Lok Sabha Election 2024: ਦਲਬਦਲੀਆਂ ਦੇ ਦੌਰ ’ਚ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ’ਚ ਬਗ਼ਾਵਤ ਦਾ ਖ਼ਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸਿਆਸੀ ਪਾਰਟੀਆਂ ਦੇ ਆਗੂਆਂ ਦੀ ਚੁੱਪੀ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਵਰਗੀ

Lok Sabha Election 2024

Lok Sabha Election 2024 ਕੋਟਕਪੂਰਾ (ਗੁਰਿੰਦਰ ਸਿੰਘ) : ਆਗਾਮੀ ਦਿਨਾਂ ਵਿਚ ਪੰਜਾਬ ਭਰ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਿਚ ਬਗ਼ਾਵਤ ਵੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਦਲਬਦਲੀਆਂ ਅਤੇ ਮਹਿਜ਼ 24 ਘੰਟੇ ਪਹਿਲਾਂ ਦੂਜੀ ਪਾਰਟੀ ਵਿਚੋਂ ਆਏ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੇ ਮਾਮਲੇ ਵਿਚ ਪਾਰਟੀ ਵਿਚਲੇ ਵਿਰੋਧੀਆਂ ’ਤੇ ਹਮਾਇਤੀਆਂ ਵਲੋਂ ਧਾਰੀ ਗਈ ਹੈਰਾਨੀਜਨਕ ਚੁੱਪੀ ਨੂੰ ਤੂਫ਼ਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਦੇ ਤੌਰ ’ਤੇ ਮੰਨਿਆ ਜਾ ਰਿਹਾ ਹੈ।

ਕਾਂਗਰਸ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਹੀ ਨਹੀਂ ਬਲਕਿ ਖ਼ੁਦ ਨੂੰ ਬਹੁਤ ਹੀ ਅਨੁਸ਼ਾਸਨਮਈ ਪਾਰਟੀ ਅਖਵਾਉਣ ਵਾਲੀ ਭਾਜਪਾ ਵਿਚ ਵੀ ਬਗ਼ਾਵਤ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀਆਂ ਦਰੀਆਂ ਝਾੜਨ ਵਾਲੇ ਆਗੂਆਂ ਅਤੇ ਵਲੰਟੀਅਰਾਂ ਨੂੰ ਇਹ ਕਤਈ ਮਨਜ਼ੂਰ ਨਹੀਂ ਕਿ ਕਿਸੇ ਦੂਜੀ ਪਾਰਟੀ ਵਿਚੋਂ ਆਉਣ ਵਾਲੇ ਅਤੇ ਪਹਿਲਾਂ ਵਿਰੋਧੀ ਦੀ ਭੂਮਿਕਾ ਨਿਭਾਉਣ ਮੌਕੇ ਪਾਰਟੀ ਨੂੰ ਕਿੱਲ-ਕਿੱਲ ਕੇ ਨਿੰਦਣ ਵਾਲੇ ਆਗੂ ਨੂੰ ਮਹਿਜ਼ 24 ਘੰਟਿਆਂ ਦੀ ਪਰਖ ਜਾਂ ਪੜਤਾਲ ਕਰ ਕੇ ਟਿਕਟ ਦੇ ਦਿਤੀ ਜਾਵੇ। ਭਾਵੇਂ ਅਕਾਲੀ ਦਲ ਅੰਮ੍ਰਿਤਸਰ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਚ ਕੋਈ ਧੜੇਬੰਦੀ ਜਾਂ ਵਿਵਾਦ ਪੜਨ-ਸੁਣਨ ਨੂੰ ਨਹੀਂ ਮਿਲ ਰਿਹਾ ਅਤੇ ਲੁਧਿਆਣੇ ਦੇ ਬੈਂਸ ਭਰਾਵਾਂ ਨੇ ਵੀ ਅਜੇ ਤਕ ਚੁੱਪੀ ਧਾਰੀ ਹੋਈ ਹੈ ਪਰ ਚਹੁਕੋਨੇ ਮੁਕਾਬਲੇ ਵਾਲੀਆਂ ਚਾਰ ਪ੍ਰਮੁੱਖ ਰਾਜਨੀਤਕ ਪਾਰਟੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ।

ਕਾਂਗਰਸ : ਕਾਂਗਰਸ ਅੰਦਰ ਭਾਵੇਂ ਪਿਛਲੇ ਲੰਮੇ ਸਮੇਂ ਧੜੇਬੰਦੀ ਦਾ ਦੌਰ ਜਾਰੀ ਹੈ ਅਤੇ ਵਿਰੋਧੀ ਪਾਰਟੀ ਜਾਂ ਸੱਤਾਧਾਰੀ ਧਿਰ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਅੰਦਰ ਇਕ ਤੋਂ ਵਧ ਧੜੇ ਅਕਸਰ ਵੇਖਣ ਨੂੰ ਮਿਲਦੇ ਰਹੇ ਹਨ ਤੇ ਕਈ ਵਾਰ ਇਨ੍ਹਾਂ ਧੜਿਆਂ ਦੀ ਗਿਣਤੀ ਅੱਧੀ ਦਰਜਨ ਦੇ ਨੇੜੇ ਵੀ ਪੁੱਜਦੀ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਲੋਕ ਸਭਾ ਹਲਕਾ ਜਲੰਧਰ ਤੋਂ ਦਾਅਵੇਦਾਰੀ ਨੂੰ ਕਾਂਗਰਸ ਦੇ ਸਾਬਕਾ ਐਮ.ਪੀ. ਸਵ. ਸੰਤੋਖ ਚੌਧਰੀ ਦੇ ਵਿਧਾਇਕ ਪੁੱਤਰ ਵਲੋਂ ਵੰਗਾਰਨਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵਲੋਂ ਜਲੰਧਰ ਵਿਖੇ ਜਾ ਕੇ ਚੰਨੀ ਵਿਰੁਧ ਪੈ੍ਰੱਸ ਕਾਨਫ਼ਰੰਸ ਕਰਨ, ਪਟਿਆਲਾ ਹਲਕੇ ਦੇ ਕਾਂਗਰਸੀਆਂ ਵਲੋਂ ਡਾ. ਧਰਮਵੀਰ ਗਾਂਧੀ ਦੀ ਸ਼ਮੂਲੀਅਤ ’ਤੇ ਇਤਰਾਜ ਕਰਨ, ਕਾਂਗਰਸ ਦੇ ਪੰਜ ਮੌਜੂਦਾ ਸਾਂਸਦਾਂ ਵਲੋਂ ਪਾਰਟੀ ਪ੍ਰਧਾਨ ਮਲਿਕ ਅਰਜਨ ਖੜਗੇ ਸਮੇਤ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੂੰ ਮਿਲਣ ਦੀ ਬਜਾਇ ਸੋਨੀਆ ਗਾਂਧੀ ਨੂੰ ਮਿਲ ਕੇ ਉਨ੍ਹਾਂ ਨੂੰ ਟਿਕਟ ਦੇਣ ਦਾ ਐਲਾਨ ਕਰਨ ਵਰਗੀਆਂ ਅਨੇਕਾਂ ਖ਼ਬਰਾਂ ਸੰਕੇਤ ਦੇ ਰਹੀਆਂ ਹਨ ਕਿ ਕਾਂਗਰਸ ਵਿਚ ਧੜੇਬੰਦੀ ਅਤੇ ਟਿਕਟਾਂ ਦੀ ਵੰਡ ਤੋਂ ਬਾਅਦ ਬਗ਼ਾਵਤ ਦਾ ਖ਼ਤਰਾ ਬਰਕਰਾਰ ਰਹੇਗਾ।

