ਮੋਦੀ ਦੇ ਡਰ ਕਾਰਨ ਸੱਪ, ਨਿਓਲੇ, ਕੁੱਤੇ, ਬਿੱਲੀਆਂ ਰਲ ਗਏ ਹਨ : ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਖਵਾਂਕਰਨ ਨਾ ਖ਼ਤਮ ਕਰਾਂਗੇ, ਨਾ ਕਰਨ ਦਿਆਂਗੇ

Amit shah

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਮੁੰਬਈ ਵਿਚ ਕਿਹਾ ਕਿ ਮੋਦੀ ਸਰਕਾਰ ਨਾ ਤਾਂ ਰਾਖਵਾਂਕਰਨ ਦੀ ਨੀਤੀ ਨੂੰ ਖ਼ਤਮ ਕਰੇਗੀ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੇਵੇਗੀ। ਸ਼ਾਹ ਦਾ ਇਹ ਬਿਆਨ ਐਸਸੀ/ਐਸਟੀ ਕਾਨੂੰਨ ਦੇ ਫ਼ੈਸਲੇ ਮਗਰੋਂ ਪੈਦਾ ਹੋਏ ਵਿਵਾਦ ਕਾਰਨ ਆਇਆ ਹੈ। ਸ਼ਾਹ ਨੇ ਇਥੇ ਰੈਲੀ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਮੁਕਾਬਲਾ ਕਰਨ ਵਾਸਤੇ ਗਠਜੋੜ ਬਣਾਉਣ ਦਾ ਯਤਨ ਕਰ ਰਹੀਆਂ ਪਾਰਟੀਆਂ ਦੀ ਤੁਲਨਾ ਸੱਪ, ਨਿਓਲੇ, ਕੁੱਤੇ ਅਤੇ ਬਿੱਲੀਆਂ ਨਾਲ ਕੀਤੀ।  ਸ਼ਾਹ ਨੇ ਕਿਹਾ ਕਿ ਮੋਦੀ ਦੇ ਡਰ ਕਾਰਨ ਸੱਪ, ਨਿਓਲਾ, ਬਿੱਲੀਆਂ ਇਕੱਠੇ ਹੋ ਗਏ ਸਨ। ਉਨ੍ਹਾਂ ਵਿਰੋਧੀ ਧਿਰ 'ਤੇ ਸੰਸਦ ਦੇ ਬਜਟ ਇਜਲਾਸ ਨੂੰ ਨਾ ਚੱਲਣ ਦੇਣ ਦਾ ਦੋਸ਼ ਲਾਇਆ।

ਸੰਸਦ ਦਾ ਬਜਟ ਇਜਲਾਸ ਅੱਜ ਖ਼ਤਮ ਹੋ ਗਿਆ। ਸ਼ਾਹ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਮੋਦੀ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਲਈ ਬਹੁਤ ਕੰਮ ਕੀਤਾ ਹੈ ਅਤੇ ਭਾਜਪਾ ਇਨ੍ਹਾਂ ਕੰਮਾਂ ਦੇ ਆਧਾਰ 'ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰੇਗੀ ਨਾਕਿ ਖੋਖਲੇ ਭਰੋਸਿਆਂ ਜ਼ਰੀਏ। ਭਾਜਪਾ ਦੇ 38ਵੇਂ ਸਥਾਪਨਾ ਦਿਵਸ ਮੌਕੇ ਉਨ੍ਹਾਂ ਕਿਹਾ, 'ਰਾਹੁਲ ਗਾਂਧੀ ਤੇ ਹੋਰ ਲੋਕ ਕਹਿ ਰਹੇ ਹਨ ਕਿ ਅਸੀਂ ਰਾਖਵਾਂਕਰਨ ਖ਼ਤਮ ਕਰ ਰਹੇ ਹਨ। ਅਸੀਂ ਕਿਸੇ ਨੂੰ ਵੀ ਰਾਖਵਾਂਕਰਨ ਦੀ ਨੀਤੀ ਖ਼ਤਮ ਨਹੀਂ ਕਰਨ ਦਿਆਂਗੇ।          (ਏਜੰਸੀ)