ਦੇਸ਼ ਦੀ ਮੌਜੂਦਾ ਸਥਿਤੀ ਬ੍ਰਿਟਿਸ਼ ਰਾਜ ਵਰਗੀ ਹੈ : ਪ੍ਰਿਯੰਕਾ
ਕਿਹਾ, ਬਿਹਾਰ ’ਚ ਐਨ.ਡੀ.ਏ. ਵੋਟ ਚੋਰੀ ਰਾਹੀਂ ਸਰਕਾਰ ਬਣਾਉਣਾ ਚਾਹੁੰਦੀ ਹੈ
ਬੇਤੀਆ (ਬਿਹਾਰ) : ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ਕਿਹਾ ਕਿ ਦੇਸ਼ ਦੀ ਮੌਜੂਦਾ ਸਥਿਤੀ ਬ੍ਰਿਟਿਸ਼ ਰਾਜ ਵਰਗੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਐਨ.ਡੀ.ਏ. ਬਿਹਾਰ ’ਚ ਵੋਟ ਚੋਰੀ ਰਾਹੀਂ ਸਰਕਾਰ ਬਣਾਉਣਾ ਚਾਹੁੰਦੀ ਹੈ ਅਤੇ ਦਾਅਵਾ ਕੀਤਾ ਕਿ ਸਰ ਰਾਹੀਂ ਔਰਤਾਂ ਸਮੇਤ 65 ਲੱਖ ਲੋਕਾਂ ਦੇ ਨਾਮ ਵੋਟਰ ਸੂਚੀਆਂ ਤੋਂ ਹਟਾ ਦਿਤੇ ਗਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ਐਨ.ਡੀ.ਏ. ਵੋਟਾਂ ਦੀ ਚੋਰੀ ਕਰ ਰਹੀ ਹੈ ਕਿਉਂਕਿ ਉਹ ਇਸ ਤੱਥ ਤੋਂ ਜਾਣੂ ਹੈ ਕਿ ਲੋਕ ਇਸ ਦੇ 20 ਸਾਲਾਂ ਦੇ ਸ਼ਾਸਨ ਤੋਂ ਤੰਗ ਆ ਚੁਕੇ ਹਨ।
ਪਛਮੀ ਚੰਪਾਰਨ ਜ਼ਿਲ੍ਹੇ ਦੇ ਵਾਲਮੀਕਿ ਨਗਰ ਅਤੇ ਚਨਪਤੀਆ ਵਿਚ ਲਗਾਤਾਰ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਦੇਸ਼ ਦੀ ਮੌਜੂਦਾ ਸਥਿਤੀ ਬ੍ਰਿਟਿਸ਼ ਰਾਜ ਵਰਗੀ ਹੈ ਅਤੇ ਸ਼ੱਕ ਪ੍ਰਗਟਾਇਆ ਕਿ ਕੀ ਦੇਸ਼ ਵਿਚ ਭਵਿੱਖ ਵਿਚ ਚੋਣਾਂ ਹੁੰਦੀਆਂ ਰਹਿਣਗੀਆਂ? ਵਾਡਰਾ ਨੇ ਰੈਲੀ ਵਿਚ ਸ਼ਾਮਲ ਲੋਕਾਂ ਨੂੰ ਕਿਹਾ, ‘‘ਮੇਰੇ ਭਰਾ ਰਾਹੁਲ ਨੇ ਅੱਜ ਹਰਿਆਣਾ ’ਚ ਵੋਟਾਂ ਦੀ ਚੋਰੀ ਦਾ ਹਿਸਾਬ ਦਿਤਾ। ਐਨ.ਡੀ.ਏ. ਸੱਭ ਕੁੱਝ ਤਬਾਹ ਕਰ ਦੇਵੇਗਾ। ਇਹ ਸਪੱਸ਼ਟ ਨਹੀਂ ਹੈ ਕਿ ਭਵਿੱਖ ਵਿਚ ਚੋਣਾਂ ਹੋਣਗੀਆਂ ਜਾਂ ਨਹੀਂ। ਤੁਸੀਂ ਚੁੱਪ ਕਿਉਂ ਹੋ? ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕੱਢੋ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਵਿੰਨ੍ਹਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਹ ਅਪਰਾਧ ਅਤੇ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਅਤੇ ਨੌਜੁਆਨਾਂ ਨੂੰ ਸਿੱਖਿਅਤ ਕਰਨ ਦੀ ਬਜਾਏ ਕਾਂਗਰਸ ਦੇ ਪੋਸਟਰ ਤੋਂ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਦੀ ਤਸਵੀਰ ਦੀ ਗੈਰਹਾਜ਼ਰੀ ਬਾਰੇ ਵਧੇਰੇ ਚਿੰਤਤ ਜਾਪਦੇ ਹਨ, ਜਦਕਿ ਮੋਦੀ ਖੁਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਿਆਸੀ ਰੈਲੀਆਂ ਦੇ ਮੰਚਾਂ ਉਤੇ ਅਪਣੇ ਨਾਲ ਨਹੀਂ ਰਖਦੇ।
ਕਾਂਗਰਸੀ ਨੇਤਾ ਨੇ ਕਿਹਾ ਕਿ ਜੇ ‘ਇੰਡੀਆ’ ਗਠਜੋੜ ਸੱਤਾ ਵਿਚ ਆਉਂਦਾ ਹੈ ਤਾਂ ਬਿਹਾਰ ਦੇ ਲੋਕਾਂ ਨੂੰ 25 ਲੱਖ ਰੁਪਏ ਤਕ ਦਾ ਮੁਫਤ ਇਲਾਜ ਮਿਲੇਗਾ। ਉਨ੍ਹਾਂ ਕਿਹਾ, ‘‘ਅਸੀਂ ਹਰ ਗਰੀਬ ਪਰਵਾਰ ਨੂੰ ਘੱਟੋ-ਘੱਟ ਇਕ ਸਰਕਾਰੀ ਨੌਕਰੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਵੱਖ-ਵੱਖ ਵਿਭਾਗਾਂ ’ਚ ਲੱਖਾਂ ਅਸਾਮੀਆਂ ਭਰਾਂਗੇ।’’