ਦੋ ਘੰਟੇ ਪਏ ਮੀਂਹ ਨੇ ਜਲਥਲ ਕੀਤਾ ਲੁਧਿਆਣਾ, ਸੜਕਾਂ 'ਤੇ ਘੁੰਮ ਰਿਹਾ ਕੈਮੀਕਲ ਵਾਲਾ ਪਾਣੀ : ਸਾਂਸਦ ਰਵਨੀਤ ਸਿੰਘ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ : ਸਵੀਮਿੰਗ ਪੂਲ ਬਣਿਆ ਪੂਰਾ ਸ਼ਹਿਰ, ਕੀ ਇਹੀ ਬਦਲਾਅ ਹੈ?

Punjab News

ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਸਾਡੀ ਪਾਰਟੀ ਵਲੋਂ ਕੀਤਾ ਜਾਵੇਗਾ ਵੱਡਾ ਐਕਸ਼ਨ : ਰਵਨੀਤ ਬਿੱਟੂ

ਲੁਧਿਆਣਾ (ਕੋਮਲਜੀਤ ਕੌਰ)  :
ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦਿਆਂ ਲੁਧਿਆਣਾ ਵਿਚ ਜਗ੍ਹਾ-ਜਗ੍ਹਾ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਅਜਿਹੇ ਹਾਲਾਤ ਬਾਰੇ ਬੋਲਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕਿਹਾ ਕਿ ਜਿਸ ਸ਼ਹਿਰ ਨੂੰ ਹਜ਼ਾਰਾਂ ਕਰੋੜ ਰੁਪਏ ਲਿਆ ਕੇ ਸਮਾਰਟ ਸ਼ਹਿਰ ਬਣਾਉਣ ਦਾ ਪਿਛਲੇ ਲੰਬੇ ਸਮੇਂ ਤੋਂ ਉਪਰਾਲਾ ਕੀਤਾ ਗਿਆ ਸੀ, ਉਸ ਸ਼ਹਿਰ ਦੇ ਅਜਿਹੇ ਹਾਲਾਤ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ 2022 ਤਕ ਸਾਡੀ ਸਰਕਾਰ ਸੀ ਅਤੇ ਸਾਡੇ ਮੇਅਰ ਅਤੇ ਕੌਂਸਲਰ ਜ਼ਮੀਨੀ ਪੱਧਰ 'ਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਸਨ ਪਰ ਹੁਣ ਉਥੇ ਸਾਡੀ ਸਰਕਾਰ ਨਹੀਂ ਹੈ ਤਾਂ ਮਹਿਜ਼ ਦੋ ਘੰਟੇ ਹੋਈ ਬਰਸਾਤ ਨੇ ਲੁਧਿਆਣਾ ਦਾ ਇਹ ਹਾਲ ਕਰ ਦਿਤਾ ਹੈ। ਉਨ੍ਹਾਂ ਦਸਿਆ ਕਿ ਥੋੜੇ ਸਮੇਂ ਲਈ ਹੋਈ ਬਾਰਿਸ਼ ਕਾਰਨ ਹੀ ਕਈ ਜਗ੍ਹਾ 'ਤੇ ਸੜਕਾਂ ਬਹਿ ਗਈਆਂ ਹਨ ਅਤੇ ਜਿਸ ਇਲਾਕੇ ਵਿਚ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਸੀ ਉਥੇ ਅਜੇ ਵੀ ਕੈਮੀਕਲ ਵਾਲਾ ਪਾਣੀ ਸੜਕਾਂ 'ਤੇ ਘੁੰਮ ਰਿਹਾ ਹੈ। ਇਸ ਜ਼ਹਿਰੀਲੇ ਪਾਣੀ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ।

