ਵੱਡੇ ਬਾਦਲ ਨਾਲ ਹੁਣ ਕੋਈ ਰਿਸ਼ਤਾ ਨਹੀਂ : ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

'ਅਕਾਲੀ ਦਲ ਦੇ ਮਾੜੇ ਹਸ਼ਰ ਲਈ ਸੁਖਬੀਰ ਹੀ ਨਹੀਂ ਵੱਡਾ ਬਾਦਲ ਵੀ ਬਰਾਬਰ ਦਾ ਜ਼ਿੰਮੇਵਾਰ'

Sukhdev Dhindsa

ਚੰਡੀਗੜ੍ਹ, 5 ਜੁਲਾਈ (ਨੀਲ ਭਲਿੰਦਰ ਸਿੰਘ) : ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕਹਿ ਦਿਤਾ ਹੈ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੁਣ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਹੀਂ ਰਿਹਾ। ਉਨ੍ਹਾਂ ਇਹ ਵੀ ਐਲਾਨ ਕੀਤਾ ਹੈ ਕਿ ਉਹ ਭਵਿੱਖ ਵਿਚ ਕਦੇ ਵੀ ਬਾਦਲ ਪਰਵਾਰ ਨਾਲ ਜਾਂ ਉਨ੍ਹਾਂ ਦੀ ਪਾਰਟੀ ਨਾਲ ਕੋਈ ਸਿਆਸੀ ਸਾਂਝ ਨਹੀਂ ਪਾਉਣਗੇ, ਫਿਰ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਸਥਿਤੀ ਹੀ ਕਿਉਂ ਨਾ ਹੋਵੇ।

ਉਨ੍ਹਾਂ ਕਿਹਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਹੀ ਸਨ ਜਿਨ੍ਹਾਂ ਨੇ ਪੁੱਤਰ ਮੋਹ ਵਿਚ ਫਸ ਕੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਬਣਾ ਕੇ ਅਕਾਲੀ ਸਿਧਾਂਤਾਂ ਨੂੰ ਛਿੱਕੇ ਟੰਗ ਦਿਤਾ ਸੀ। ਸਵਾਲਾਂ ਦੇ ਜਵਾਬ ਦਿੰਦਿਆਂ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦਾ 2017 ਵਿਧਾਨ ਸਭਾ ਚੋਣਾਂ ਤੋਂ ਜ਼ਿਆਦਾ ਮਾੜਾ ਹਸ਼ਰ ਕਦੇ ਵੀ ਨਹੀਂ ਹੋਇਆ ਤੇ ਕੁਰਬਾਨੀਆਂ ਨਾਲ ਬਣੀ ਇਸ ਪਾਰਟੀ ਦੇ ਇਸ ਹਸ਼ਰ ਲਈ 'ਸੁਖਬੀਰ ਐਂਡ ਪਾਰਟੀ' ਦੇ ਨਾਲ-ਨਾਲ ਵੱਡੇ ਬਾਦਲ ਵੀ ਬਰਾਬਰ ਦੇ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਕਈ ਵੱਡੇ ਨੇਤਾ ਸਾਡੇ ਨਾਲ ਆਉਣ ਲਈ ਤਿਆਰ ਬੈਠੇ ਹਨ, ਉਹ ਸਿਰਫ਼ ਸੱਤ ਜੁਲਾਈ ਦੀ ਲੁਧਿਆਣਾ ਬੈਠਕ ਦੇ ਨਵੀਂ ਸਿਆਸੀ ਪਾਰਟੀ ਬਾਰੇ ਐਲਾਨ ਨਾਮੇ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ 2022 ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸੱਭ ਨਾਲ ਮਸ਼ਵਰੇ ਤੋਂ ਬਾਅਦ ਹੋਵੇਗਾ। ਉਨ੍ਹਾਂ ਟਕਸਾਲੀ ਅਕਾਲੀ ਦਲ ਨਾਲ ਤਾਜ਼ਾ ਉਤਪੰਨ ਹੋਏ ਅੰਸ਼ਕ ਵਖਰੇਵੇਂ ਨੂੰ ਬਹੁਤਾ ਤੂਲ ਨਾ ਦਿੰਦਿਆਂ ਕਿਹਾ ਕਿ ਸੰਭਾਵੀ ਤੀਜੇ ਗਠਜੋੜ ਵਿਚ ਬਾਦਲ ਦਲ ਅਤੇ ਕਾਂਗਰਸ ਪਾਰਟੀ ਤੋਂ ਬਗੈਰ ਸਾਰੀਆਂ ਸਿਆਸੀ ਧਿਰਾਂ ਦਾ ਸਵਾਗਤ ਹੈ।

