Sand Mining: ਜੇਕਰ ਭਗਵੰਤ ਮਾਨ ਅਤੇ ਕੇਜਰੀਵਾਲ ਅਸਲ 'ਚ ਪੰਜਾਬ ਹਿਤੈਸ਼ੀ ਹਨ ਤਾਂ ਜਾਰੀ ਕਰਨ ਵ੍ਹਾਈਟ ਪੇਪਰ - ਸੁਖਪਾਲ ਖਹਿਰਾ
ਕਿਹਾ, ਸਰਕਾਰ ਅਤੇ ਉਸ ਹਲਕੇ ਦੇ ਮੰਤਰੀ ਲਈ ਬਹੁਤ ਵੱਡੀ ਚੁਣੌਤੀ ਹੈ ਕਿ ਉਹ ਆਪਣੇ ਇਲਾਕੇ ਵਿਚ ਹੋ ਰਹੀ ਇਸ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਕਿਵੇਂ ਰੋਕਣਗੇ?
ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਾਈਨਿੰਗ ਮਾਮਲੇ 'ਤੇ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਮਾਈਨਿੰਗ ਦੇ 20 ਹਜ਼ਾਰ ਕਰੋੜ ਰੁਪਏ ਕਿੱਥੇ ਹਨ? ਖਹਿਰਾ ਨੇ ਦੋਸ਼ ਲਗਾਇਆ ਕਿ ਗ਼ੈਰ-ਕਾਨੂੰਨੀ ਮਾਈਨਿੰਗ ਅਜੇ ਵੀ ਲਗਾਤਾਰ ਚੱਲ ਰਹੀ ਹੈ।
ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਪਰਦਾਫਾਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਚਾਰ ਗ੍ਰੰਟੀਆਂ ਦਿਤੀਆਂ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਇਨ੍ਹਾਂ ਗ੍ਰੰਟੀਆਂ ਨੂੰ ਪੂਰਾ ਕਰਨ ਲਈ ਪੈਸਾ ਲਿਆਉਣ ਲਈ ਦੋ ਸਰੋਤ ਦੱਸੇ ਸਨ ਜਿਨ੍ਹਾਂ ਵਿਚ ਪਹਿਲੀ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨਾ ਸੀ।
ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਸ ਤੋਂ 20 ਹਜ਼ਾਰ ਕਰੋੜ ਰੁਪਏ ਪ੍ਰਤੀ ਸਾਲ ਪੰਜਾਬ ਦੇ ਖਜ਼ਾਨੇ ਵਿਚ ਭਰੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਇਸ ਪੈਸੇ ਦਾ ਹਿਸਾਬ ਲੋਕਾਂ ਨੂੰ ਨਹੀਂ ਦਿੰਦੇ ਤਾਂ ਇਹ ਬਹੁਤ ਵੱਡੀ ਵਾਅਦਾਖ਼ਿਲਾਫ਼ੀ ਹੋਵੇਗੀ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਸ ਦਾ ਮਤਲਬ ਇਹ ਹੀ ਹੋਵੇਗਾ ਕਿ ਉਹ ਵੀ ਉਸ ਲੀਹ 'ਤੇ ਹੀ ਚਲ ਰਹੇ ਹਨ ਅਤੇ ਉਸੇ ਤਰ੍ਹਾਂ ਹੀ ਸਰਕਾਰ ਚੱਲੇਗੀ ਜਿਸ ਤਰ੍ਹਾਂ ਪੁਰਾਣੀਆਂ ਸਰਕਾਰਾਂ ਚਲਦਿਆਂ ਆਈਆਂ ਹਨ।
ਇਸ ਤੋਂ ਇਲਾਵਾ ਖਹਿਰਾ ਨੇ ਕਿਹਾ ਕਿ 'ਆਪ' ਸਰਕਾਰ ਮਾਈਨਿੰਗ ਵਿਭਾਗ ਵਿਚੋਂ 20 ਹਜ਼ਾਰ ਕਰੋੜ ਰੁਪਏ ਕਮਾਉਣ ਦੀ ਗੱਲ ਕਰ ਰਹੀ ਹੈ ਜਿਸ ਦਾ ਮਤਲਬ ਕਿ ਲੋਕਾਂ 'ਤੇ ਵੀ ਬੋਝ ਵਧੇਗਾ ਕਿਉਂਕਿ ਜਿਸ ਮਹਿਕਮੇ ਵਿਚੋਂ ਹੁਣ ਜੇਕਰ ਹਜ਼ਾਰ ਕਰੋੜ ਰੁਪਏ ਆ ਰਹੇ ਹੋਣ ਤਾਂ ਉਸ ਦੀ ਕਮਾਈ 20 ਗੁਣਾ ਵਧ ਜਾਵੇ ਤਾਂ ਉਸ ਵਿਚੋਂ ਨਿਕਲਣ ਵਾਲੀ ਰੇਤ ਅਤੇ ਹੋਰ ਨਿਰਮਾਣ ਮਟੀਰੀਅਲ ਵੀ ਉਨ੍ਹਾਂ ਹੀ ਮਹਿੰਗਾ ਹੋ ਜਾਵੇਗਾ।
ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ 10 ਸਾਲਾਂ ਤੋਂ 20 ਹਜ਼ਾਰ ਕਰੋੜ ਰੁਪਏ ਕੌਣ ਲੁੱਟ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਸਲੇ 'ਤੇ ਵਾਈਟ ਪੇਪਰ ਲੈ ਕੇ ਆਉਣ ਦੀ ਵੀ ਮੰਗ ਕੀਤੀ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ 10 ਸਾਲਾਂ ਤੋਂ 20 ਹਜ਼ਾਰ ਰੁਪਏ ਕੌਣ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਕਈ ਬਹੁਤ ਸਾਰੇ ਮੰਤਰੀ ਅਤੇ ਵਿਧਾਇਕ ਵੀ ਗ਼ੈਰ ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਹਨ, ਇਸ ਸਬੰਧੀ ਉਨ੍ਹਾਂ ਬਕਾਇਦਾ ਇਕ ਫਾਈਲ ਵੀ ਹਾਈਕਮਾਨ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਉਸ ਤੋਂ ਦਸ ਸਾਲ ਪਹਿਲਾਂ 2007 ਤੋਂ 2017 ਤੱਕ, ਪੰਜਾਬ ’ਤੇ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ’ਤੇ ਵੀ ਮਾਈਨਿੰਗ ਦੇ ਦੋਸ਼ ਲੱਗਦੇ ਰਹੇ ਹਨ।
ਖਹਿਰਾ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਅੱਜ ਵੀ ਜਾਰੀ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਵੀ ਇਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿਚ ਅਜਨਾਲਾ ਨੇੜੇ ਮਾਈਨਿੰਗ ਹੋ ਰਹੀ ਹੈ। ਖਹਿਰਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਖੱਡਾਂ ਦੀ ਲੁੱਟ ਹੋ ਰਹੀ ਹੈ। ਰੋਪੜ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੱਕ ਸਭ ਤੋਂ ਵੱਧ ਕ੍ਰੈਸ਼ਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਅਤੇ ਉਸ ਹਲਕੇ ਦੇ ਮੰਤਰੀ ਲਈ ਬਹੁਤ ਵੱਡੀ ਚੁਣੌਤੀ ਹੈ ਕਿ ਉਹ ਆਪਣੇ ਇਲਾਕੇ ਵਿਚ ਹੋ ਰਹੀ ਇਸ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਕਿਵੇਂ ਰੋਕਣਗੇ?
ਇਸ ਤੋਂ ਇਲਾਵਾ ਪਠਾਨਕੋਟ ਵਿਚ ਵੀ ਇਸ ਤਰ੍ਹਾਂ ਹੀ ਗ਼ੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ ਕਿਉਂਕਿ ਉਹ ਇਲਾਕਾ ਜੰਮੂ ਕਸ਼ਮੀਰ ਦੇ ਨਾਲ ਲਗਦਾ ਹੈ। ਸਰਕਾਰ ਨੂੰ ਇਸ ਮਾਮਲੇ ’ਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਮੇਰਾ ਸਿਰਫ਼ ਇੱਕੋ ਹੀ ਸਵਾਲ ਹੈ ਕਿ ਜੇਕਰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਅਸਲ ਵਿਚ ਪੰਜਾਬ ਦੇ ਲੋਕਾਂ ਦੇ ਹਿਤੈਸ਼ੀ ਹਨ ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ 10 ਸਾਲਾਂ ਵਿਚ ਕਿੰਨ੍ਹਾਂ ਲੋਕਾਂ ਨੇ ਇਹ ਲੁੱਟ ਕੀਤੀ ਹੈ।
ਪਿਛਲੀ ਸਰਕਾਰ ਵਿਚ ਇੱਕ ਮੰਤਰੀ ਨੂੰ ਕੈਬਨਿਟ ਵਿਚੋਂ ਕੱਢਣਾ ਪਿਆ ਸੀ ਕਿਉਂਕਿ ਉਹ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਸਨ। ਮਾਈਨਿੰਗ ਮਾਫੀਆ ਦੇ ਕਈ ਪਰਚੇ ਦਰਜ ਹੋਏ ਸਨ ਪਰ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਲੋਕ ਹੈ ਕੌਣ ਸਨ। ਇਸ ਲਈ ਜੇਕਰ ਪੰਜਾਬ ਦੀ ਮੌਜੂਦਾ ਸਰਕਾਰ ਹੁਣ ਇਹ ਨਹੀਂ ਦੱਸਦੀ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਹ ਵੀ ਭ੍ਰਿਸ਼ਟ ਅਫ਼ਸਰਾਂ, ਮਾਈਨਿੰਗ ਮਾਫੀਆ ਅਤੇ ਭ੍ਰਿਸ਼ਟ ਸਿਆਸੀ ਲੀਡਰਾਂ ਨੂੰ ਬਚਾਉਣਾ ਚਾਹੁੰਦੇ ਹਨ। ਜੇਕਰ ਅਜੇ ਵੀ ਕੁੱਝ ਨਾ ਦੱਸਿਆ ਗਿਆ ਤਾਂ ਪੰਜਾਬ ਵਿਚ ਇਹ ਹਨ੍ਹੇਰਗਰਦੀ ਇਵੇਂ ਹੀ ਬਰਕਰਾਰ ਰਹੇਗੀ। ਮੈਨੂੰ ਯਕੀਨ ਹੈ ਕਿ ਸਰਕਾਰ ਇਸ 'ਤੇ ਵ੍ਹਾਈਟ ਪੇਪਰ ਜਾਰੀ ਕਰੇਗੀ ਜੋ ਜਨਤਕ ਹੋਵੇਗਾ ਅਤੇ ਜਿਸ ਨਾਲ ਲੋਕਾਂ ਨੂੰ ਵੀ ਪਤਾ ਲੱਗ ਸਕੇਗਾ।