‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਉਣ ਤੋਂ ‘ਰੋਕਣ’ ਨੂੰ ਲੈ ਕੇ ਕਾਂਗਰਸ ਆਗੂ ਵਿਵਾਦਾਂ ’ਚ ਘਿਰੀ

ਏਜੰਸੀ

ਖ਼ਬਰਾਂ, ਰਾਜਨੀਤੀ

‘ਭਾਰਤ ਮਾਤਾ ਦੀ ਜੈ’ ਦੇ ਨਾਹਰੇ ਤੋਂ ਨਫ਼ਰਤ ਕਿਉਂ ਕਰਦੀ ਹੈ ਕਾਂਗਰਸ : ਭਾਜਪਾ ਪ੍ਰਧਾਨ ਨੱਢਾ

Aradhna Mishra

ਜੈਪੁਰ/ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਅਤੇ ਰਾਜਸਥਾਨ ਵਿਧਾਨ ਸਭਾ ਚੋਣ ਲਈ ਕਾਂਗਰਸ ਦੀ ਅਬਜ਼ਰਵਰ ਆਰਾਧਨਾ ਮਿਸ਼ਰਾ ਉਸ ਸਮੇਂ ਵਿਵਾਦਾਂ ’ਚ ਘਿਰ ਗਈ ਜਦੋਂ ਉਨ੍ਹਾਂ ਨੇ ਇਥੇ ਇਕ ਬੈਠਕ ’ਚ ਪਾਰਟੀ ਮੈਂਬਰਾਂ ਨੂੰ ‘ਭਾਰਤ ਮਾਤਾ ਦੀ ਜੈ’ ਦਾ ਨਾਹਰਾ ਲਾਉਣ ਤੋਂ ਕਥਿਤ ਤੌਰ ’ਤੇ ਰੋਕ ਦਿਤਾ। 

ਹਾਲਾਂਕਿ, ਮਿਸ਼ਰਾ ਨੇ ਇਸ ਦੋਸ਼ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਅਕਤੀ ਵਿਸ਼ੇਸ਼ ਦੇ ਹੱਕ ’ਚ ਨਾਹਰਾ ਲਾਉਣ ਤੋਂ ਕਾਰਕੁਨਾਂ ਨੂੰ ਰੋਕਿਆ ਸੀ। 
ਜੈਪੁਰ ਦੇ ਆਦਰਸ਼ ਨਗਰ ਬਲਾਕ ਦੀ ਸੋਮਵਾਰ ਨੂੰ ਹੋਈ ਇਕ ਬੈਠਕ ਦੌਰਾਨ ਪਾਰਟੀ ਅਬਜ਼ਰਵਰ ਆਰਾਧਨਾ ਮਿਸ਼ਰਾ ਅਤੇ ਸ਼ਹਿਰ ਪਾਰਟੀ ਪ੍ਰਧਾਨ ਆਰ.ਆਰ. ਤਿਵਾਰੀ ਸਾਹਮਣੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰੀ ਨੂੰ ਲੈ ਕੇ ਕਾਂਗਰਸ ਕਾਰਕੁਨਾਂ ਦੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਈ ਸੀ। 

ਹੰਗਾਮੇ ਵਿਚਕਾਰ ਵੱਖੋ-ਵੱਖ ਧਿਰਾਂ ਦੇ ਆਗੂਆਂ ਦੇ ਹੱਕ ’ਚ ਨਾਹਰੇਬਾਜ਼ੀ ਤੋਂ ਮਿਸ਼ਰਾ ਨਾਰਾਜ਼ ਹੋ ਗਈ। ਉਨ੍ਹਾਂ ਕਾਰਕੁਨਾਂ ਨੂੰ ਸਲਾਹ ਕਿਤੀ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਦੇ ਹੱਕ ’ਚ ਨਾਹਰੇ ਨਹੀਂ ਲਾਏਗਾ। ਇਸ ’ਤੇ ਕਾਰਕੁਨ ‘ਭਾਰਤ ਮਾਤਾ ਦੀ ਜੈ’ ਦੇ ਨਾਹਰੇ ਲਾਉਣ ਲੱਗੇ। ਮਿਸ਼ਰਾ ਨੇ ਦਖ਼ਲ ਦਿੰਦਿਆਂ ਕਿਹਾ, ‘‘ਜੇ ਤੁਹਾਨੂੰ ਨਾਹਰੇ ਲਾਉਣ ਦਾ ਸ਼ੌਕ ਹੀ ਹੈ ਤਾਂ ਕਾਂਗਰਸ ਜ਼ਿੰਦਾਬਾਦ ਦੇ ਨਾਹਰੇ ਲਾਉ।’’