ਅਕਾਲੀ ਦਲ ਬਾਦਲ : 20 ਫ਼ਰਵਰੀ 2022 ਦੀਆਂ ਚੋਣਾਂ ਮੌਕੇ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਸਿਕੰਦਰ ਸਿੰਘ ਮਲੂਕਾ ਨੇ ਰਾਮਪੁਰਾ ਫੂਲ ਅਤੇ ਮੌੜ ਹਲਕੇ ਤੋਂ ਖ਼ੁਦ ਅਤੇ ਅਪਣੇ ਪੁੱਤਰ ਲਈ ਟਿਕਟ ਦੀ ਮੰਗ ਕਰਦਿਆਂ ਦਲੀਲ ਦਿਤੀ ਸੀ ਕਿ ਜਿਸ ਤਰ੍ਹਾਂ ਬਾਦਲ ਪਰਵਾਰ ਇਕ ਤੋਂ ਵਧ ਸੀਟਾਂ ’ਤੇ ਚੋਣ ਲੜਦਾ ਹੈ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਦੋਵੇਂ ਪਾਰਟੀ ਆਗੂਆਂ ਨੂੰ ਉਨ੍ਹਾਂ ਦੇ ਪੁੱਤਰਾਂ ਸਮੇਤ ਦੋ-ਦੋ ਹਲਕੇ ਦਿਤੇ ਜਾਂਦੇ ਹਨ ਤਾਂ ਮੇਰੇ ਨਾਲ ਵਿਤਕਰਾ ਕਿਉਂ? ਬੀਬਾ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਦੀ ਹਰ ਵਾਰ ਅਗਵਾਈ ਸਿਕੰਦਰ ਸਿੰਘ ਮਲੂਕਾ ਵਲੋਂ ਹੀ ਕੀਤੀ ਜਾਂਦੀ ਹੈ ਪਰ ਮੌੜ ਹਲਕੇ ਤੋਂ ਮਲੂਕਾ ਦੇ ਪੁੱਤਰ ਨੂੰ ਟਿਕਟ ਦੇਣ ਦੀ ਬਜਾਇ ਅਕਾਲੀ ਦਲ ਵਲੋਂ ਜਗਮੀਤ ਸਿੰਘ ਬਰਾੜ ਨੂੰ ਟਿਕਟ ਦੇਣ ਤੋਂ ਮਲੂਕਾ ਪਰਵਾਰ ਨਾਰਾਜ਼ ਸੀ। ਹੁਣ ਭਾਵੇਂ ਮਲੂਕਾ ਦੀ ਨੂੰਹ ਦੇ ਆਈਏਐਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੇ ਚਰਚੇ ਹਨ ਅਤੇ ਸਿਕੰਦਰ ਸਿੰਘ ਮਲੂਕਾ ਨੇ ਖ਼ੁਦ ਨੂੰ ਪਾਰਟੀ ਦਾ ਵਫ਼ਾਦਾਰ ਸਿਪਾਹੀ ਦਸਿਆ ਹੈ ਪਰ ਸੰਕੇਤ ਇਹੀ ਮਿਲ ਰਹੇ ਹਨ ਕਿ ਆਗਾਮੀ ਦਿਨਾਂ ਵਿਚ ਅਕਾਲੀ ਦਲ ਵਿਚ ਵੀ ਬਗ਼ਾਵਤ ਵੇਖਣ ਨੂੰ ਮਿਲ ਸਕਦੀ ਹੈ। ਸੁਖਬੀਰ ਸਿੰਘ ਬਾਦਲ ਵਲੋਂ ਭਾਵੇਂ ਰੁੱਸਿਆਂ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੈ ਪਰ ਪਾਰਟੀ ਵਲੋਂ ਆਰੰਭੀ ਪੰਜਾਬ ਬਚਾਉ ਯਾਤਰਾ ਦੇ ਪਟਿਆਲਾ ਵਿਚੋਂ ਲੰਘਣ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਗ਼ੈਰਹਾਜ਼ਰੀ ਦੇ ਵੀ ਕਈ ਅਰਥ ਕੱਢੇ ਜਾ ਰਹੇ ਹਨ।

