ਰਾਜ ਸਭਾ ’ਚ ਦੇਸ਼ ਦੀ ਆਰਥਕ ਸਥਿਤੀ ’ਤੇ ਤਿੱਖੀ ਚਰਚਾ, ਵਿਰੋਧੀ ਧਿਰ ਨੇ ਆਰਥਕ ਸਥਿਤੀ ਨੂੰ ਚਿੰਤਾਜਨਕ ਦਸਿਆ
ਭਾਰਤ ਵਿਸ਼ਵ ਅਰਥਵਿਵਸਥਾ ਦਾ ਨੇਤਾ ਬਣ ਰਿਹਾ ਹੈ: ਭਾਜਪਾ
- ਭਾਜਪਾ ਦੇ ਸੁਧਾਂਸ਼ੂ ਤ੍ਰਿਵੇਦੀ ਨੇ ਦੇਸ਼ ਦੀਆਂ ਆਰਥਕ ਪ੍ਰਾਪਤੀਆਂ ਨੂੰ ਰਾਮ ਮੰਦਰ ਮੁਹਿੰਮ ਨਾਲ ਜੋੜਿਆ
- ਸਰਕਾਰ ਦੇ ਆਰਥਕ ਵਿਕਾਸ ਦੇ ਦਾਅਵਿਆਂ ਦਾ ਜ਼ਮੀਨੀ ਪੱਧਰ ’ਤੇ ਅਸਰ ਕਿਉਂ ਨਹੀਂ ਹੁੰਦਾ: ਚਿਦੰਬਰਮ
ਨਵੀਂ ਦਿੱਲੀ: ਵਿਰੋਧੀ ਧਿਰ ਨੇ ਮੰਗਲਵਾਰ ਨੂੰ ਰਾਜ ਸਭਾ ’ਚ ਦਾਅਵਾ ਕੀਤਾ ਕਿ ਦੇਸ਼ ਦੇ ਆਰਥਕ ਵਿਕਾਸ ਤੋਂ ਸਿਰਫ ਅਮੀਰਾਂ ਨੂੰ ਹੀ ਫਾਇਦਾ ਹੋਇਆ ਹੈ ਅਤੇ ਵਿਕਾਸ ‘ਸਰਬ-ਸਮਾਵੇਸ਼ੀ’ ਹੋਣਾ ਚਾਹੀਦਾ ਹੈ ਨਾ ਕਿ ਵੰਡਪਾਊ। ਦੂਜੇ ਪਾਸੇ ਸੱਤਾਧਾਰੀ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵੱਖ-ਵੱਖ ਨੀਤੀਆਂ ਕਾਰਨ ਹੋਏ ਵਿਕਾਸ ਕਾਰਨ ਦੁਨੀਆਂ ਦੀਆਂ ਵੱਡੀਆਂ ਏਜੰਸੀਆਂ ਵੀ ਕਹਿਣ ਲੱਗੀਆਂ ਹਨ ਕਿ ਭਾਰਤ ਵਿਸ਼ਵ ਅਰਥਵਿਵਸਥਾ ਦੇ ‘ਲੀਡਰ’ ਵਜੋਂ ਉੱਭਰ ਰਿਹਾ ਹੈ।
ਤ੍ਰਿਣਮੂਲ ਕਾਂਗਰਸ ਦੇ ਮੈਂਬਰ ਡੇਰੇਕ ਓ ਬ੍ਰਾਇਨ ਨੇ ਰਾਜ ਸਭਾ ’ਚ ‘ਦੇਸ਼ ਦੀ ਆਰਥਕ ਸਥਿਤੀ’ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਅਰਥਵਿਵਸਥਾ ਨੂੰ ਕਿਵੇਂ ਵੇਖਦੇ ਹੋ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਸ਼ੇਅਰ ਬਾਜ਼ਾਰ ਨੂੰ ਵੇਖੋ ਤਾਂ ਅਰਬਪਤੀ ਦੇ ਨਜ਼ਰੀਏ ਤੋਂ ਅਰਥਵਿਵਸਥਾ ਬਹੁਤ ਚੰਗੀ ਹੈ। ਅਸੀਂ ਅਰਬਪਤੀਆਂ ਦੇ ਵਿਰੁਧ ਨਹੀਂ ਹਾਂ। ਭਾਰਤ ’ਚ ਤਿੰਨ ਸਾਲ ਪਹਿਲਾਂ 142 ਤੋਂ ਅਰਬਪਤੀਆਂ ਦੀ ਗਿਣਤੀ ਵਧ ਕੇ 169 ਹੋ ਗਈ ਹੈ। ਜੇਕਰ ਤੁਸੀਂ ਅਰਥਵਿਵਸਥਾ ਨੂੰ ਭਾਰਤ ਦੇ ਸਭ ਤੋਂ ਅਮੀਰ ਇਕ ਫੀ ਸਦੀ ਲੋਕਾਂ ਦੇ ਨਜ਼ਰੀਏ ਤੋਂ ਵੇਖੋ, ਜਿਨ੍ਹਾਂ ਕੋਲ ਦੇਸ਼ ਦੀ 40 ਫੀ ਸਦੀ ਦੌਲਤ ਹੈ ਤਾਂ ਸਥਿਤੀ ਬਹੁਤ ਚੰਗੀ ਹੈ।’’ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੇ ਨਜ਼ਰੀਏ ਤੋਂ ਅਰਥਵਿਵਸਥਾ ਚੰਗੀ ਸਥਿਤੀ ’ਚ ਹੈ ਕਿਉਂਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਜੀ.ਡੀ.ਪੀ. ਵਾਧਾ ਦਰ 7.6 ਫੀਸਦੀ ਰਹੀ।
