ਨਵਜੋਤ ਕੌਰ ਸਿੱਧੂ ਦੇ ‘ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ’ ਵਾਲੇ ਬਿਆਨ ’ਤੇ ਭਾਜਪਾ ਨੇ ਕਾਂਗਰਸ ਦੀ ਸਖ਼ਤ ਨਿਖੇਧੀ ਕੀਤੀ
ਨਵਜੋਤ ਕੌਰ ਸਿੱਧੂ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ: ਭਾਜਪਾ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਕਾਂਗਰਸ ਦੀ ਆਗੂ ਨਵਜੋਤ ਕੌਰ ਸਿੱਧੂ ਦੇ ਉਸ ਬਿਆਨ ਉਤੇ ਕਾਂਗਰਸ ਪਾਰਟੀ ਉਤੇ ਨਿਸ਼ਾਨਾ ਵਿੰਨ੍ਹਿਆ ਹੈ ਕਿ 500 ਕਰੋੜ ਰੁਪਏ ਦਾ ਸੂਟਕੇਸ ਦੇਣ ਵਾਲਾ ਮੁੱਖ ਮੰਤਰੀ ਬਣਦਾ ਹੈ।
ਭਾਜਪਾ ਦੇ ਸੰਸਦ ਮੈਂਬਰ ਅਤੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, ‘‘ਇਹ ਕਾਂਗਰਸ ਲੀਡਰਸ਼ਿਪ ਉਤੇ ਗੰਭੀਰ ਦੋਸ਼ ਹੈ। ਕਾਂਗਰਸ ’ਚ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ਲਈ ਸੂਟਕੇਸ ’ਚ ਘੱਟੋ-ਘੱਟ 500 ਕਰੋੜ ਰੁਪਏ ਦੇਣੇ ਪੈਣਗੇ ਨਹੀਂ ਤਾਂ ਇਹ ਸੰਭਵ ਨਹੀਂ ਹੈ।’’
ਉਨ੍ਹਾਂ ਨੇ ਕਾਂਗਰਸ ਲੀਡਰਸ਼ਿਪ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘‘ਭ੍ਰਿਸ਼ਟਾਚਾਰ ਦੀ ਬਿਮਾਰੀ ਕਾਂਗਰਸ ਵਿਚ ਇਸ ਹੱਦ ਤਕ ਪਹੁੰਚ ਗਈ ਹੈ। ਨਾ ਤਾਂ ਦੇਸ਼, ਨਾ ਸੰਵਿਧਾਨ ਅਤੇ ਨਾ ਹੀ ਪਾਰਟੀ ਉਨ੍ਹਾਂ ਦੇ ਹੱਥਾਂ ਵਿਚ ਸੁਰੱਖਿਅਤ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਭਾਜਪਾ ਨੇਤਾ ਨੇ ਕਿਹਾ ਕਿ ਉਹ ਪਾਰਟੀ ਦੇ ਅੰਦਰ ਅਤੇ ਬਾਹਰ ਵੀ ਲੋਕਤੰਤਰ ਦੇ ਦੁਸ਼ਮਣ ਹਨ। ਤ੍ਰਿਵੇਦੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਉਤੇ ਅਜਿਹੇ ਦੋਸ਼ ਲਗਾਏ ਗਏ ਹਨ।
ਉਨ੍ਹਾਂ ਕਿਹਾ, ‘‘ਇਸ ਤੋਂ ਪਹਿਲਾਂ ਕਾਂਗਰਸ ਨੇਤਾ ਮਾਰਗਰੇਟ ਅਲਵਾ ਨੇ ਅਪਣੀ ਕਿਤਾਬ ‘ਹਿੰਮਤ ਅਤੇ ਵਚਨਬੱਧਤਾ’ ਵਿਚ ਲਿਖਿਆ ਸੀ ਕਿ ਕਿਵੇਂ 2008 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ਦੀ ਸੱਭ ਤੋਂ ਵੱਧ ਬੋਲੀ ਉਤੇ ਨਿਲਾਮ ਕੀਤੀ ਜਾ ਰਹੀ ਸੀ।’’
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਹਿਲੂ ਹਨ। ਤ੍ਰਿਵੇਦੀ ਨੇ ਦੋਸ਼ ਲਾਇਆ ਕਿ ਵਿਕਾਸ ਦਾ ਮੁੱਦਾ ਹੋਵੇ ਜਾਂ ਸੀਟਾਂ ਦੀ ਵੰਡ, ਦੋਹਾਂ ਮਾਮਲਿਆਂ ’ਚ ਭ੍ਰਿਸ਼ਟਾਚਾਰ ਪਹਿਲਾ ਮਾਪਦੰਡ ਹੈ।
ਭਾਜਪਾ ਦੇ ਆਈ.ਟੀ. ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਇਹ ਵੀ ਕਿਹਾ ਕਿ ਨਵਜੋਤ ਕੌਰ ਨੇ ਕਾਂਗਰਸ ਲੀਡਰਸ਼ਿਪ ਉਤੇ ਗੰਭੀਰ ਦੋਸ਼ ਲਗਾਏ ਹਨ ਅਤੇ ਗਾਂਧੀ ਪਰਵਾਰ ਨੂੰ ਜਵਾਬ ਦੇਣਾ ਚਾਹੀਦਾ ਹੈ।