ਉਧਰ ਇਸ ਮਸਲੇ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ‘ਭਾਰਤ ਮਾਤਾ ਦੀ ਜੈ’ ਦੇ ਨਾਹਰੇ ਤੋਂ ਉਹ ਨਫ਼ਰਤ ਕਿਉਂ ਕਰਦੀ ਹੈ। ਨੱਢਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਕਾਂਗਰਸ ਨੂੰ ਦੇਸ਼ ਦੇ ਮਾਣ ਨਾਲ ਜੁੜੇ ਹਰ ਵਿਸ਼ੇ ਤੋਂ ਏਨਾ ਇਤਰਾਜ਼ ਕਿਉਂ ਹੈ? ਭਾਰਤ ਜੋੜੋ ਦੇ ਨਾਂ ’ਤੇ ਸਿਆਸੀ ਸਫ਼ਰ ਕਰਨ ਵਾਲਿਆਂ ਨੂੰ ‘ਭਾਰਤ ਮਾਤਾ ਦੀ ਜੈ’ ਦੇ ਨਾਹਰੇ ਤੋਂ ਨਫ਼ਰਤ ਕਿਉਂ ਹੈ? ਸਪੱਸ਼ਟ ਹੈ ਕਿ ਕਾਂਗਰਸ ਦੇ ਮਨ ’ਚ ਨਾ ਦੇਸ਼ ਪ੍ਰਤੀ ਮਾਣ ਹੈ ਅਤੇ ਨਾ ਹੀ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਪ੍ਰਤੀ ਕੋਈ ਮਾਣ ਹੈ। ਉਸ ਨੂੰ ਸਿਰਫ਼ ਇਕ ਪ੍ਰਵਾਰ ਦੇ ਗੁਣਗਾਨ ਨਾਲ ਮਤਲਬ ਹੈ।’’ 

ਮਿਸ਼ਰਾ ਉੱਤਰ ਪ੍ਰਦੇਸ਼ ਦੇ ਰਾਮਪੁਰ ਖਾਸ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਵਿਧਾਇਕ ਹਨ ਅਤੇ ਪਾਰਟੀ ਦੇ ਸੀਨੀਅਰ ਆਗੂ ਪ੍ਰਮੋਦ ਤਿਵਾਰੀ ਦੀ ਪੁੱਤਰੀ ਹਨ। ਘਟਨਾ ਦਾ ਇਕ ਵੀਵੀੜੁ ਵੀ ਸਾਹਮਣੇ ਆਇਆ ਹੈ ਜਿਸ ’ਚ ਕੁਝ ਕਾਰਕੁਨ ‘ਭਾਰਤ ਮਾਤਾ ਦੀ ਜੈ’ ਦੇ ਨਾਹਰੇ ਲਾਉਂਦੇ ਅਤੇ ਕੁਝ ਹੰਗਾਮਾ ਕਰਦੇ ਦਿਸ ਰਹੇ ਹਨ।

ਵਿਵਾਦ ’ਤੇ ਸਫ਼ਾਈ ਦਿੰਦਿਆਂ ਮਿਸ਼ਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਕਾਰਕੁਨਾਂ ਨੂੰ ਸਿਰਫ਼ ਵਿਅਕਤੀ ਵਿਸ਼ੇਸ਼ ਦੇ ਹੱਕ ’ਚ ਨਾਹਰੇ ਨਾ ਲਾਉਣ ਲਈ ਕਿਹਾ ਸੀ। 

ਮਿਸ਼ਰਾ ਨੇ ਕਿਹਾ, ‘‘ਏ.ਆਈ.ਸੀ.ਸੀ. ਦੇ ਅਬਰਜ਼ਰਵਰ ਦੇ ਰੂਪ ’ਚ ਮੈਂ ਕਾਰਕੁਨਾਂ ਨੂੰ ਕਿਸੇ ਵੀ ਵਿਅਕਤੀ ਦੇ ਹੱਕ ’ਚ ਨਾਹਰੇ ਲਾਉਣ ਤੋਂ ਰੋਕਿਆ ਸੀ ਅਤੇ ਕਿਹਾ ਸੀ ਕਿ ਸਿਰਫ਼ ਪਾਰਟੀ ਦੇ ਹੱਕ ’ਚ ਨਾਹਰੇ ਲਾਏ ਜਾ ਸਕਦੇ ਹਨ। ਕਿਸੇ ਵੀ ਗੱਲ ਨੂੰ ਗ਼ਲਤ ਤਰੀਕੇ ਨਾਲ ਅਤੇ ਮਨਮਰਜ਼ੀ ਵਾਲੇ ਤਰੀਕੇ ਨਾਲ ਛਾਪ ਦੇਣਾ... ਮੈਨੂੰ ਲਗਦਾ ਹੈ ਕਿ ਇਹ ਬਿਲਕੁਲ ਬੇਤੁਕੀ ਗੱਲ ਹੈ। ਇਸ ਨਾਲ ਕੋਈ ਫ਼ਰਕ ਪੈਣ ਵਾਲਾ ਨਹੀਂ ਹੈ।’’

ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸੁਭਾਵਕਤ ਹੈ ਕਿ ਉਮੀਦਵਾਰੀ ਲਈ ਬਿਨੈ ਕਰਨ ਸਮੇਂ ਹਮਾਇਤੀ ਅਜਿਹੀਆਂ ਬੈਠਕਾਂ ’ਚ ਅਪਣੇ ਆਗੂਆਂ ਦੇ ਹੱਕ ’ਚ ਨਾਹਰੇ ਲਾਉਂਦੇ ਹਨ।