ਤ੍ਰਿਣਮੂਲ ਕਾਂਗਰਸ ਦੇ ਨੇਤਾ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਦੇ ਕਿਸੇ ਵੀ ਪਰਿਵਾਰ ਨੂੰ ਨਜ਼ਰੀਏ ਤੋਂ ਵੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ 2014 ਤੋਂ 2023 ਦੇ ਵਿਚਕਾਰ ਚੌਲਾਂ ਦੀ ਕੀਮਤ ’ਚ 56 ਫੀ ਸਦੀ, ਕਣਕ ਦੀ ਕੀਮਤ ’ਚ 59 ਫੀ ਸਦੀ, ਦੁੱਧ ’ਚ 61 ਫੀ ਸਦੀ, ਟਮਾਟਰ ਦੀ ਕੀਮਤ ’ਚ 115 ਫੀ ਸਦੀ, ਅਰਹਰ ਦੀ ਦਾਲ ’ਚ 120 ਫੀ ਸਦੀ ਦਾ ਵਾਧਾ ਹੋਇਆ ਹੈ।
ਜਦਕਿ ਚਰਚਾ ’ਚ ਹਿੱਸਾ ਲੈਂਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੁਧਾਂਸ਼ੂ ਤ੍ਰਿਵੇਦੀ ਨੇ ਮੌਜੂਦਾ ਵਿਸ਼ਵ ਦ੍ਰਿਸ਼ ’ਚ ਅਮਰੀਕਾ ਅਤੇ ਚੀਨ ਵਰਗੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੀ ਹੌਲੀ ਵਿਕਾਸ ਦਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵੱਖ-ਵੱਖ ਨੀਤੀਆਂ ਕਾਰਨ ਹੋਏ ਵਿਕਾਸ ਕਾਰਨ ਹੁਣ ਦੁਨੀਆਂ ਦੀਆਂ ਪ੍ਰਮੁੱਖ ਏਜੰਸੀਆਂ ਇਹ ਕਹਿਣ ਲੱਗੀਆਂ ਹਨ ਕਿ ਭਾਰਤ ਵਿਸ਼ਵ ਅਰਥਵਿਵਸਥਾ ਦੇ ‘ਲੀਡਰ’ ਵਜੋਂ ਉੱਭਰ ਰਿਹਾ ਹੈ। ਤ੍ਰਿਵੇਦੀ ਨੇ ਦੇਸ਼ ਦੇ ਆਰਥਕ ਵਿਕਾਸ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਦੀ ਮੁਹਿੰਮ ਨਾਲ ਜੋੜਿਆ ਅਤੇ ਕਿਹਾ ਕਿ ਜਦੋਂ ਵੀ ਇਸ ਦਿਸ਼ਾ ’ਚ ਕੋਈ ਤਰੱਕੀ ਹੋਈ ਹੈ, ਦੇਸ਼ ਨੇ ਨਵੀਆਂ ਆਰਥਕ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਤ੍ਰਿਵੇਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਝਦੇ ਹਨ ਕਿ ਪੈਸਾ ਕਿਸ ਤਰੀਕੇ ਨਾਲ ਖਰਚ ਕੀਤਾ ਜਾਣਾ ਚਾਹੀਦਾ ਹੈ। ਧਰਮ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ‘ਧਨਤ ਧਰਮ: ਤੱਤ ਸੁਖਮ’ ਦਾ ਮਤਲਬ ਹੈ ਦੌਲਤ ਉਹ ਹੈ ਜੋ ਧਰਮ ਦੇ ਮਾਰਗ ਰਾਹੀਂ ਖਰਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਧਰਮ ਨੂੰ ਖਤਮ ਕਰਨ ਦਾ ਸੰਕਲਪ ਲੈਂਦੇ ਹਨ, ਉਨ੍ਹਾਂ ਲਈ ਦੌਲਤ ਵੀ ਆਫ਼ਤ ਬਣ ਜਾਂਦੀ ਹੈ ਅਤੇ ਉਹ ਸੁਹਾਵਣਾ ਬਣਨ ਦੇ ਰਸਤੇ ’ਤੇ ਚੱਲਣ ਤੋਂ ਅਸਮਰੱਥ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਜਿਹੀ ਰਣਨੀਤੀ ਬਣਾਈ ਹੈ ਕਿ ਆਰਥਕ ਸੰਕਟ ਜੋ ਹੁਣ ਜਾਇਦਾਦ ਵੱਲ ਵਧਦਾ ਨਜ਼ਰ ਆ ਰਿਹਾ ਹੈ।
ਜਦਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਪੁੱਛਿਆ ਕਿ ਇਸ ਦਾ ਅਸਰ ਜ਼ਮੀਨੀ ਪੱਧਰ ’ਤੇ ਕਿਉਂ ਨਹੀਂ ਵਿਖਾਈ ਦੇ ਰਿਹਾ, ਜਦੋਂ ਕਿ ਉਹ ਦਾਅਵਾ ਕਰਦੀ ਹੈ ਕਿ ਭਾਰਤੀ ਅਰਥਵਿਵਸਥਾ ਦੁਨੀਆਂ ’ਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਚਿਦੰਬਰਮ ਨੇ ਕਿਹਾ, ‘‘ਅਸੀਂ ਇਕ ਵੱਡੀ ਅਰਥਵਿਵਸਥਾ ਹਾਂ, ਅਸੀਂ ਤੇਜ਼ੀ ਨਾਲ ਵਿਕਾਸ ਕਰ ਰਹੇ ਹਾਂ, ਅਸੀਂ ਇਨੋਵੇਟਰ ਹਾਂ, ਸਾਡੇ ਦੇਸ਼ ’ਚ ਸਭ ਤੋਂ ਜ਼ਿਆਦਾ ਸਿੱਧਾ ਵਿਦੇਸ਼ੀ ਨਿਵੇਸ਼ ਮਿਲ ਰਿਹਾ ਹੈ ਪਰ ਇਹ ਜ਼ਮੀਨ ’ਤੇ ਕਿਉਂ ਨਹੀਂ ਵਿਖਾਈ ਦੇ ਰਿਹਾ?’’ ਉਨ੍ਹਾਂ ਕਿਹਾ ਕਿ ਭਾਜਪਾ ਹੁਣ ਹਰ ਸਾਲ ਦੋ ਕਰੋੜ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਗੱਲ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਉਹ ਹੁਣ ਚੋਣ ਜੁਮਲਾ ਨਹੀਂ ਦੁਹਰਾਉਂਦੇ।’’
ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੀ ਯੋਜਨਾ ਦੀ ਮਿਆਦ ਹਾਲ ਹੀ ’ਚ ਵਧਾ ਦਿਤੀ ਗਈ ਸੀ। ਇਹ ਦਰਸਾਉਂਦਾ ਹੈ ਕਿ ਵਿਕਾਸ ਦੇ ਸਾਰੇ ਦਾਅਵਿਆਂ ਦੇ ਬਾਵਜੂਦ, 80 ਕਰੋੜ ਲੋਕ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਮਿੱਤਲ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਜੀਡੀਪੀ ਦਾ 3.5 ਪ੍ਰਤੀਸ਼ਤ ਸਿੱਖਿਆ ’ਤੇ ਖਰਚ ਕੀਤਾ ਜਾਂਦਾ ਹੈ, ਜਿਸ ਨੂੰ ਵਧਾ ਕੇ ਪੰਜ ਫ਼ੀ ਸਦੀ ਜਾਂ ਇਸ ਤੋਂ ਵੱਧ ਕੀਤਾ ਜਾਣਾ ਚਾਹੀਦਾ ਹੈ।