ਲਾਊਡਸਪੀਕਰਾਂ ਦਾ ਮੁੱਦਾ ਖ਼ਤਮ, ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ 'ਤੇ ਬੋਲੇ ਭਾਜਪਾ  - ਸੰਜੇ ਰਾਉਤ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਹਿੰਦੂ-ਮੁਸਲਿਮ ਭਾਈਚਾਰੇ 'ਚ ਪਾੜ ਪਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ  

Sanjay Raut

ਮੁੰਬਈ : ਲਾਊਡਸਪੀਕਰ ਮੁੱਦੇ ਨੂੰ ਬੰਦ ਅਧਿਆਏ ਕਰਾਰ ਦਿੰਦੇ ਹੋਏ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਇਸ ਦੀ ਬਜਾਏ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਲੋਕਾਂ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਰਾਉਤ ਨੇ ਕਿਹਾ ਕਿ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਭਾਜਪਾ ਦੇ ਚੋਟੀ ਦੇ ਨੇਤਾ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਗੱਲ ਨਹੀਂ ਕਰਦੇ ਹਨ। ਉਨ੍ਹਾਂ ਦੇ ਮੁੱਦੇ ਵੱਖਰੇ ਹਨ। ਉਹ ਸਿਰਫ ਇਸ ਗੱਲ 'ਤੇ ਬੋਲਦੇ ਹਨ ਕਿ ਪੰਜਾਬ ਅਤੇ ਮਹਾਰਾਸ਼ਟਰ ਦੀ ਪੁਲਿਸ ਕੀ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਲਾਊਡਸਪੀਕਰਾਂ ਦਾ ਮੁੱਦਾ ਇਕ ਬੰਦ ਅਧਿਆਏ ਹੈ ਕਿਉਂਕਿ ਇਸ 'ਤੇ ਹਿੰਦੂ-ਮੁਸਲਿਮ ਪਾੜ ਪਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਲਾਊਡਸਪੀਕਰਾਂ ਦੇ ਮੁੱਦੇ 'ਤੇ ਹਿੰਦੂ ਭਾਈਚਾਰੇ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ। ਰਾਉਤ ਨੇ ਕਿਹਾ ਕਿ ਮਸਜਿਦਾਂ ਵਿਚ ਲਾਊਡਸਪੀਕਰਾਂ 'ਤੇ ਪਾਬੰਦੀ ਦੀ ਮੰਗ ਉਠਾ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਤਣਾਅ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਲੋਕ ਸਮਝਦਾਰ ਹਨ। ਲਾਊਡਸਪੀਕਰਾਂ 'ਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਲਾਊਡਸਪੀਕਰਾਂ ਬਾਰੇ ਕੌਮੀ ਨੀਤੀ ਹੋਣੀ ਚਾਹੀਦੀ ਹੈ। 

ਰਾਉਤ ਨੇ ਕਿਹਾ, ਕੋਈ ਵੀ ਮਹਿੰਗਾਈ 'ਤੇ ਬੋਲਣ ਨੂੰ ਤਿਆਰ ਨਹੀਂ ਹੈ। ਦੇਸ਼ ਦੇ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨਾਲ ਜੂਝ ਰਹੇ ਹਨ। ਪਰ ਭਾਜਪਾ ਦਾ ਕੋਈ ਆਗੂ ਇਸ 'ਤੇ ਬੋਲ ਨਹੀਂ ਰਿਹਾ ਹੈ। ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਮੁਖੀ ਰਾਜ ਠਾਕਰੇ ਨੇ ਪਿਛਲੇ ਮਹੀਨੇ ਹੋਈਆਂ ਆਪਣੀਆਂ ਰੈਲੀਆਂ ਵਿੱਚ ਮਸਜਿਦਾਂ ਤੋਂ ਲਾਊਡਸਪੀਕਰਾਂ ਨੂੰ ਹਟਾਉਣ ਦੀ ਮੰਗ ਕਰਨ ਤੋਂ ਬਾਅਦ ਇਹ ਰਾਜ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਹੈ। ਭਾਜਪਾ ਨੇ ਉਨ੍ਹਾਂ ਦੀ ਮੰਗ ਦਾ ਸਮਰਥਨ ਕੀਤਾ ਹੈ।