ਆਮ ਆਦਮੀ ਪਾਰਟੀ : ਨਵੀਂ ਹੌਂਦ ਵਿਚ ਆਈ ਪਾਰਟੀ ਨੂੰ 30 ਅਪੈ੍ਰਲ 2014 ਦੀਆਂ ਲੋਕ ਸਭਾ ਚੋਣਾਂ ਵਿਚ 543 ਵਿਚੋਂ ਸਿਰਫ਼ ਪੰਜਾਬ ਵਿਚ ਹੀ 4 ਸੀਟਾਂ ਮਿਲੀਆਂ, 2017 ਦੀਆਂ ਪੰਜਾਬ ਵਿਧਾਨ ਸਭਾ ਵਿਚ ਜਿੱਤੇ ਵਿਧਾਇਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਪਾਰਟੀ ਛੱਡ ਗਏ, ਹੋਰ ਪਾਰਟੀਆਂ ਵਿਚ ਸ਼ਾਮਲ ਹੋਏ ਜਾਂ ਨਵੀਂਆਂ ਪਾਰਟੀਆਂ ਦਾ ਗਠਨ ਕਰ ਲਿਆ, 2019 ਦੀਆਂ ਲੋਕ ਸਭਾ ਚੋਣਾਂ ਵਿਚ ਸਿਰਫ਼ ਸੰਗਰੂਰ ਸੀਟ ਪੱਲੇ ਪਈ, 20 ਫ਼ਰਵਰੀ 2022 ਦੀਆਂ ਚੋਣਾਂ ਵਿਚ 92 ਸੀਟਾਂ ਜਿੱਤ ਕੇ ਰੀਕਾਰਡ ਕਾਇਮ ਕੀਤਾ ਪਰ ਆਮ ਵਰਕਰਾਂ ਵਿਚੋਂ ਨੁਮਾਇੰਦੇ ਚੁਣਨ ਦਾ ਦਾਅਵਾ ਕਰਨ ਵਾਲੀ ਪਾਰਟੀ ਦੀ ਰਾਜ ਸਭਾ ਮੈਂਬਰਾਂ ਦੀ ਚੋਣ ਮੌਕੇ ਨੁਕਤਾਚੀਨੀ ਹੋਈ, ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮੌਕੇ ਕਾਂਗਰਸ ਪਾਰਟੀ ਵਿਚੋਂ ਲਿਆਂਦੇ ਸੁਸ਼ੀਲ ਰਿੰਕੂ ਨੂੰ ਟਿਕਟ ਦੇਣੀ, ਐਮ.ਪੀ. ਚੁਣੇ ਜਾਣ ਤੋਂ ਬਾਅਦ ਫਿਰ 1 ਜੂਨ 2024 ਦੀਆਂ ਲੋਕ ਸਭਾ ਚੋਣਾਂ ਲਈ ਜਲੰਧਰ ਹਲਕੇ ਤੋਂ ਟਿਕਟ ਦੇਣ ਦੇ ਬਾਵਜੂਦ ਉਸ ਦਾ ਇਕ ਹੋਰ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ, ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਅਤੇ ਪਾਰਟੀ ਵਲੋਂ ਵਿਰੋਧੀ ਪਾਰਟੀ ਵਿਚੋਂ ਆਏ ਚੱਬੇਵਾਲ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਟਿਕਟ ਦੇਣ, ਉਥੋਂ ਦੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵਲੋਂ ਵਿਰੋਧ ਕਰਨਾ ਅਤੇ ਗੁੱਸੇ ਹੋਣਾ ਸੁਭਾਵਿਕ ਹੈ। ‘ਆਪ’ ਵਲੋਂ ਅਜੇ 9 ਸੀਟਾਂ ’ਤੇ ਉਮੀਦਵਾਰ ਐਲਾਨੇ ਗਏ ਹਨ, ਚਾਰ ਸੀਟਾਂ ’ਤੇ ਐਲਾਨ ਕਰਨਾ ਬਾਕੀ ਹੈ, ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਵਿਚ ਬਠਿੰਡਾ ਦਿਹਾਤੀ ਤੋਂ ਪਾਰਟੀ ਵਿਧਾਇਕ ਅਮਿਤ ਰਤਨ ਅਤੇ ਮਾਨਸਾ ਤੋਂ ਵਿਧਾਇਕ ਵਿਜੈ ਸਿੰਗਲਾ ਦੀ ਗ਼ੈਰ ਹਾਜ਼ਰੀ ਵੀ ਬਗ਼ਾਵਤ ਦਾ ਸੰਕੇਤ ਮੰਨੀ ਜਾ ਰਹੀ ਹੈ।

