ਰਾਜਸਥਾਨ : ਕਾਂਗਰਸ ਨੇ ਕਰਨਪੁਰ ਵਿਧਾਨ ਸਭਾ ਸੀਟ ਜਿੱਤੀ, ਮੰਤਰੀ ਟੀ.ਟੀ. ਹਾਰੇ
ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਨੂੰ 94,950 ਵੋਟਾਂ ਮਿਲੀਆਂ ਜਦਕਿ ਟੀਟੀ ਨੂੰ 83,667 ਵੋਟਾਂ ਮਿਲੀਆਂ
ਜੈਪੁਰ : ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੀ ਕਰਨਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਕੁੰਨਰ ਨੇ ਅਪਣੇ ਨੇੜਲੇ ਵਿਰੋਧੀ ਅਤੇ ਸੱਤਾਧਾਰੀ ਭਾਜਪਾ ਦੇ ਸੁਰਿੰਦਰਪਾਲ ਸਿੰਘ ਟੀਟੀ ਨੂੰ 11,283 ਵੋਟਾਂ ਨਾਲ ਹਰਾਇਆ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ । ਕਾਂਗਰਸ ਉਮੀਦਵਾਰ ਦੀ ਮੌਤ ਤੋਂ ਬਾਅਦ ਇਸ ਸੀਟ ’ਤੇ ਚੋਣ ਮੁਲਤਵੀ ਕਰ ਦਿਤੀ ਗਈ ਸੀ। ਇਸ ਸੀਟ ਲਈ ਵੋਟਿੰਗ 5 ਜਨਵਰੀ ਨੂੰ ਹੋਈ ਸੀ ਅਤੇ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਹੋਈ ਸੀ।
ਚੋਣ ਵਿਭਾਗ ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਅਨੁਸਾਰ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਨੂੰ 94,950 ਵੋਟਾਂ ਮਿਲੀਆਂ ਜਦਕਿ ਟੀਟੀ ਨੂੰ 83,667 ਵੋਟਾਂ ਮਿਲੀਆਂ। ਤੀਜੇ ਸਥਾਨ ’ਤੇ ਰਹੇ ਆਮ ਆਦਮੀ ਪਾਰਟੀ ਦੇ ਪਿਰਥੀਪਾਲ ਸਿੰਘ ਨੂੰ 11940 ਵੋਟਾਂ ਮਿਲੀਆਂ। ਇਸ ਜਿੱਤ ਨਾਲ 200 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਵਧ ਕੇ 70 ਹੋ ਗਈ ਹੈ। ਸੱਤਾਧਾਰੀ ਭਾਜਪਾ ਦੇ 115 ਵਿਧਾਇਕ ਹਨ।
200 ਮੈਂਬਰੀ ਵਿਧਾਨ ਸਭਾ ਦੀਆਂ 199 ਸੀਟਾਂ ਲਈ 25 ਨਵੰਬਰ ਨੂੰ ਵੋਟਾਂ ਪਈਆਂ ਸਨ। ਨਤੀਜਾ 3 ਦਸੰਬਰ ਨੂੰ ਐਲਾਨਿਆ ਗਿਆ ਸੀ। ਇਸ ’ਚ ਭਾਜਪਾ ਨੂੰ 115 ਅਤੇ ਕਾਂਗਰਸ ਨੂੰ 69 ਸੀਟਾਂ ਮਿਲੀਆਂ ਸਨ। ਕਰਨਪੁਰ ਗੰਗਾਨਗਰ ਸੀਟ ’ਤੇ ਕਾਂਗਰਸ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਕੁੰਨਰ ਦੀ ਮੌਤ ਕਾਰਨ ਚੋਣ ਮੁਲਤਵੀ ਕਰ ਦਿਤੀ ਗਈ ਸੀ।
ਭਾਜਪਾ ਨੇ ਸੁਰਿੰਦਰਪਾਲ ਸਿੰਘ ਟੀਟੀ ਨੂੰ ਅਪਣਾ ਉਮੀਦਵਾਰ ਬਣਾਇਆ ਹੈ, ਜਦਕਿ ਕਾਂਗਰਸ ਨੇ ਕੁੰਨਰ ਦੇ ਬੇਟੇ ਰੁਪਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।
ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕਰਨਪੁਰ ਸੀਟ ਤੋਂ ਚੋਣ ਲੜ ਰਹੇ ਸੁਰਿੰਦਰਪਾਲ ਸਿੰਘ ਟੀਟੀ ਨੂੰ 30 ਦਸੰਬਰ ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਸੀ।
ਉਨ੍ਹਾਂ ਨੂੰ ਖੇਤੀਬਾੜੀ ਮਾਰਕੀਟਿੰਗ ਵਿਭਾਗ, ਇੰਦਰਾ ਗਾਂਧੀ ਨਹਿਰੀ ਵਿਭਾਗ ਅਤੇ ਘੱਟ ਗਿਣਤੀ ਮਾਮਲਿਆਂ ਅਤੇ ਵਕਫ ਵਿਭਾਗ ਦਿਤਾ ਗਿਆ ਹੈ। ਟੀਟੀ ਦੀ ਇਹ ਲਗਾਤਾਰ ਦੂਜੀ ਹਾਰ ਹੈ। ਉਹ 2018 ’ਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਤੀਜੇ ਸਥਾਨ ’ਤੇ ਸੀ। ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਭਾਜਪਾ ਨੂੰ ਸਬਕ ਸਿਖਾਇਆ ਹੈ।
