Politics News: ਕਾਂਗਰਸ ਦੀ ਸ਼ਿਕਾਇਤ 'ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਅਮਿਤ ਮਾਲਵੀਆ ਤੇ ਵਿਜੇਂਦਰ ਵਿਰੁਧ ਮਾਮਲਾ ਦਰਜ; ਜਾਣੋ ਪੂਰਾ ਮਾਮਲਾ
ਭਾਜਪਾ ਆਗੂਆਂ ਵਿਰੁਧ ਇਹ ਐਫਆਈਆਰ ਇਕ ਸੋਸ਼ਲ ਮੀਡੀਆ ਪੋਸਟ ਦੇ ਸਬੰਧ ਵਿਚ ਦਰਜ ਕੀਤੀ ਗਈ ਹੈ।
Politics News: ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਅਤੇ ਕਰਨਾਟਕ ਇਕਾਈ ਦੇ ਮੁਖੀ ਬੀਵਾਈ ਵਿਜੇਂਦਰ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਆਗੂਆਂ ਵਿਰੁਧ ਇਹ ਐਫਆਈਆਰ ਇਕ ਸੋਸ਼ਲ ਮੀਡੀਆ ਪੋਸਟ ਦੇ ਸਬੰਧ ਵਿਚ ਦਰਜ ਕੀਤੀ ਗਈ ਹੈ।
ਸਮਾਚਾਰ ਏਜੰਸੀ ਪੀਟੀਆਈ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਵਿਸ਼ੇਸ਼ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਕਥਿਤ ਤੌਰ 'ਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਮੈਂਬਰਾਂ ਨੂੰ ਧਮਕੀ ਦੇਣ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਸਬੰਧ ਵਿਚ ਇਨ੍ਹਾਂ ਨੇਤਾਵਾਂ ਦੇ ਵਿਰੁਧ ਐਫਆਈਆਰ ਦਰਜ ਕੀਤੀ ਗਈ ਹੈ।
ਇਹ ਕਾਰਵਾਈ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਵਲੋਂ ਚੋਣ ਕਮਿਸ਼ਨ ਅਤੇ ਪੁਲਿਸ ਕੋਲ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਦੀ ਸ਼ਿਕਾਇਤ ਕਰਨ ਤੋਂ ਬਾਅਦ ਕੀਤੀ ਗਈ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਭਾਜਪਾ ਨੇਤਾਵਾਂ ਵਿਰੁਧ ਲੋਕ ਪ੍ਰਤੀਨਿਧਤਾ ਕਾਨੂੰਨ ਦੀਆਂ ਧਾਰਾਵਾਂ ਅਤੇ ਭਾਰਤੀ ਦੰਡਾਵਲੀ ਦੀ ਧਾਰਾ 505 (2) (ਵੱਖ-ਵੱਖ ਵਰਗਾਂ ਵਿਚਕਾਰ ਦੁਸ਼ਮਣੀ ਅਤੇ ਨਫਰਤ ਨੂੰ ਉਤਸ਼ਾਹਤ ਕਰਨ ਵਾਲੇ ਬਿਆਨ ਦੇਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਵਿਚ, ਕੇਪੀਸੀਸੀ ਨੇ ਕਰਨਾਟਕ ਪ੍ਰਦੇਸ਼ ਭਾਜਪਾ ਦੇ ਅਧਿਕਾਰਤ ਖਾਤੇ ਤੋਂ ਪੋਸਟ ਕੀਤੇ ਇਕ ਵੀਡੀਉ ਦਾ ਹਵਾਲਾ ਦਿਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਖਾਤਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਸੂਬਾ ਪ੍ਰਧਾਨ ਬੀਵਾਈ ਵਿਜੇਂਦਰ ਦੇ ਨਿਰਦੇਸ਼ਾਂ ’ਤੇ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਵਲੋਂ ਚਲਾਇਆ ਜਾਂਦਾ ਹੈ।
ਕਾਂਗਰਸ ਨੇ ਇਲਜ਼ਾਮ ਲਗਾਇਆ, 'ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਉਸ ਵੀਡੀਉ 'ਚ ਰਾਹੁਲ ਗਾਂਧੀ ਅਤੇ (ਮੁੱਖ ਮੰਤਰੀ) ਸਿੱਧਰਮਈਆ ਦੇ ਐਨੀਮੇਟਿਡ ਕਿਰਦਾਰ ਦਿਖਾਏ ਗਏ ਹਨ। ਕੇਪੀਸੀਸੀ ਨੇ ਸ਼ਿਕਾਇਤ ਕੀਤੀ ਹੈ ਕਿ ਮੁਲਜ਼ਮਾਂ ਦੀ ਕਾਰਵਾਈ ਜਾਣਬੁੱਝ ਕੇ ਦੰਗੇ ਭੜਕਾਉਣ ਅਤੇ ਵੱਖ-ਵੱਖ ਧਰਮਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਦਾ ਉਦੇਸ਼ ਕਿਸੇ ਵਿਸ਼ੇਸ਼ ਉਮੀਦਵਾਰ ਨੂੰ ਵੋਟ ਨਾ ਦੇਣ ਲਈ SC/ST ਭਾਈਚਾਰੇ ਦੇ ਮੈਂਬਰਾਂ ਨੂੰ ਡਰਾਉਣਾ ਹੈ ਅਤੇ ਇਸ ਭਾਈਚਾਰੇ ਦੇ ਮੈਂਬਰਾਂ ਵਿਰੁਧ ਦੁਸ਼ਮਣੀ ਪੈਦਾ ਕਰਨਾ ਹੈ’।
(For more Punjabi news apart from Congress files a complaint against BJP national president JP Nadda and other, stay tuned to Rozana Spokesman)