ਬਿਹਾਰ ਵਿਧਾਨ ਸਭਾ ਚੋਣਾਂ: ਵੱਡੀ ਗਿਣਤੀ ’ਚ ਵੋਟਾਂ ਨੇ ਵਿਰੋਧੀਆਂ ਨੂੰ ‘65 ਵੋਲਟ ਦਾ ਝਟਕਾ’ ਦਿਤਾ : ਮੋਦੀ
ਕਿਹਾ, ਆਰ.ਜੇ.ਡੀ. ਦੀ ਅਗਵਾਈ ਵਾਲੀ ਸਰਕਾਰ ਬਣੀ ਤਾਂ ਲੋਕਾਂ ਨੂੰ ਸਿਰ ਉਤੇ ‘ਕੱਟਾ’ ਰੱਖ ਕੇ ‘ਹੱਥ’ ਖੜ੍ਹੇ ਕਰਨ ਦਾ ਹੁਕਮ ਦੇਵੇਗੀ
ਸੀਤਾਮੜ੍ਹੀ/ਬੇਤੀਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਲੋਕਾਂ ਨੇ ਵਿਰੋਧੀ ਧਿਰ ‘ਇੰਡੀਆ’ ਬਲਾਕ ਨੂੰ ‘65 ਵੋਲਟ ਦਾ ਝਟਕਾ’ ਦਿਤਾ ਹੈ ਅਤੇ ਹੁਣ ਉਸ ਦੀਆਂ ਰਾਤਾਂ ਦੀ ਨੀਂਦ ਉਡ ਗਈ ਹੈ।
ਸਨਿਚਰਵਾਰ ਨੂੰ ਮੋਦੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਅਪਣੀ ਵਿਆਪਕ ਮੁਹਿੰਮ ਨੂੰ ਖਤਮ ਕਰ ਦਿਤਾ, ਜਿੱਥੇ ਉਨ੍ਹਾਂ ਨੇ ਵੋਟਰਾਂ ਨੂੰ ਚੇਤਾਵਨੀ ਦਿਤੀ ਕਿ ਜੇ ਆਰ.ਜੇ.ਡੀ. ਦੀ ਅਗਵਾਈ ਵਾਲੀ ਵਿਰੋਧੀ ਧਿਰ ਸੱਤਾ ਵਿਚ ਆਉਂਦੀ ਹੈ, ਤਾਂ ਉਹ ਉਨ੍ਹਾਂ ਨੂੰ ਅਪਣੇ ਸਿਰ ਉਤੇ ‘ਕੱਟਾ’ ਰੱਖ ਕੇ ‘ਹੱਥ’ ਖੜ੍ਹੇ ਕਰਨ ਦਾ ਹੁਕਮ ਦੇਵੇਗੀ।
ਪ੍ਰਧਾਨ ਮੰਤਰੀ ਨੇ ਐਨ.ਡੀ.ਏ. ਦੀ ਜਿੱਤ ਦਾ ਭਰੋਸਾ ਜਤਾਉਂਦੇ ਹੋਏ ਦਾਅਵਾ ਕੀਤਾ ਕਿ ਪਹਿਲੇ ਪੜਾਅ ਵਿਚ ਵੱਧ ਵੋਟਿੰਗ ਸੱਤਾਧਾਰੀ ਗਠਜੋੜ ਦੇ ਹੱਕ ਵਿਚ ਸੀ। ਮੋਦੀ ਨੇ 121 ਵਿਧਾਨ ਸਭਾ ਹਲਕਿਆਂ ’ਚ 65.09 ਫੀ ਸਦੀ ਵੋਟਿੰਗ ਦਾ ਜ਼ਿਕਰ ਕਰਦਿਆਂ ਕਿਹਾ, ‘‘ਤੁਸੀਂ ਵਿਰੋਧੀ ਧਿਰ ਨੂੰ 65 ਵੋਲਟ ਝਟਕਾ ਦਿਤਾ ਹੈ, ਜੋ ਹੁਣ ਨੀਂਦ ਤੋਂ ਬਗੈਰ ਰਾਤਾਂ ਗੁਜ਼ਾਰ ਰਹੀ ਹੈ।’’
ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਪਹਿਲੇ ਪੜਾਅ ਦਾ ਰੀਕਾਰਡ ਤੋੜਨ ਅਤੇ ਇਹ ਯਕੀਨੀ ਬਣਾਉਣ ਕਿ ਐਨ.ਡੀ.ਏ. ਨਾ ਸਿਰਫ ਸਾਰੀਆਂ ਸੀਟਾਂ ਜਿੱਤੇ, ਬਲਕਿ ਹਰ ਬੂਥ ਉਤੇ ਲੀਡ ਕਾਇਮ ਕਰੇ।