ਪਾਰਟੀ ਦੀ ਅਨੁਸ਼ਾਸਨਹੀਣਤਾ ਤੋਂ ਸੁਖਜਿੰਦਰ ਰੰਧਾਵਾ ਨਿਰਾਸ਼, ਕਿਹਾ - 'ਪੰਜਾਬ ਕਾਂਗਰਸ ਦੇ 4 -5 ਆਪ੍ਰੇਸ਼ਨ ਕਰਨ ਦੀ ਲੋੜ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

SGPC ਸਿਰਫ਼ ਬਾਦਲਾਂ ਦੀ ਹੈ ਲੋਕਾਂ ਦੀ ਨਹੀਂ। ਇਸ ਕਰਕੇ ਉਹ ਹੀ ਹੋਵੇਗਾ ਜੋ ਉਨ੍ਹਾਂ ਦੇ ਆਕਾ (ਬਾਦਲ) ਕਹਿਣਗੇ - ਰੰਧਾਵਾ

Sukhjinder Singh Randhawa

ਕਿਹਾ - ਸਿਆਸਤ ਗੱਲਾਂ ਨਾਲ ਨਹੀਂ ਸਗੋਂ ਸਿਧਾਂਤਾਂ ਨਾਲ ਚਲਦੀ ਹੈ 
'ਜਿਸ ਪਾਰਟੀ ਨੂੰ ਸਾਡੇ ਪਰਿਵਾਰਾਂ ਨੇ ਆਪਣਾ ਖੂਨ ਦੇ ਕੇ ਸਿੰਝਿਆ ਹੈ ਉਸ ਨੂੰ ਇਸ ਤਰ੍ਹਾਂ ਖਤਮ ਹੁੰਦੇ ਨਹੀਂ ਦੇਖ ਸਕਦੇ'
ਚੰਡੀਗੜ੍ਹ :
ਬੀਤੇ ਦਿਨ ਕਾਂਗਰਸ ਵਲੋਂ ਮਹਿੰਗਾਈ ਵਿਰੁੱਧ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਉਸ ਧਰਨੇ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਯੂਥ ਕਾਂਗਰਸ ਦਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਆਪਸ ਵਿਚ ਹੀ ਬਹਿਸ ਪਏ। ਇਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪਹਿਲੀ ਇਲੈਕਸ਼ਨ 1997 ਵਿਚ ਲੜੀ ਸੀ ਅਤੇ ਅੱਜ ਤੱਕ ਅਜਿਹੀ ਅਨੁਸ਼ਾਸਨਹੀਣਤਾ ਨਹੀਂ ਵੇਖੀ ਸੀ ਪਰ ਹੁਣ ਇਸ ਉਮਰ ਵਿਚ ਪਾਰਟੀ ਦੇ ਆਗੂਆਂ ਵਿਚ ਅਜਿਹੀ ਤਲਖੀ ਦੇਖ ਕੇ ਦੁੱਖ ਹੋ ਰਿਹਾ ਹੈ।

ਅਸੀਂ ਆਪਣੀ ਪਾਰਟੀ ਨੂੰ ਮਰਦੀ ਹੋਈ ਨਹੀਂ ਦੇਖ ਸਕਦੇ। ਮਜਬੂਰੀ ਵਿਚ ਅੱਜ ਜੋ ਸਾਡੀ ਪਾਰਟੀ ਦਾ ਤਮਾਸ਼ਾ ਬਣਿਆ ਹੈ ਉਸ 'ਤੇ ਬਹੁਤ ਸ਼ਰਮ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਬਾਰੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਅਸੀਂ ਤਾਂ ਪਾਰਟੀ ਦੇ ਵਰਕਰ ਹਾਂ ਅਤੇ ਇਸ ਦਾ ਹੱਲ ਤਾਂ ਪਾਰਟੀ ਹਾਈ ਕਮਾਂਡ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰਾਂ ਨੇ ਆਪਣਾ ਖੂਨ ਦੇ ਕੇ ਕਾਂਗਰਸ ਪਾਰਟੀ ਨੂੰ ਸਿੰਝਿਆ ਹੈ ਇਸ ਲਈ ਅਸੀਂ ਆਪਣੀ ਪਾਰਟੀ ਦਾ ਖ਼ਾਤਮਾ ਹੁੰਦਾ ਨਹੀਂ ਦੇਖ ਸਕਦੇ।

