ਮਾਇਆਵਤੀ ਵਲੋਂ ਰਾਜ ਸਭਾ ਤੋਂ ਅਸਤੀਫ਼ਾ
ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਨੇ ਅੱਜ ਰਾਜ ਸਭਾ ਤੋਂ ਇਹ ਕਹਿੰਦਿਆਂ ਅਸਤੀਫ਼ਾ ਦੇ ਦਿਤਾ ਕਿ ਸੱਤਾਧਾਰੀ ਭਾਜਪਾ ਦੇ ਮੈਂਬਰ ਉਨ੍ਹਾਂ ਨੂੰ ਸਦਨ ਵਿਚ ਦਬੇ-ਕੁਚਲੇ
ਨਵੀਂ ਦਿੱਲੀ, 18 ਜੁਲਾਈ : ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਨੇ ਅੱਜ ਰਾਜ ਸਭਾ ਤੋਂ ਇਹ ਕਹਿੰਦਿਆਂ ਅਸਤੀਫ਼ਾ ਦੇ ਦਿਤਾ ਕਿ ਸੱਤਾਧਾਰੀ ਭਾਜਪਾ ਦੇ ਮੈਂਬਰ ਉਨ੍ਹਾਂ ਨੂੰ ਸਦਨ ਵਿਚ ਦਬੇ-ਕੁਚਲੇ ਲੋਕਾਂ, ਖ਼ਾਸ ਤੌਰ 'ਤੇ ਦਲਿਤਾਂ ਦੇ ਮਸਲੇ ਉਠਾਉਣ ਤੋਂ ਰੋਕ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਮੈਂ ਸਦਨ ਵਿਚ ਸਹਾਰਨਪੁਰ ਦੇ ਸ਼ਬੀਰਪੁਰ ਪਿੰਡ ਵਿਚ ਦਲਿਤਾਂ 'ਤੇ ਜ਼ੁਲਮ ਦਾ ਮਸਲਾ ਉਠਾਉਣਾ ਚਾਹੁੰਦੀ ਸੀ ਪਰ ਤੁਸੀਂ ਵੇਖਿਆ ਕਿ ਕਿਸ ਤਰੀਕੇ ਨਾਲ ਸੱਤਾਧਾਰੀ ਧਿਰ ਦੇ ਮੈਂਬਰਾਂ ਅਤੇ ਇਥੋਂ ਤਕ ਕਿ ਮੰਤਰੀਆਂ ਨੇ ਮੈਨੂੰ ਬੋਲਣ ਨਾ ਦਿਤਾ। ਜਦੋਂ ਮੈਂ ਅਪਣੀ ਗੱਲ ਹੀ ਨਹੀਂ ਕਹਿ ਸਕਦੀ ਤਾਂ ਇਥੇ ਆਉਣ ਦੀ ਕੀ ਮਤਲਬ ਹੈ?'' ਮਾਇਆਵਤੀ ਨੇ ਕਿਹਾ, ''ਮੈਂ ਰਾਜ ਸਭਾ ਦੇ ਚੇਅਰਪਰਸਨ ਹਾਮਿਦ ਅੰਸਾਰੀ ਨੂੰ ਮਿਲੀ
ਅਤੇ ਅਪਣਾ ਅਸਤੀਫ਼ਾ ਸੌਂਪ ਦਿਤਾ।'' ਮਾਇਆਵਤੀ ਨੇ ਤਿੰਨ ਸਫ਼ਿਆਂ ਦਾ ਅਸਤੀਫ਼ਾ ਸੌਂਪਿਆ ਹੈ ਜੋ ਪ੍ਰਵਾਨ ਹੋਣ ਦੇ ਆਸਾਰ ਨਹੀਂ ਹਨ ਕਿਉਂਕਿ ਸੰਸਦ ਛੱਡ ਰਹੇ ਮੈਂਬਰਾਂ ਨੂੰ ਸਾਦੇ ਕਾਗਜ਼ 'ਤੇ ਬਗ਼ੈਰ ਸ਼ਰਤਾਂ ਤੋਂ ਅਤਸੀਫ਼ਾ ਲਿਖ ਕੇ ਦੇਣਾ ਹੁੰਦਾ ਹੈ। ਮਾਇਆਵਤੀ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਅਗਲੇ ਸਾਲ ਅਪ੍ਰੈਲ ਵਿਚ ਖ਼ਤਮ ਹੋ ਰਿਹਾ ਹੈ।
(ਏਜੰਸੀ)