ਮੋਹਨ ਭਾਗਵਤ ਵੱਲੋਂ ਰੁਜ਼ਗਾਰ ਬਾਰੇ ਦਿੱਤੇ ਭਾਸ਼ਣ ਦਾ ਲਾਲੂ ਨੇ ਕਰ ਦਿੱਤਾ 'ਪੋਸਟ ਮਾਰਟਮ'

ਏਜੰਸੀ

ਖ਼ਬਰਾਂ, ਰਾਜਨੀਤੀ

ਸੰਘ ਨੂੰ ਦੱਸਿਆ ਮਹਾਝੂਠੀ, ਮਹਾਕਪਟੀ ਪਾਠਸ਼ਾਲਾ

Lalu Prasad Yadav On RSS Chief Mohan Bhagwat

 

ਪਟਨਾ- ਬਿਹਾਰ ਦੇ ਸੱਤਾਧਾਰੀ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਸੰਘ ਦੇ ਦੁਸਹਿਰਾ ਸਮਾਗਮ 'ਚ ਦਿੱਤੇ ਭਾਸ਼ਣ ਦੌਰਾਨ ਸਵੈ-ਰੁਜ਼ਗਾਰ ਦੀ ਵਕਾਲਤ ਕਰਨ ਰਾਸ਼ਟਰੀ ਸਵੈਮ ਸੇਵਕ ਸੰਘ ਮੁਖੀ ਮੋਹਨ ਭਾਗਵਤ 'ਤੇ ਸ਼ਬਦੀ ਹਮਲਾ ਬੋਲਿਆ। ਲਾਲੂ ਨੇ ਟਵੀਟ ਕਰਕੇ ਕਿਹਾ, "ਆਰਐੱਸਐੱਸ ਦੀ ਠੱਗ ਵਿੱਦਿਆ 'ਚ ਨਿਪੁੰਨ, ਅਤੇ ਸੰਘ ਦੀ ਮਹਾਝੂਠੀ, ਮਹਾਕਪਟੀ ਪਾਠਸ਼ਾਲਾ ਤੋਂ ਨਿੱਕਲੇ ਜੁਮਲੇਬਾਜ਼ ਵਿਦਿਆਰਥੀ ਹੀ ਸਾਲਾਨਾ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਵੋਟਾਂ ਬਟੋਰਦੇ ਹਨ।"

ਲਾਲੁ ਨੇ ਅੱਗੇ ਕਿਹਾ, "ਜਦੋਂ ਆਰਐਸਐਸ-ਭਾਜਪਾ ਆਪਣੀਆਂ ਹੀ ਫ਼ਿਜ਼ੂਲ ਦੀਆਂ ਗੱਲਾਂ ਵਿੱਚ ਫ਼ਸਦੀ ਹੈ, ਤਾਂ ਨਫ਼ਰਤ ਫ਼ੈਲਾਉਣ ਵਾਲੇ ਬਿਨਾਂ ਪੁੱਛੇ ਗਿਆਨ ਸਾਂਝਾ ਕਰਨ ਲਈ ਚਲੇ ਆਉਂਦੇ ਹਨ।"

ਮੋਹਨ ਭਾਗਵਤ ਨੇ ਨਾਗਪੁਰ 'ਚ ਸੰਘ ਵੱਲੋਂ ਆਯੋਜਿਤ ਦੁਸਹਿਰਾ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਕਿਹਾ ਸੀ, ''ਰੁਜ਼ਗਾਰ ਦਾ ਮਤਲਬ ਨੌਕਰੀ ਹੈ ਤੇ ਉਹ ਵੀ ਸਰਕਾਰੀ। ਜੇ ਸਾਰੇ ਹੀ ਨੌਕਰੀਆਂ ਪਿੱਛੇ ਭੱਜਣਗੇ, ਤਾਂ ਅਸੀਂ (ਸਮਾਜ) ਕਿੰਨੀਆਂ ਨੌਕਰੀਆਂ ਦੇ ਸਕਦੇ ਹਾਂ? ਕਿਸੇ ਵੀ ਸਮਾਜ ਵਿੱਚ ਸਰਕਾਰੀ ਅਤੇ ਨਿੱਜੀ ਮਿਲਾ ਕੇ ਵੀ ਵੱਧ ਤੋਂ ਵੱਧ 10, 20, 30 ਫ਼ੀਸਦੀ ਨੌਕਰੀਆਂ ਹੁੰਦੀਆਂ ਹਨ। ਬਾਕੀ ਸਾਰਿਆਂ ਨੂੰ ਆਪਣਾ ਕੰਮ (ਸਵੈ-ਰੁਜ਼ਗਾਰ) ਕਰਨਾ ਪੈਂਦਾ ਹੈ।" ਭਾਗਵਤ ਦੇ ਬਿਆਨ ਨੂੰ ਨਰੇਂਦਰ ਮੋਦੀ ਸਰਕਾਰ ਦੇ 'ਨੌਕਰੀਆਂ' ਅਤੇ 'ਰੁਜ਼ਗਾਰ' ਵਿੱਚ ਫ਼ਰਕ ਕਰਨ ਦੇ ਸਟੈਂਡ ਦੇ ਅਸਿੱਧੇ ਸਮਰਥਨ ਵਜੋਂ ਦੇਖਿਆ ਜਾ ਰਿਹਾ ਹੈ।