ਬਿਹਾਰ ’ਚ ਪੁਲ ਡਿੱਗਣ ’ਤੇ ਨਿਤੀਸ਼ ਸਰਕਾਰ ਨੇ ਦਿਤੀ ਸਫ਼ਾਈ

ਏਜੰਸੀ

ਖ਼ਬਰਾਂ, ਰਾਜਨੀਤੀ

ਘਟਨਾ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਹਮਲਾ ਬੋਲਿਆ

Bhagalpur: A view of an under-construction bridge that collapsed on Sunday, in Bhagalpur, Monday, June 5, 2023. (PTI Photo)

ਖਗੜੀਆ/ਭਾਗਲਪੁਰ: ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ’ਚ ਐਤਵਾਰ ਸ਼ਾਮ ਨੂੰ ਗੰਗਾ ਨਦੀ ’ਤੇ ਉਸਾਰੀ ਅਧੀਨ ਇਕ ਪੁਲ ਢਹਿ ਗਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪੁਲ ਦੇ ਕੁਝ ਹਿੱਸਿਆਂ ਨੂੰ ਮਾਹਰਾਂ ਦੀ ਸਲਾਹ ਲੈ ਕੇ ਯੋਜਨਾਬੱਧ ਤਰੀਕੇ ਨਾਲ ਜਾਣਬੁਝ ਕੇ ਢਾਹ ਦਿਤਾ ਗਿਆ ਕਿਉਂਕਿ ਇਸ ਦੇ ਡਿਜ਼ਾਈਨ ’ਚ ਖ਼ਾਮੀਆਂ ਸਨ। 

ਭਾਗਲਪੁਰ ਨੂੰ ਖਗੜੀਆ ਜ਼ਿਲ੍ਹੇ ਨਾਲ ਜੋੜਨ ਵਾਲੇ ਅਗੁਵਾਨੀ-ਸੁਲਤਾਨਗੰਜ ਦੇ ਪੁਲ ਦੇ ਡਿੱਗਣ ਨਾਲ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। 
ਖਗੜੀਆ ’ਚ ਵਾਪਰੀ ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਹਮਲਾ ਬੋਲਿਆ ਸੀ ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਸੜਕ ਉਸਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪ੍ਰਤੀਏ ਅਮ੍ਰਿਤ ਨੇ ਜਲਦਬਾਜ਼ੀ ’ਚ ਪ੍ਰੈੱਸ ਕਾਨਫ਼ਰੰਸ ਕੀਤੀ। 

ਯਾਦਵ ਨੇ ਪੱਤਰਕਾਰਾਂ ਨੂੰ ਕਿਹਾ, ‘‘ਪਿਛਲੇ ਸਾਲ 30 ਅਪ੍ਰੈਲ ਨੂੰ ਇਸ ਪੁਲ ਦਾ ਇਕ ਹਿੱਸਾ ਢਹਿ ਗਿਆ ਸੀ। ਇਸ ਤੋਂ ਬਾਅਦ ਅਸੀਂ ਨਿਰਮਾਣ ਮਾਮਲਿਆਂ ’ਚ ਮਾਹਰ ਆਈ.ਆਈ.ਟੀ. ਰੁੜਕੀ ਨੂੰ ਇਕ ਅਧਿਐਨ ਕਰਨ ਲਈ ਸੰਪਰਕ ਕੀਤਾ। ਇਸ ਦੀ ਆਖ਼ਰੀ ਰੀਪੋਰਟ ਆਉਣੀ ਬਾਕੀ ਹੈ ਪਰ ਸੰਰਚਨਾ ਦਾ ਅਧਿਐਨ ਕਰਨ ਵਾਲੇ ਮਾਹਰਾਂ ਨੇ ਸਾਨੂੰ ਸੂਚਿਤ ਕੀਤਾ ਸੀ ਕਿ ਇਸ ’ਚ ਗੰਭੀਰ ਖ਼ਾਮੀਆਂ ਹਨ।’’

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸ ਪੁਲ ਦਾ ਇਕ ਹਿੱਸਾ ਹਨੇਰੀ ’ਚ ਢਹਿ ਗਿਆ ਸੀ। ਉਨ੍ਹਾਂ ਕਿਹਾ ਕਿ ਉਦੋਂ ਉਹ ਵਿਰੋਧੀ ਧਿਰ ’ਚ ਸਨ ਅਤੇ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁਕਿਆ ਸੀ। ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੇ ਜਾਂਚ ਦੇ ਹੁਕਮ ਦਿਤੇ ਅਤੇ ਮਾਹਰਾਂ ਦੀ ਸਲਾਹ ਮੰਗੀ ਸੀ। 

ਅਮ੍ਰਿਤ ਨੇ ਕਿਹਾ, ‘‘ਇਹ ਫ਼ੈਸਲਾ ਕੀਤਾ ਗਿਆ ਸੀ ਕਿ ਸਾਨੂੰ ਕੋਈ ਜੋਖਮ ਨਹੀਂ ਲੈਣਾ ਚਾਹੀਦਾ ਇਸ ਲਈ ਪੁਲ ਦੇ ਕੁਝ ਹਿੱਸਿਆਂ ਨੂੰ ਡੇਗਣ ਦਾ ਫ਼ੈਸਲਾ ਕੀਤਾ ਗਿਆ। ਅੱਜ ਦੀ ਘਟਨਾ ਅਜਿਹੀ ਹੀ ਇਕ ਕਵਾਇਦ ਦਾ ਹਿੱਸਾ ਸੀ।’’

ਅਮ੍ਰਿਤ ਨੇ ਇਹ ਵੀ ਕਿਹਾ ਕਿ ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਦਿਆ ਅਤੇ ਹਾਦਸੇ ’ਤੇ ਇਕ ਵਿਸਤ੍ਰਿਤ ਰੀਪੋਰਟ ਮੰਗੀ। 

ਉਨ੍ਹਾਂ ਕਿਹਾ ਕਿ ਆਖ਼ਰੀ ਰੀਪੋਰਟ ਆਉਣ ਤੋਂ ਬਾਅਦ ਸੂਬਾ ਸਰਕਾਰ ਉਸ ਕੰਪਨੀ ਨੂੰ ਕਾਲੀ ਸੂਚੀ ’ਚ ਪਾਉਣ ਅਤੇ ਐਫ਼.ਆਈ.ਆਰ. ਦਰਜ ਕਰਨ ਦੀ ਕਾਰਵਾਈ ਕਰੇਗੀ, ਜਿਸ ਨੂੰ ਪ੍ਰਾਜੈਕਟ ਦਾ ਠੇਕਾ ਦਿਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 1700 ਕਰੋੜ ਰੁਪਏ ਹੈ। 

ਭਾਜਪਾ ਦੇ ਬਿਹਾਰ ਇਕਾਈ ਦੇ ਪ੍ਰਧਾਨ ਸਮਰਾਟ ਚੌਧਰੀ ਨੇ ਕਿਹਾ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਨੀਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਦੇ ਸ਼ਾਸਨ ’ਚ ‘ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ’।