ਮੋਦੀ ਦਾ ਮੰਤਰੀ ਪੀਯੂਸ਼ ਗੋਇਲ ਕਰਜ਼ਾ ਮਾਮਲੇ ਵਿਚ ਘਿਰਿਆ, ਕਾਂਗਰਸ ਨੇ ਮੰਗਿਆ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸੀ ਨੇਤਾਵਾਂ ਨੇ ਕਰਜ਼ਾ ਮਾਮਲੇ ਵਿਚ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਸਵਾਲ ਚੁਕਿਆ

Piyush Goyal,

ਨਰਿੰਦਰ ਮੋਦੀ ਸਰਕਾਰ ਦਾ ਮੰਤਰੀ ਪੀਯੂਸ਼ ਗੋਇਲਾ ਕਰਜ਼ਾ ਮਾਮਲੇ ਵਿਚ ਘਿਰ ਗਿਆ ਹੈ। ਕੇਂਦਰੀ ਮੰਤਰੀ ਵਿਰੁਧ ਨਿਜੀ ਫ਼ਰਮ ਸ਼ਿਰਡੀ ਇੰਡਸਟਰੀਜ਼ ਨਾਲ ਕਥਿਤ ਤੌਰ 'ਤੇ ਸਬੰਧ ਰੱਖਣ ਕਾਰਨ 'ਗ਼ਲਤ' ਵਿਹਾਰ ਅਤੇ ਹਿਤਾਂ ਦੇ ਟਕਰਾਅ' ਦਾ ਦੋਸ਼ ਲੱਗਾ ਹੈ। ਕਾਂਗਰਸ ਨੇ ਇਸ ਮਾਮਲੇ ਵਿਚ ਉਨ੍ਹਾਂ ਨੂੰ ਤੁਰਤ ਬਰਖ਼ਾਸਤ ਕਰਨ ਅਤੇ ਇਸ ਮਾਮਲੇ ਦੀ ਅਦਾਲਤ ਦੇ ਜੱਜ ਕੋਲੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ, ਵੀਰੱਪਾ ਮੋਇਲੀ ਅਤੇ ਪਵਨ ਖੇੜਾ ਨੇ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਚੁੱਪੀ 'ਤੇ ਸਵਾਲ ਚੁਕਿਆ। ਉਨ੍ਹਾਂ ਪੱਤਰਕਾਰ ਸੰਮੇਲਨ ਵਿਚ ਦੋਸ਼ ਲਾਇਆ ਕਿ ਗੋਇਲ 25 ਅਪ੍ਰੈਲ 2008 ਅਤੇ ਇਕ ਜੁਲਾਈ 2010 ਵਿਚਕਾਰ ਸ਼ਿਰਡੀ ਇੰਡਸਟਰੀਜ਼ ਦੇ ਪ੍ਰਧਾਨ ਅਤੇ ਨਿਰਦੇਸ਼ਕ ਸਨ। ਇਸੇ ਸਮੇਂ ਕੰਪਨੀ ਨੇ ਯੂਨੀਅਨ ਬੈਂਕ ਆਫ਼ ਇੰਡੀਆ ਦੀ ਪ੍ਰਧਾਨਗੀ ਵਾਲੇ ਬੈਂਕਾਂ ਦੇ ਗਠਜੋੜ ਤੋਂ 258.62 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਆਜ਼ਾਦ ਨੇ ਕਿਹਾ ਕਿ ਗੋਇਲ ਨੇ ਬਾਅਦ ਵਿਚ ਕੰਪਨੀ ਦੇ ਬੋਰਡ ਤੋਂ ਅਸਤੀਫ਼ਾ ਦੇ ਦਿਤਾ। 

ਫਿਰ ਕਰਜ਼ਾ ਲਾਹੁਣ ਵਿਚ ਅਸਮਰੱਥਾ ਕਾਰਨ ਕੰਪਨੀ ਨੂੰ ਬੀਮਾਰ ਐਲਾਨ ਦਿਤਾ। ਮੋਦੀ ਸਰਕਾਰ ਦੇ ਕੇਂਦਰ ਵਿਚ ਆਉਣ ਮਗਰੋਂ 651.87 ਕਰੋੜ ਰੁਪਏ ਦੇ ਬਕਾਇਆ ਕਰਜ਼ੇ ਵਿਚੋਂ 65 ਫ਼ੀ ਸਦੀ ਨੂੰ ਬੈਂਕਾਂ ਦੇ ਗਠਜੋੜ ਨੇ ਕਿਸੇ ਇਤਰਾਜ਼ ਬਿਨਾਂ, ਹੈਰਾਨੀਜਨਕ ਢੰਗ ਨਾਲ ਮਾਫ਼ ਕਰ ਦਿਤਾ। ਮੋਇਲੀ ਨੇ ਦਾਅਵਾ ਕੀਤਾ ਕਿ ਸ਼ਿਰਡੀ ਇੰਡਸਟਰੀਜ਼ ਦੀ ਸਹਾਇਕ ਫ਼ਰਮ ਆਸਿਸ ਇੰਡਸਟਰੀਜ਼ ਨੇ 2015-16 ਵਿਚ ਇੰਟਰਕਾਰਨ ਅਡਵਾਇਜ਼ਰਸ ਨੂੰ 1.59 ਕਰੋੜ ਰੁਪਏ ਦਾ ਕਰਜ਼ਾ ਦਿਤਾ। ਇੰਟਰਕਾਰਨ ਪੀਯੂਸ਼ ਗੋਇਲ ਦੀ ਪਤਨੀ ਸੀਮਾ ਗੋਇਲ ਦੀ ਭਾਈਵਾਲੀ ਵਾਲੀ ਕੰਪਨੀ ਹੈ। ਦਿਲਚਸਪ ਗੱਲ ਹੈ ਕਿ ਗੋਇਲ ਵੀ 15 ਸਤੰਬਰ 2005 ਤੋਂ 22 ਜੁਲਾਈ 2013 ਤਕ ਇਸ ਕੰਪਨੀ ਦੇ ਨਿਰਦੇਸ਼ਕ ਸਨ। (ਏਜੰਸੀ)