‘ਇੰਡੀਆ’ ਗੱਠਜੋੜ ’ਚ ਕੋਈ ਮਤਭੇਦ ਨਹੀਂ’, ਤੇਜਸਵੀ ਯਾਦਵ ਨਾਲ ਮੁਲਾਕਾਤ ਮਗਰੋਂ ਬੋਲੇ ਬਿਹਾਰ ਕਾਂਗਰਸ ਪ੍ਰਧਾਨ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਨੇਤਾਵਾਂ ਦੀ ਤੁਲਨਾ ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਬਦਨਾਮ ਜਨਰਲ ਡਾਇਰ ਨਾਲ ਕੀਤੀ

Rajesh Kumar.

ਪਟਨਾ : ਬਿਹਾਰ ਕਾਂਗਰਸ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨਾਲ ਮੁਲਾਕਾਤ ਕੀਤੀ। ਕੁਮਾਰ ਨੇ ਏਕਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘‘ਮਤਭੇਦ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਇਕਜੁੱਟ ਹਾਂ ਅਤੇ ਮਿਲ ਕੇ ਐਨ.ਡੀ.ਏ. ਨੂੰ ਹਰਾਵਾਂਗੇ।’’ ਉਨ੍ਹਾਂ ਨੇ ਬਿਹਾਰ ਅਤੇ ਦੇਸ਼ ਨੂੰ ਬਚਾਉਣ ਲਈ ਐਨ.ਡੀ.ਏ. ਨਾਲ ਮਿਲ ਕੇ ਲੜਨ ਦੇ ‘ਇੰਡੀਆ’ ਗੱਠਜੋੜ ਦੇ ਸੰਕਲਪ ’ਤੇ ਚਾਨਣਾ ਪਾਇਆ। ਕਾਂਗਰਸ ਵਿਧਾਇਕ ਦਲ ਦੇ ਨੇਤਾ ਸ਼ਕੀਲ ਅਹਿਮਦ ਖਾਨ ਨੇ ਤੇਜਸਵੀ ਯਾਦਵ ਨੂੰ ਵਿਰੋਧੀ ਧਿਰ ਦਾ ਚਿਹਰਾ ਦਸਦਿਆਂ ਕਿਹਾ ਕਿ ਉਹ ਸਾਰੀਆਂ ਵਿਰੋਧੀ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। 

ਖਾਨ ਨੇ ਵਕਫ (ਸੋਧ) ਬਿਲ ਨੂੰ ਲੈ ਕੇ ਐਨ.ਡੀ.ਏ. ਨੇਤਾਵਾਂ ਦੀ ਆਲੋਚਨਾ ਕੀਤੀ ਅਤੇ ਭਾਜਪਾ ਨੇਤਾਵਾਂ ਦੀ ਤੁਲਨਾ ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਬਦਨਾਮ ਜਨਰਲ ਡਾਇਰ ਨਾਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਅਨਪੜ੍ਹ ਅਤੇ ਅਸੱਭਿਅਕ ਨੇਤਾਵਾਂ ਨਾਲ ਭਰੀ ਪਾਰਟੀ ਹੈ। ਕੁਮਾਰ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਕ ਸੰਯੁਕਤ ਮੋਰਚਾ ਯਕੀਨੀ ਬਣਾਉਣ ਲਈ ਵੋਟਰਾਂ ਨਾਲ ਨਿਯਮਤ ਮੀਟਿੰਗਾਂ ਲਈ ਬਲਾਕ ਦੀ ਵਚਨਬੱਧਤਾ ਦੁਹਰਾਈ।