ਸਾਬਕਾ ਡਿਪਟੀ ਮੁੱਖ ਮੰਤਰੀ ਰੰਧਾਵਾ ਨੇ ਇਸ ਮਸਲੇ 'ਤੇ ਡੂੰਘੀ ਚਿੰਤਾ ਜਤਾਈ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਰਫ ਇੱਕ ਬੰਦੇ ਨੂੰ ਬਾਹਰ ਕੱਢਿਆਂ ਗੱਲ ਨਹੀਂ ਬਣੇਗੀ ਸਗੋਂ ਇਸ ਦੇ 4 -5 ਆਪ੍ਰੇਸ਼ਨ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਸੇ ਦਾ ਵੀ ਨਾਮ ਨਹੀਂ ਲਿਆ ਸਗੋਂ ਕਿਹਾ ਕਿ ਜਦੋਂ ਕਿਸੇ ਦਾ ਆਪ੍ਰੇਸ਼ਨ ਹੁੰਦਾ ਹੈ ਤਾਂ ਡਾਕਟਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਹੜੀ ਬਿਮਾਰੀ ਹੈ, ਉਦੋਂ ਕਈ ਪੁਰਜ਼ੇ ਕੱਢਣੇ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਗੱਲਾਂ ਨਾਲ ਨਹੀਂ ਸਗੋਂ ਸਿਧਾਂਤਾਂ ਨਾਲ ਚਲਦੀ ਹੈ। 

ਰੰਧਾਵਾ ਨੇ ਦੱਸਿਆ ਕਿ 1977 ਵਿਚ ਕਾਂਗਰਸ ਪੂਰੇ ਦੇਸ਼ ਵਿਚ ਸਿਰਫ ਦੋ ਸੂਬਿਆਂ 'ਚ ਕਾਬਜ਼ ਸੀ ਇੱਕ ਕਰਨਾਟਕ ਅਤੇ ਦੂਜਾ ਆਂਧਰਾਪ੍ਰਦੇਸ਼ ਅਤੇ ਅੱਜ ਵੀ ਪੂਰੇ ਹਿੰਦੋਸਤਾਨ ਵਿਚ ਦੋ ਸੂਬਿਆਂ ਵਿਚ ਕਾਂਗਰਸ ਦੀ ਸੱਤਾ ਹੈ ਪਰ ਉਸ ਸਮੇਂ ਇਹੋ ਜਿਹੇ ਨੌਟੰਕੀਬਾਜ਼ ਲੀਡਰ ਨਹੀਂ ਸਨ। ਉਸ ਸਮੇਂ ਦੇ ਆਗੂਆਂ ਨੂੰ ਆਪਣੀ ਪਾਰਟੀ ਨਾਲ ਪਿਆਰ ਸੀ ਅਤੇ ਉਨ੍ਹਾਂ ਨੇ ਇਸ ਖ਼ਾਤਰ ਜੇਲ੍ਹਾਂ ਭਰ ਦਿਤੀਆਂ ਸਨ ਜਿਨ੍ਹਾਂ ਵਿਚ ਮੈਂ ਵੀ ਇੱਕ ਸੀ। ਜੇਕਰ ਪਾਰਟੀ ਨੂੰ ਮੁੜ ਲੀਹ 'ਤੇ ਲਿਆਉਣਾ ਹੈ ਤਾਂ ਉਹ ਜਿਹੀ ਸੋਚ ਅਤੇ ਜਜ਼ਬਾ ਚਾਹੀਦਾ ਹੈ ਪਰ ਜੇਕਰ ਪਾਰਟੀ ਦੇ ਮੁੱਖ ਆਗੂ ਹੀ ਅਜਿਹੀਆਂ ਗੱਲਾਂ ਕਰਦੇ ਰਹੇ ਤਾਂ ਪਾਰਟੀ ਕਿਵੇਂ ਬਚ ਸਕਦੀ ਹੈ।