ਅਧਿਕਾਰਤ ਨਤੀਜੇ ਆਉਣ ਤੋਂ ਪਹਿਲਾਂ ਹੀ ਗਹਿਲੋਤ ਨੇ ‘ਐਕਸ’ (ਪਹਿਲਾਂ ਟਵਿੱਟਰ) ’ਤੇ ਲਿਖਿਆ, ‘‘ਕਰਨਪੁਰ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਮਾਣ ਨੂੰ ਹਰਾਇਆ ਹੈ। ਜਨਤਾ ਨੇ ਭਾਜਪਾ ਨੂੰ ਸਬਕ ਸਿਖਾਇਆ ਹੈ, ਜਿਸ ਨੇ ਚੋਣਾਂ ਦੇ ਵਿਚਕਾਰ ਉਮੀਦਵਾਰ ਨੂੰ ਮੰਤਰੀ ਬਣਾ ਕੇ ਚੋਣ ਜ਼ਾਬਤੇ ਅਤੇ ਨੈਤਿਕਤਾ ਦੀ ਉਲੰਘਣਾ ਕੀਤੀ ਹੈ।’’
ਲੋਕਾਂ ਨੇ ਸੱਤਾਧਾਰੀ ਭਾਜਪਾ ਨੂੰ ਸਬਕ ਸਿਖਾਇਆ ਹੈ: ਗਹਿਲੋਤ
ਜੈਪੁਰ : ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗੰਗਾਨਗਰ ਜ਼ਿਲ੍ਹੇ ਦੀ ਕਰਨਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਕੁੰਨਰ ਦੀ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਸੱਤਾਧਾਰੀ ਭਾਜਪਾ ਨੂੰ ਸਬਕ ਸਿਖਾਇਆ ਹੈ। ਗਹਿਲੋਤ ਨੇ ਟਵੀਟ ਕੀਤਾ, ‘‘ਕਰਨਪੁਰ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਕੁੰਨਰ ਨੂੰ ਜਿੱਤ ਲਈ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ। ਇਹ ਜਿੱਤ ਮਰਹੂਮ ਗੁਰਮੀਤ ਸਿੰਘ ਕੁੰਨਰ ਦੇ ਲੋਕ ਸੇਵਾ ਕਾਰਜਾਂ ਨੂੰ ਸਮਰਪਿਤ ਹੈ।’’
ਉਨ੍ਹਾਂ ਕਿਹਾ, ‘‘ਕਰਨਪੁਰ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੰਕਾਰ ਨੂੰ ਹਰਾਇਆ ਹੈ। ਜਨਤਾ ਨੇ ਭਾਜਪਾ ਨੂੰ ਸਬਕ ਸਿਖਾਇਆ ਹੈ, ਜਿਸ ਨੇ ਚੋਣਾਂ ਦੇ ਵਿਚਕਾਰ ਉਮੀਦਵਾਰ ਨੂੰ ਮੰਤਰੀ ਬਣਾ ਕੇ ਚੋਣ ਜ਼ਾਬਤੇ ਅਤੇ ਨੈਤਿਕਤਾ ਦੀ ਉਲੰਘਣਾ ਕੀਤੀ ਹੈ।’’ ਸੂਬਾ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਕਿਹਾ ਕਿ ਇਹ ਫਤਵਾ ਭਾਜਪਾ ਦੀ ਤਾਨਾਸ਼ਾਹੀ ਅਤੇ ਗੈਰ-ਲੋਕਤੰਤਰੀ ਨੀਤੀ ’ਤੇ ਥੱਪੜ ਹੈ। ਉਨ੍ਹਾਂ ਕਿਹਾ, ‘‘ਜਦੋਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਅਪਣੀ ਜ਼ਿੰਮੇਵਾਰੀ ਭੁੱਲ ਜਾਂਦੀਆਂ ਹਨ ਤਾਂ ਲੋਕਾਂ ਦੀ ਅਦਾਲਤ ’ਚ ਨਿਆਂ ਹੁੰਦਾ ਹੈ। ਕਰਨਪੁਰ ਦੇ ਮਾਣਮੱਤੇ ਲੋਕਾਂ ਨੂੰ ਸਲਾਮ। ਕਰਨਪੁਰ ਦਾ ਇਹ ਫਤਵਾ ਭਾਜਪਾ ਦੀ ਤਾਨਾਸ਼ਾਹੀ ਅਤੇ ਗੈਰ-ਲੋਕਤੰਤਰੀ ਨੀਤੀ ’ਤੇ ਥੱਪੜ ਹੈ।’’
ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਕਾਂਗਰਸ ਉਮੀਦਵਾਰ ਨੂੰ ਚੁਣਨ ਲਈ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਕਰਨਪੁਰ ਦੇ ਮਾਣਮੱਤੇ ਲੋਕਾਂ ਨੇ ਕਾਂਗਰਸ ਦੇ ਤਰੀਕਿਆਂ ਅਤੇ ਵਿਚਾਰਧਾਰਾ ’ਤੇ ਭਰੋਸਾ ਜ਼ਾਹਰ ਕਰ ਕੇ ਤਰੱਕੀ, ਖੁਸ਼ਹਾਲੀ ਅਤੇ ਸੁਰੱਖਿਅਤ ਭਵਿੱਖ ਦੀ ਚੋਣ ਕੀਤੀ ਹੈ।’’