Lok Sabha Elections: ਕਾਂਗਰਸ ਵਿਚ ਸ਼ਾਮਲ ਹੋ ਸਕਦੇ ਨੇ ਸਿਮਰਜੀਤ ਬੈਂਸ! ਲੁਧਿਆਣਾ ਤੋਂ ਉਮੀਦਵਾਰ ਬਣਾਉਣ ਦੀ ਵੀ ਚਰਚਾ
ਸੂਤਰਾਂ ਅਨੁਸਾਰ ਅੱਜ ਬੈਂਸ ਵਲੋਂ ‘ਆਪ’ ਸੁਪਰੀਮੋ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ।
Lok Sabha Elections: ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਵਲੋਂ ਦਲ-ਬਦਲੀਆਂ ਦਾ ਦੌਰਾ ਜਾਰੀ ਹੈ। ਇਸ ਵਿਚਾਲੇ ਖ਼ਬਰਾਂ ਹਨ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਕਾਂਗਰਸ ਵਿਚ ਐਂਟਰੀ ਹੋ ਸਕਦੀ ਹੈ। ਸੂਤਰਾਂ ਅਨੁਸਾਰ ਸਿਮਰਜੀਤ ਸਿੰਘ ਬੈਂਸ ਵਲੋਂ ਕਾਂਗਰਸ ਹਾਈਕਮਾਂਡ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਨੇ ਬੈਂਸ ਨੂੰ ਟਿਕਟ ਦੇਣ ਬਾਰੇ ਸ਼ਹਿਰ ਦੇ 9 ਸਥਾਨਕ ਇੰਚਾਰਜਾਂ ਤੋਂ ਵੀ ਰਾਏ ਲਈ ਹੈ। ਦਰਅਸਲ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਕਾਂਗਰਸ ਦਾ ਮਜ਼ਬੂਤ ਚਹਿਰਾ ਮੰਨੇ ਜਾਂਦੇ ਸਨ ਪਰ ਬੀਤੇ ਦਿਨੀਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ, ਉਨ੍ਹਾਂ ਨੂੰ ਭਾਜਪਾ ਨੇ ਲੁਧਿਆਣਾ ਤੋਂ ਉਮੀਦਵਾਰ ਵੀ ਐਲਾਨ ਦਿਤਾ ਹੈ।
ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਕਾਂਗਰਸ ਅੱਜ ਬੈਂਸ ਨੂੰ ਉਮੀਦਵਾਰ ਐਲਾਨ ਸਕਦੀ ਹੈ। ਸਿਆਸੀ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਪੰਜਾਬ 'ਚ ਸੂਬਾ ਪੱਧਰ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀ ਗੱਲ ਦੋਵੇਂ ਪਾਰਟੀਆਂ ਦੇ ਸੁਪਰੀਮੋ ਕਰ ਰਹੇ ਹਨ। ਸੂਤਰਾਂ ਅਨੁਸਾਰ ਅੱਜ ਬੈਂਸ ਵਲੋਂ ‘ਆਪ’ ਸੁਪਰੀਮੋ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ 2019 ਵਿਚ ਸਿਮਰਜੀਤ ਸਿੰਘ ਬੈਂਸ ਨੂੰ 3,07423 ਵੋਟਾਂ ਮਿਲੀਆਂ ਸਨ, ਜਦਕਿ ਬਿੱਟੂ ਨੂੰ 383,795 ਵੋਟਾਂ ਮਿਲੀਆਂ ਸਨ। ਇਸ ਵੇਲੇ ਲੁਧਿਆਣੇ ਵਿਚ ਕਾਂਗਰਸ ਵਿਚ ਬਿੱਟੂ ਦੇ ਮੁਕਾਬਲੇ ਸਿੱਖ ਚਿਹਰੇ ਵਾਲਾ ਕੋਈ ਵੀ ਆਗੂ ਨਹੀਂ ਹੈ ਜੋ ਸਟੇਜ ’ਤੇ ਗਰਜ ਸਕੇ। ਇਹ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਜੇਕਰ ਕਾਂਗਰਸ ਬੈਂਸ ਨੂੰ ਟਿਕਟ ਦਿੰਦੀ ਹੈ ਤਾਂ ਕਾਂਗਰਸ ਨੂੰ ਸਿੱਖ ਬੁਲਾਰਾ ਵੀ ਮਿਲੇਗਾ। ਸਿਮਰਜੀਤ ਸਿੰਘ ਬੈਂਸ ਜਾਂ ਉਨ੍ਹਾਂ ਦੀ ਪਾਰਟੀ ਨੇ ਫਿਲਹਾਲ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ 10 ਜੁਲਾਈ 2021 ਨੂੰ ਥਾਣਾ ਡਵੀਜ਼ਨ ਨੰਬਰ 6 ਵਿਚ ਬੈਂਸ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੀੜਤ ਔਰਤ ਨੇ ਸਾਬਕਾ ਵਿਧਾਇਕ ਬੈਂਸ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਬੈਂਸ ਖਿਲਾਫ ਧਾਰਾ 376, 354, 354-ਏ, 506 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਬੈਂਸ ਸਾਲ 2009 ਵਿਚ ਤਹਿਸੀਲਦਾਰ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਨਾਲ ਕੁੱਟਮਾਰ ਦੇ ਕੇਸ ਵਿਚ ਕਰੀਬ ਛੇ ਮਹੀਨੇ ਜੇਲ ਵਿਚ ਰਹਿ ਚੁੱਕੇ ਹਨ।
ਸਿਮਰਨਜੀਤ ਸਿੰਘ ਮਾਨ ਨਾਲ ਅਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸਿਮਰਜੀਤ ਸਿੰਘ ਬੈਂਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ 'ਤੇ ਅਕਾਲੀ ਦਲ 'ਚ ਕਈ ਇਲਜ਼ਾਮ ਲੱਗਦੇ ਰਹੇਨ। ਬੈਂਸ ਖ਼ਿਲਾਫ਼ ਤਹਿਸੀਲਦਾਰ ਦੇ ਦਫ਼ਤਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਸੀ।
ਅਕਾਲੀ ਦਲ ਵਲੋਂ ਉਨ੍ਹਾਂ ਨੂੰ ਚੋਣ ਟਿਕਟ ਨਾ ਦੇਣ ਤੋਂ ਨਾਰਾਜ਼ ਹੋ ਕੇ ਉਨ੍ਹਾਂ ਪਾਰਟੀ ਛੱਡ ਦਿਤੀ। ਬਾਅਦ ਵਿਚ ਸਿਰਮਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਆਜ਼ਾਦ ਚੋਣ ਲੜੀ ਅਤੇ ਜਿੱਤੇ। ਪਿਛਲੀਆਂ ਚੋਣਾਂ ਵਿਚ ਬੈਂਸ ਨੇ ਲੋਕ ਇਨਸਾਫ ਪਾਰਟੀ ਬਣਾਈ ਸੀ ਅਤੇ ਆਮ ਆਦਮੀ ਪਾਰਟੀ ਨਾਲ ਵੀ ਗਠਜੋੜ ਕੀਤਾ ਸੀ ਪਰ ਉਹ ਸਿਰਫ਼ 2 ਸੀਟਾਂ ਹੀ ਬਚਾ ਸਕੇ ਸਨ। ਬੈਂਸ ਨੇ 2022 ਵਿਚ ਇਕੱਲੇ ਹੀ ਚੋਣ ਲੜੀ ਸੀ, ਪਰ ਸਾਰੀਆਂ ਸੀਟਾਂ ਹਾਰ ਗਏ ਸਨ।