ਪੰਜਾਬ ਦੀ 'ਮਾਨ' ਸਰਕਾਰ ਵਲੋਂ SGPC ਨੂੰ ਗੁਰਬਾਣੀ ਚੈਨਲ ਚਲਾਉਣ ਲਈ ਦਿਤੀ ਪੇਸ਼ਕਸ਼ ਬਾਰੇ ਬੋਲਦਿਆਂ ਰੰਧਾਵਾ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਕੀ SGPC ਬਾਦਲਾਂ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਸਹਿਯੋਗ ਕਰੇਗੀ? ਸਪੋਕੇਸਮੈਨ ਨੂੰ ਤਾਂ ਉਨ੍ਹਾਂ ਨੇ ਸਿੱਖੀ ਵਿਚੋਂ ਹੀ ਬਾਹਰ ਕੱਢ ਦਿਤਾ, ਤੁਹਾਨੂੰ ਤਾਂ ਉਹ ਉਥੇ ਵੜਨ ਵੀ ਨਹੀਂ ਦੇਣਗੇ। ਸਪੋਕੇਸਮੈਨ ਵਾਲਿਓ, ਐਸ.ਜੀ.ਪੀ.ਸੀ. ਸਿਰਫ ਬਾਦਲਾਂ ਦੀ ਹੈ ਲੋਕਾਂ ਦੀ ਨਹੀਂ। ਇਸ ਕਰਕੇ ਉਹ ਹੀ ਹੋਵੇਗਾ ਜੋ ਉਨ੍ਹਾਂ ਦੇ ਆਕਾ (ਬਾਦਲ) ਕਹਿਣਗੇ ਉਸ ਤੋਂ ਇਲਾਵਾ ਹੋਰ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਇਸ ਬਾਰੇ ਭਗਵੰਤ ਮਾਨ ਹੁਰਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਇਸ 'ਤੇ ਕੋਈ ਗੌਰ ਨਹੀਂ ਹੋਵੇਗਾ, ਇਹ ਪੇਸ਼ਕਸ਼ ਤਾਂ ਉਨ੍ਹਾਂ ਨੇ ਇਵੇਂ ਹੀ ਕਰ ਦਿਤੀ।

ਰੰਧਾਵਾ ਨੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਮੁੱਦੇ ਬਾਰੇ ਬੋਲਦਿਆਂ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਹੁਣ ਤੇ ਸਰਕਾਰ ਵੀ ਇਨ੍ਹਾਂ ਦੀ ਹੈ ਅਤੇ ਵਿਧਾਇਕ ਵੀ ਉਹ ਹੀ ਹੈ ਜਿਸ ਨੇ ਸਾਰੀ ਜਾਂਚ ਕੀਤੀ ਸੀ। ਉਸ ਸਮੇਂ ਤਾਂ ਉਹ ਕਹਿੰਦੇ ਸਨ ਕਿ 9 ਚਲਾਨ ਪੇਸ਼ ਕਰ ਦਿੱਤੇ ਹਨ ਅਤੇ 10ਵਾਂ ਸਮਾਂ ਆਉਣ 'ਤੇ ਪੇਸ਼ ਕੀਤਾ ਜਾਵੇਗਾ, ਤਾਂ ਕੀ ਉਹ ਸਮਾਂ ਅਜੇ ਆਇਆ ਨਹੀਂ।

ਤੰਜ਼ ਕੱਸਦਿਆਂ ਰੰਧਾਵਾ ਨੇ ਕਿਹਾ ਕਿ ਉਹ ਚਲਾਨ ਹੁਣ ਉਹ ਚਲਾਨ ਜਿਹੜੀ ਫਰਿੱਜ ਵਿਚ ਰੱਖਿਆ ਹੈ ਉਥੋਂ ਬਾਹਰ ਕੱਢ ਕੇ ਪੇਸ਼ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਚਲਾਨ ਪੇਸ਼ ਕੀਤਾ ਗਿਆ ਸੀ ਉਸ ਵਿਚ ਸਿਰਫ਼ ਰਾਮ ਰਹੀਮ ਨੂੰ ਦੋਸ਼ੀ ਬਣਾਇਆ ਹੈ ਪਰ ਜਿਹੜਾ ਸਾਰੀਆਂ ਪਾਰਟੀਆਂ ਕਹਿੰਦਿਆਂ ਸਨ ਕਿ ਇਸ ਵਿਚ ਬਾਦਲ ਪਰਿਵਾਰ ਵੀ ਸ਼ਾਮਲ ਹੈ ਉਸ ਬਾਰੇ ਭਗਵੰਤ ਮਾਨ ਸਰਕਾਰ ਕੀ ਕਹਿਣਾ ਚਾਹੁੰਦੀ ਹੈ?