ਬ੍ਰਹਮਪੁਰਾ ਨੇ ਮੀਡੀਆ ਤੋਂ ਬਣਾਈ ਅੰਸ਼ਕ ਦੂਰੀ, ਬੇਵਜ੍ਹਾ ਵੱਖਰੇਵੇਂ ਪੈਦਾ ਹੋ ਰਹੇ ਹੋਣ ਦਾ ਖਦਸ਼ਾ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਕਰਤਾ-ਧਰਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਰਗਰਮ ਮੀਡੀਆ ਤੋਂ ਇਨ੍ਹੀ ਦਿਨੀਂ ਅੰਸ਼ਕ ਦੂਰੀ ਬਣਾ ਲਈ ਹੈ। ਪਰੰਪਰਾ ਦੇ ਨੇੜਲੇ ਸੂਤਰਾਂ ਮੁਤਾਬਕ ਇਸ ਦਾ ਕਾਰਨ ਪਿਛਲੇ ਕੁੱਝ ਇਕ ਦਿਨਾਂ ਤੋਂ ਟਕਸਾਲੀ ਅਕਾਲੀ ਦਲ ਖ਼ਾਸਕਰ ਸੁਖਦੇਵ ਸਿੰਘ ਢੀਂਡਸਾ ਨਾਲ ਰਿਸ਼ਤਿਆਂ ਨੂੰ ਲੈ ਕੇ ਹੋ ਰਹੀ ਰੀਪੋਰਟਿੰਗ ਤੋਂ ਬ੍ਰਹਮਪੁਰਾ ਕਾਫ਼ੀ ਖਫ਼ਾ ਅਤੇ ਨਿਰਾਸ਼ ਦੱਸੇ ਜਾ ਰਹੇ ਹਨ। ਇਨ੍ਹੀਂ ਦਿਨੀਂ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਜਥੇਦਾਰ ਬ੍ਰਹਮਪੁਰਾ ਦਾ ਮੰਨਣਾ ਹੈ ਕਿ ਮੀਡੀਆ ਦਾ ਇੱਕ ਹਿਸਾ ਉਨ੍ਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਜਾ ਸਹੀ ਰੂਪ ਵਿਚ ਪੇਸ਼ ਨਹੀਂ ਕਰ ਸਕ ਰਿਹਾ। ਜਿਸ ਕਾਰਨ ਉਨ੍ਹਾਂ ਅਤੇ ਢੀਂਡਸਾ ਵਿਚਕਾਰ ਬੇਲੋੜੀ ਦੂਰੀ ਤੇ ਕੁੜੱਤਣ ਪਨਪੀ ਹੈ।

ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਤੋਂ ਦਿਤਾ ਅਸਤੀਫ਼ਾ, ਹੁਣ ਢੀਂਡਸਾ ਨਾਲ
ਕਾਂਗਰਸੀ ਆਗੂ ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿਤਾ ਹੈ। ਹੁਣ ਉਹ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਤੁਰਨਗੇ। ਦਸਣਯੋਗ ਹੈ ਕਿ ਸੰਧੂ ਨੇ 2012 'ਚ ਅਕਾਲੀ ਦਲ ਦੀ ਟਿਕਟ ਉੱਤੇ ਸਨੌਰ ਹਲਕੇ ਤੋਂ ਚੋਣ ਵੀ ਲੜੀ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਪਰਵਾਰ ਨੇ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਘਨੌਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਿਰੁਧ ਚੋਣ ਲੜੀ। ਲੋਕ ਸਭਾ ਚੋਣਾਂ ਵੇਲੇ ਸੰਧੂ ਪਰਵਾਰ ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ ਅਤੇ ਪਟਿਆਲਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਬੀਬੀ ਪ੍ਰਨੀਤ ਕੌਰ ਦੀ ਡਟ ਕੇ ਮਦਦ ਕੀਤੀ ਸੀ।