀ ਨੇ ਸਤੰਬਰ 2021 ’ਚ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕਰ ਦਿਤਾ ਸੀ ਕਿ ਉਹ ਕਾਂਗਰਸ ਦੀ ਪ੍ਰਾਇਮਰੀ ਮੈਂਬਰ ਬਣੀ ਰਹੇਗੀ।