ਭਾਜਪਾ : ਸੱਭ ਤੋਂ ਵਧ ਅਨੁਸ਼ਾਸ਼ਨਮਈ ਪਾਰਟੀ ਅਖਵਾਉਣ ਵਾਲੀ ਭਾਜਪਾ ਅੰਦਰ ਵੀ ਸੱਭ ਅੱਛਾ ਨਹੀਂ ਹੈ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਆਗੂਆਂ ਅਤੇ ਵਰਕਰਾਂ ਨੂੰ ਉਸ ਵੇਲੇ ਬਹੁਤ ਹੈਰਾਨੀ ਹੋਈ, ਜਦੋਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਕੁਮਾਰ ਜਾਖੜ ਨੂੰ ਸੂਬਾਈ ਪ੍ਰਧਾਨ ਬਣਾ ਦਿਤਾ ਗਿਆ। ਹੁਣ ਕਾਂਗਰਸ ਵਿਚੋਂ ਆਏ ਰਵਨੀਤ ਸਿੰਘ ਬਿੱਟੂ ਅਤੇ ਮਹਾਰਾਣੀ ਪ੍ਰਨੀਤ ਕੌਰ ਸਮੇਤ ‘ਆਪ’ ਦੇ ਸਾਂਸਦ ਸੁਸ਼ੀਲ ਰਿੰਕੂ ਨੂੰ ਟਿਕਟਾਂ ਦੇਣ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਵਰਕਰ ਨਾਰਾਜ਼ ਹਨ।

ਗੁਰਦਾਸਪੁਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਕਈ ਆਗੂਆਂ ਨੇ ਨਾਰਾਜ਼ਗੀ ਜ਼ਾਹਰ ਵੀ ਕਰ ਦਿਤੀ ਹੈ ਤੇ ਉਨ੍ਹਾਂ ਉਕਤ ਟਿਕਟਾਂ ਨੂੰ ਨਾਮਨਜ਼ੂਰ ਕਰਦਿਆਂ ਆਖ ਦਿਤਾ ਹੈ ਕਿ ਉਹ ਬਾਗ਼ੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਰਨ ਤੋਂ ਸੰਕੋਚ ਨਹੀਂ ਕਰਨਗੇ। ਜ਼ਿਲ੍ਹਾ ਜਲੰਧਰ ਤੋਂ ਭਾਜਪਾ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਨੇ ਤਾਂ ਸੁਸ਼ੀਲ ਰਿੰਕੂ ਨੂੰ ਟਿਕਟ ਦੇਣ ਦੇ ਵਿਰੋਧ ਵਿਚ ਅਪਣੇ ਅਹੁਦੇ ਤੋਂ ਅਸਤੀਫ਼ਾ ਤਕ ਦੇ ਦਿਤਾ ਹੈ। ਹਲਕਾ ਗੁਰਦਾਸਪੁਰ ਦੇ ਸਵਰਨ ਸਲਾਰੀਆ ਅਤੇ ਕਵਿਤਾ ਖੰਨਾ ਨੇ ਐਲਾਨੀਆਂ ਆਖ ਦਿਤਾ ਹੈ ਤੇ ਕਈ ਅਜੇ ਦਬਵੀਂ ਜੁਬਾਨ ਵਿਚ ਵਿਰੋਧੀ ਪਾਰਟੀਆਂ ਤੋਂ ਆਏ ਆਗੂਆਂ ਨੂੰ ਪਾਰਟੀ ਟਿਕਟ ਦੇਣ ਦਾ ਵਿਰੋਧ ਕਰ ਰਹੇ ਹਨ ਪਰ ਇਸ ਪਾਰਟੀ ਅੰਦਰ ਵੀ ਤੂਫ਼ਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਨੂੰ ਭਾਂਪ ਕੇ ਰਾਜਨੀਤਕ ਮਾਹਰ ਬਗ਼ਾਵਤ ਦਾ ਖ਼ਦਸ਼ਾ ਮੰਨ ਰਹੇ ਹਨ। ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਭਾਜਪਾ ਆਗੂਆਂ ਨੂੰ ਵੀ ਪੈਰਾਸ਼ੂਟ ਰਾਹੀਂ ਉਤਾਰੇ ਗਏ ਹੰਸ ਰਾਜ ਹੰਸ ਦੀ ਉਮੀਦਵਾਰੀ ’ਤੇ ਇਤਰਾਜ਼ ਤਾਂ ਹੈ ਪਰ ਉਹ ਕਿਸੇ ਢੁਕਵੇਂ ਸਮੇਂ ਦੀ ਤਲਾਸ਼ ਵਿਚ ਹਨ।

(For more Punjabi news apart from fear of rebellion in almost all political parties amid Lok Sabha Election 2024, stay tuned to Rozana Spokesman)