ਹਰਿਆਣਾ ਦੀ ਆਦਮਪੁਰ ਸੀਟ 'ਤੇ ਭਾਜਪਾ ਦੀ ਜਿੱਤ: ਭਵਿਆ ਬਿਸ਼ਨੋਈ 16 ਹਜ਼ਾਰ ਤੋਂ ਵੱਧ ਵੋਟਾਂ ਨਾਲ ਰਹੇ ਜੇਤੂ 

ਏਜੰਸੀ

ਖ਼ਬਰਾਂ, ਰਾਜਨੀਤੀ

ਵੱਡੀ ਲੀਡ ਨਾਲ ਕਾਂਗਰਸੀ ਉਮੀਦਵਾਰ ਜੈਪ੍ਰਕਾਸ਼ ਨੂੰ ਹਰਾ ਕੇ ਜਿੱਤ ਕੀਤੀ ਦਰਜ 

Bhavya Bishnoi

ਆਦਮਪੁਰ : ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਜ਼ਿਮਨੀ ਚੋਣ ਜਿੱਤ ਲਈ ਹੈ। ਉਹ 16,606 ਵੋਟਾਂ ਨਾਲ ਜਿੱਤੇ ਹਨ। ਭਵਿਆ ਬਿਸ਼ਨੋਈ ਸਾਬਕਾ ਮੁੱਖ ਮੰਤਰੀ ਭਜਨ ਲਾਲ ਪਰਿਵਾਰ ਦੀ ਤੀਜੀ ਪੀੜ੍ਹੀ ਵਿੱਚੋਂ ਹਨ, ਜਿਨ੍ਹਾਂ ਨੇ ਚੋਣ ਲੜੀ ਸੀ। ਜਿੱਤ ਦਾ ਪਤਾ ਲੱਗਦਿਆਂ ਹੀ ਭਵਿਆ ਬਿਸ਼ਨੋਈ ਦੇ ਸਮਰਥਕਾਂ ਨੇ ਪਟਾਕੇ ਚਲਾ ਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।

ਪਿਛਲੀ ਵਾਰ ਉਨ੍ਹਾਂ ਦੇ ਪਿਤਾ ਕੁਲਦੀਪ ਬਿਸ਼ਨੋਈ ਇੱਥੋਂ ਜਿੱਤੇ ਸਨ। ਹਾਲਾਂਕਿ ਉਨ੍ਹਾਂ ਨੇ ਕਾਂਗਰਸ ਛੱਡਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਇਹ ਉਪ ਚੋਣ ਹੋਣੀ ਸੀ। ਭਵਿਆ ਬਿਸ਼ਨੋਈ ਦੀ ਲੀਡ ਬਾਰੇ ਪਤਾ ਲਗਦੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਹਾਰ ਮੰਨ ਕੇ ਗਿਣਤੀ ਕੇਂਦਰ ਛੱਡ ਦਿੱਤਾ। ਉਪ ਚੋਣ ਵਿੱਚ ਕੁੱਲ 22 ਉਮੀਦਵਾਰ ਮੈਦਾਨ ਵਿੱਚ ਹਨ। ਕਾਂਗਰਸ ਦੇ ਉਮੀਦਵਾਰ ਜੈਪ੍ਰਕਾਸ਼, ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਦੇ ਪਿਤਾ ਕੁਲਦੀਪ ਬਿਸ਼ਨੋਈ ਅਤੇ ‘ਆਪ’ ਦੇ ਸਤੇਂਦਰ ਸਿੰਘ ਵੀ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰ ਪਹੁੰਚ ਗਏ ਹਨ।

ਮੁੱਖ ਮੁਕਾਬਲਾ ਭਾਜਪਾ ਦੇ ਭਵਿਆ, ਕਾਂਗਰਸ ਦੇ ਜੈਪ੍ਰਕਾਸ਼, ਇਨੈਲੋ ਦੇ ਕੁਰਦਰਾਮ ਨੰਬਰਦਾਰ ਅਤੇ ਆਮ ਆਦਮੀ ਪਾਰਟੀ ਦੇ ਸਤੇਂਦਰ ਸਿੰਘ ਵਿਚਕਾਰ ਹੈ। ਇੱਥੇ ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਵਿੱਚ ਪਹਿਲਾਂ ਹੀ ਸਖ਼ਤ ਮੁਕਾਬਲਾ ਸੀ। 3 ਨਵੰਬਰ ਨੂੰ ਕਰੀਬ 75.25 ਫੀਸਦੀ ਵੋਟਿੰਗ ਹੋਈ ਸੀ ਅਤੇ ਵਿਧਾਨ ਸਭਾ ਹਲਕੇ ਵਿੱਚ ਕਰੀਬ 1 ਲੱਖ 72 ਹਜ਼ਾਰ ਵੋਟਰ ਹਨ।