ਗੁਰਪਤਵੰਤ ਪੰਨੂ 'ਤੇ ਗਿਆਸਪੁਰਾ ਦਾ ਤਿੱਖਾ ਹਮਲਾ - "ਨਫਰਤ ਫੈਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ, ਪੰਨੂ ਨੂੰ ਸਿੱਖ ਧਰਮ ਨਾਲ ਜੋੜਨਾ ਗ਼ਲਤ!"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ - ਸਾਡੇ ਗੁਰੂਆਂ ਨੇ ਸਾਨੂੰ ਨਫਰਤ ਅਤੇ ਹਿੰਸਾ ਨਹੀਂ, 'ਸਰਬੱਤ ਦਾ ਭਲਾ' ਦਾ ਪਾਠ ਪੜਾਇਆ ਹੈ

Aam Aadmi Party (AAP) MLA Manwinder Singh Giaspur today press conference

ਚੰਡੀਗੜ੍ਹ: ਗਰਮਖਿਆਲੀ ਗੁਰਪਤਵੰਤ ਪੰਨੂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ 'ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਨਫ਼ਰਤ ਦੀ ਗੱਲ ਕਰਨ ਵਾਲਾ ਵਿਅਕਤੀ ਸਿੱਖ ਨਹੀਂ ਹੋ ਸਕਦਾ। 

ਗਿਆਸਪੁਰਾ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਨਫਰਤ ਤੇ ਹਿੰਸਾ ਦੀ ਗੱਲ ਕਰਨੀ ਨਹੀਂ ਸਿਖਾਈ। ਉਨ੍ਹਾਂ ਨੇ ਸਾਨੂੰ ‘ਸਰਬੱਤ ਦਾ ਭਲਾ’ ਦਾ ਪਾਠ ਪੜ੍ਹਾਇਆ ਹੈ। ਇਸ ਵਿਅਕਤੀ ਨੂੰ ਸਿੱਖ ਸਿਧਾਂਤਾਂ ਬਾਰੇ ਕੁਝ ਨਹੀਂ ਪਤਾ। ਉਹ ਅਕਲ ਤੋਂ ਅੰਨ੍ਹਾ ਆਦਮੀ ਹੈ। ਗੁਰਪਤਵੰਤ ਪੰਨੂ ਸਾਡੇ ਗੁਰੂ ਸਾਹਿਬਾਨ ਦੁਆਰਾ ਸਾਨੂੰ ਦਿੱਤੀਆਂ ਗਈਆਂ ਸਿੱਖਿਆਵਾਂ ਦੇ ਇੱਕ ਨੁਕਤੇ 'ਤੇ ਵੀ ਖਰਾ ਨਹੀਂ ਉੱਤਰਦਾ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਨਾ ਸਿਰਫ਼ ਦਲਿਤਾਂ ਨੂੰ ਸਗੋਂ ਔਰਤਾਂ ਸਮੇਤ ਸਾਰੇ ਲੋਕਾਂ ਨੂੰ ਮਹੱਤਵਪੂਰਨ ਸੰਵਿਧਾਨਕ ਅਧਿਕਾਰ ਦਿੱਤੇ। ਪਰ ਗੁਰਪਤਵੰਤ ਪੰਨੂੰ ਵਰਗੇ ਲੋਕ ਧਰਮ ਅਤੇ ਜਾਤ ਦੇ ਨਾਂ 'ਤੇ ਆਮ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ। ਪੰਜਾਬ ਅਜਿਹੇ ਲੋਕਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ ਅਸੀਂ ਗੁਰਪਤਵੰਤ ਪੰਨੂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਬਾਹਰ ਬੈਠ ਕੇ ਭੜਕਾਊ ਗੱਲਾਂ ਨਾ ਕਰੇ, ਜੇਕਰ ਹਿੰਮਤ ਹੈ ਤਾਂ ਪੰਜਾਬ ਆ ਕੇ ਇਹ ਗੱਲਾਂ ਕਹੇ। ਆਪ ਆਗੂ ਨੇ ਕਿਹਾ ਕਿ 14 ਤਰੀਕ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਸੂਬੇ ਭਰ ਵਿੱਚ ਉਨ੍ਹਾਂ ਦੇ ਬੁੱਤਾਂ ਦੀ ਰਾਖੀ ਲਾਠੀਆਂ ਅਤੇ ਝੰਡਿਆਂ ਨਾਲ ਕਰਾਂਗੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ। ਅਸੀਂ ਅਜਿਹੀ ਧਮਕੀਆਂ ਤੋਂ ਡਰਨ ਵਾਲੇ ਨਹੀਂ।

ਗਿਆਸਪੁਰਾ ਨੇ ਪੰਨੂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸੁਧਾਰ ਜਾਵੇ ਨਹੀਂ ਤਾਂ ਸਾਡਾ ਸਮਾਜ ਉਸ ਨਾਲ ਅਜਿਹਾ ਸਲੂਕ ਕਰੇਗਾ ਜੋ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਲੋਕ ਕਦੇ ਵੀ ਬਾਬਾ ਸਾਹਿਬ ਅੰਬੇਡਕਰ ਖ਼ਿਲਾਫ਼ ਗ਼ਲਤ ਟਿੱਪਣੀਆਂ ਨਹੀਂ ਕਰਦੇ ਅਤੇ ਕਿਸੇ ਖ਼ਿਲਾਫ਼ ਵੀ ਅਜਿਹੀਆਂ ਟਿੱਪਣੀਆਂ ਕਰਨਾ ਸਾਡਾ ਸਭਿਆਚਾਰ ਨਹੀਂ ਹੈ।

ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਗੁਰਪਤਵੰਤ ਪੰਨੂ ਵਰਗੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਇਹ ਲੋਕ ਇੱਥੋਂ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਹਿੰਸਾ ਦੀ ਅੱਗ ਵਿੱਚ ਧੱਕਦੇ ਹਨ।