ਕਾਂਗਰਸ ਡਰੀ ਨਹੀਂ, ਇਹ ਵਿਰੋਧੀਆਂ ਦੀਆਂ ਅੱਖਾਂ 'ਤੇ ਪਿਆ ਪਰਦਾ ਹੈ ਜੋ ਚੋਣ ਨਤੀਜੇ ਤੋਂ ਬਾਅਦ ਹਟ ਜਾਵੇਗਾ : ਪ੍ਰੋ. ਕਰਮਜੀਤ ਕੌਰ ਚੌਧਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਚੌਧਰੀ ਪ੍ਰਵਾਰ ਦਾ ਕਿਲ੍ਹਾ ਜਲੰਧਰ ਵਾਸੀਆਂ ਦੇ ਸਿਰ 'ਤੇ ਬਣਿਆ ਹੈ, ਇਹ ਧਰਮ ਅਸੀ ਮਰਦੇ ਦਮ ਤਕ ਨਿਭਾਵਾਂਗੇ 

Prof. Karamjit Kaur Chaudhary

ਜਲੰਧਰ (ਸੁਰਖ਼ਾਬ ਚੰਨ, ਕੋਮਲਜੀਤ ਕੌਰ) : ਲੋਕ ਸਭਾ ਜ਼ਿਮਨੀ ਚੋਣ ਦੇ ਚਲਦਿਆਂ ਜਲੰਧਰ 'ਚ ਸਿਆਸੀ ਪਾਰਟੀਆਂ ਵਲੋਂ ਵਿੱਢੀ ਚੋਣ ਮੁਹਿੰਮ ਜ਼ੋਰਾਂ 'ਤੇ ਹੈ। ਹਾਲਾਂਕਿ, ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ ਅਤੇ ਇਸ ਮੌਕੇ ਕਾਂਗਰਸ ਦੇ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਵਲੋਂ ਲੋਕਾਂ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਗਲਬਾਤ ਕਰਦਿਆਂ ਪ੍ਰੋ. ਕਰਮਜੀਤ ਕੌਰ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਾਸੀਆਂ ਦਾ ਪਿਆਰ ਛਲਕ-ਛਲਕ ਕੇ ਪੈ ਰਿਹਾ ਹੈ। ਕਾਂਗਰਸ ਪਾਰਟੀ ਲਈ ਜਨਤਾ ਦੇ ਇਸ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਧਨਵਾਦ ਕਰਦੀ ਹਾਂ।

ਇਹ ਵੀ ਪੜ੍ਹੋ: ਸਿਹਤ ਵਿਭਾਗ ਦੀ ਟੀਮ ਵਲੋਂ ਮੈਡੀਕਲ ਸਟੋਰ 'ਤੇ ਛਾਪੇਮਾਰੀ, 22 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਪ੍ਰੋ. ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਨਤਾ 'ਤੇ ਪੂਰਨ ਭਰੋਸਾ ਹੈ ਕਿ ਉਹ ਅਪਣੀ ਵੋਟ ਦੀ ਸਹੀ ਵਰਤੋਂ ਕਰਨਗੇ ਅਤੇ 10 ਤਰੀਕ ਨੂੰ ਹੋਣ ਵਾਲੀ ਚੋਣ ਦੌਰਾਨ ਪੰਜੇ ਦੇ ਨਿਸ਼ਾਨ ਵਾਲੇ ਬਟਨ ਨੂੰ ਹੀ ਦਬਾਉਣਗੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰੋ. ਚੌਧਰੀ ਨੇ ਕਿਹਾ ਕਿ ਚੌਧਰੀ ਪ੍ਰਵਾਰ ਦਾ ਕਿਲ੍ਹਾ ਜਲੰਧਰ ਵਾਸੀਆਂ ਦੇ ਸਿਰ 'ਤੇ ਬਣਿਆ ਹੈ, ਇਹ ਧਰਮ ਅਸੀ ਮਰਦੇ ਦਮ ਤਕ ਨਿਭਾਵਾਂਗੇ ਜਿਸ ਨੂੰ ਚੌਧਰੀ ਸਾਹਬ ਨੇ ਸ਼ਹਾਦਤ ਦੇ ਕੇ ਸਾਬਤ ਵੀ ਕੀਤਾ ਹੈ।

ਕਾਂਗਰਸ ਵਲੋਂ ਬੂਥ ’ਤੇ ਕਬਜ਼ਾ ਕਰਨ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਸੀ ਜਿਸ 'ਤੇ ਵਿਰੋਧੀਆਂ ਨੇ ਕਾਂਗਰਸ 'ਤੇ ਨਿਸ਼ਾਨਾਂ ਸਾਧਿਆ ਕਿ ਉਨ੍ਹਾਂ ਦੀ ਪਾਰਟੀ ਡਰੀ ਹੋਈ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰੋ. ਚੌਧਰੀ ਨੇ ਕਿਹਾ ਕਿ ਜੇਕਰ ਉਹ ਕਹਿ ਰਹੇ ਹਨ ਕਿ ਕਾਂਗਰਸ ਡਰ ਗਈ ਹੈ ਤਾਂ ਇਹ ਮਹਿਜ਼ ਉਨ੍ਹਾਂ ਦੀਆਂ ਅੱਖਾਂ 'ਤੇ ਪਿਆ ਇਕ ਪਰਦਾ ਹੈ ਜੋ ਇਸ ਚੋਣ ਦਾ ਨਤੀਜਾ ਆਉਣ ਤੋਂ ਬਾਅਦ ਹਟ ਜਾਵੇਗਾ।