ਸਾਂਸਦ ਰਵਨੀਤ ਬਿੱਟੂ ਨੇ ਦਸਿਆ ਕਿ ਸਰਕਟ ਹਾਊਸ, ਲੁਧਿਆਣਾ ਦਾ ਪੌਸ਼ ਇਲਾਕਾ ਅਤੇ ਹੋਰ ਥਾਵਾਂ ਜਿਥੇ ਉਸਾਰੀ ਆਦਿ ਚੱਲ  ਰਹੀ ਹੈ ਉਥੇ ਆਵਾਜਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਵੱਡੀ ਰਕਮ ਖ਼ਰਚ ਕੇ ਜੋ ਵਿਕਾਸ ਕਾਰਜ ਕਰਵਾਏ ਸਨ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੈ ਕਿਉਂਕਿ ਉਥੇ ਕਿਸੇ ਵੀ ਕਿਸਮ ਦੀ ਸਫਾਈ ਨਹੀਂ ਕਰਵਾਈ ਜਾਂਦੀ। ਮੋਮੀ ਲਿਫ਼ਾਫ਼ੇ ਅਤੇ ਹੋਰ ਕਚਰੇ ਨਾਲ ਸੀਵਰੇਜ ਭਰੇ ਹੋਏ ਹਨ ਅਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਸੜਕਾਂ ਜਲ-ਥਲ ਹੋਈਆਂ ਪਈਆਂ ਹਨ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਜ਼ਮੀਨ ਹੇਠਾਂ ਜਾਣ ਵਾਲੇ ਪਾਣੀ ਦੀ ਮੁੜ ਵਰਤੋਂ ਲਈ ਬਣਾਏ ਗਏ ਵੈੱਲ ਬੰਦ ਪਏ ਹਨ।

ਇਹ ਵੀ ਪੜ੍ਹੋ: ਮੀਤ ਹੇਅਰ ਵਲੋਂ ਚਾਈਨਾ ਡੋਰ ਦੀ ਪਾਬੰਦੀ ਦੇ ਆਦੇਸ਼ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼

ਰਵਨੀਤ ਸਿੰਘ ਬਿੱਟੂ ਨੇ ਕਿਹਾ, ''ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਨ੍ਹਾਂ ਦਾ ਇਕ ਵੀ ਵਲੰਟੀਅਰ ਦਿਖਾਈ ਨਹੀਂ ਦੇ ਰਿਹਾ ਪਰ ਚੋਣਾਂ ਵੇਲੇ ਕੇਜਰੀਵਾਲ ਦੀ ਚਿੱਟੀ ਟੋਪੀ ਜਾਂ ਭਗਤ ਸਿੰਘ ਦੀਆਂ ਪੱਗਾਂ ਬੰਨ੍ਹ ਕੇ ਫਿਰਦੇ ਸਨ। ਲੁਧਿਆਣਾ ਇਕ ਸਵੀਮਿੰਗ ਪੂਲ ਬਣਿਆ ਹੋਇਆ ਹੈ ਪਰ ਅੱਜ 'ਆਪ' ਦਾ ਕੋਈ ਵੀ ਵਰਕਰ ਦਿਖਾਈ ਨਹੀਂ ਦੇ ਰਿਹਾ।''

ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਸਾਡੀ ਪਾਰਟੀ ਵਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ ਕਿਉਂਕਿ ਲੁਧਿਆਣਾ ਸ਼ਹਿਰ ਵਿਚ ਅਜਿਹੀ ਸਥਿਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ,''ਥੋੜਾ ਸਮਾਂ ਮੀਂਹ ਪੈਣ ਕਾਰਨ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਪਹੁੰਚ ਗਿਆ ਹੈ ਕੀ ਇਹੀ ਰਿਵਾਇਤੀ ਪਾਰਟੀਆਂ ਤੋਂ ਹਟ ਕੇ ਬਦਲਾਅ ਕੀਤਾ ਜਾ ਰਿਹਾ ਹੈ? ਲੁਧਿਆਣਾ ਦਾ ਮਸ਼ਹੂਰ ਚੌੜਾ ਬਾਜ਼ਾਰ ਪਾਣੀ ਨਾਲ ਭਰਿਆ ਹੋਇਆ ਹੈ ਜਿਸ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਵੀ ਨਹੀਂ ਖੋਲ੍ਹ ਸਕੇ।'' ਸਾਂਸਦ ਬਿੱਟੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਸ਼ਹਿਰ ਦਾ ਹਾਲ ਸੁਧਾਰਨ ਲਈ ਕਦਮ ਚੁੱਕੇ ਜਾਣ।