‘ਆਪ’ ਪੰਜ ਸੂਬਿਆਂ ’ਚ ਕਾਂਗਰਸ ਨਾਲ ਗੱਠਜੋੜ ਲਈ ਤਿਆਰ: ਗੋਪਾਲ ਰਾਏ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਅਗਲੀ ਮੀਟਿੰਗ ’ਚ ਸੀਟ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣਗੇ

Gopal Roy

ਨਵੀਂ ਦਿੱਲੀ, 9 ਜਨਵਰੀ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਮੇਤ ਪੰਜ ਸੂਬਿਆਂ ’ਚ ਕਾਂਗਰਸ ਨਾਲ ਗੱਠਜੋੜ ਕਰ ਕੇ ਚੋਣਾਂ ਲੜਨ ’ਤੇ ਅਪਣਾ ਸਟੈਂਡ ਕਾਇਮ ਰੱਖਿਆ ਹੈ ਅਤੇ ਕਿਹਾ ਹੈ ਕਿ ਹੁਣ ਤਕ ਦੀ ਚਰਚਾ ਸਕਾਰਾਤਮਕ ਰਹੀ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦਾ ਹਿੱਸਾ ‘ਆਪ’ ਅਤੇ ਕਾਂਗਰਸ ਨੇ ਸੋਮਵਾਰ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ’ਤੇ ਚਰਚਾ ਕੀਤੀ। ਰਾਏ ਨੇ ਇਕ ਪ੍ਰੈਸ ਕਾਨਫਰੰਸ ਤੋਂ ਵੱਖ ਪੱਤਰਕਾਰਾਂ ਨੂੰ ਕਿਹਾ, ‘‘ਦੋਹਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ। ਅਸੀਂ ਦਿੱਲੀ, ਪੰਜਾਬ, ਹਰਿਆਣਾ, ਗੋਆ ਅਤੇ ਗੁਜਰਾਤ ’ਚ ਗੱਠਜੋੜ ਦੇ ਰੂਪ ’ਚ ਚੋਣਾਂ ਲੜਨ ’ਤੇ ਅਪਣਾ ਸਟੈਂਡ ਕਾਇਮ ਰੱਖਿਆ ਹੈ। ਹੁਣ ਤਕ ਸਕਾਰਾਤਮਕ ਚਰਚਾ ਹੋਈ ਹੈ।’’

ਇਹ ਪੁੱਛੇ ਜਾਣ ’ਤੇ ਕਿ ਪਾਰਟੀ ਕਿਹੜੀਆਂ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ, ‘ਆਪ’ ਨੇਤਾ ਨੇ ਕਿਹਾ ਕਿ ਇਨ੍ਹਾਂ ਸੂਬਿਆਂ ’ਚ ਕਿਸੇ ਵਿਸ਼ੇਸ਼ ਸੀਟ ’ਤੇ ਕੋਈ ਚਰਚਾ ਨਹੀਂ ਹੋਈ। ਦਿੱਲੀ ਅਤੇ ਪੰਜਾਬ ’ਚ ‘ਆਪ’ ਦੀ ਸਰਕਾਰ ਹੈ। ਕਾਂਗਰਸ ਦੀਆਂ ਦੋਵੇਂ ਸੂਬਾ ਇਕਾਈਆਂ ‘ਆਪ’ ਨਾਲ ਕਿਸੇ ਵੀ ਸਮਝੌਤੇ ਦਾ ਵਿਰੋਧ ਕਰ ਰਹੀਆਂ ਹਨ। 

ਪੰਜਾਬ ’ਚ ਕਾਂਗਰਸ ਅਤੇ ‘ਆਪ’ ਵਿਚਾਲੇ ਗੱਠਜੋੜ ’ਚ ਚੋਣਾਂ ਲੜਨ ਨੂੰ ਲੈ ਕੇ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਰਾਏ ਨੇ ਕਿਹਾ, ‘‘ਅਸੀਂ ਗੱਠਜੋੜ ਨਾਲ ਚੋਣਾਂ ਲੜਨਾ ਚਾਹੁੰਦੇ ਹਾਂ। ਅਗਲੀ ਮੀਟਿੰਗ ’ਚ ਸੀਟ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਜਦੋਂ ਅਸੀਂ ਗੱਠਜੋੜ ’ਚ ਹੁੰਦੇ ਹਾਂ ਤਾਂ ਸਾਨੂੰ ਅਧਿਕਾਰਤ ਸਟੈਂਡ ਲੈਣਾ ਪੈਂਦਾ ਹੈ। ਦੋਵੇਂ ਧਿਰਾਂ ਅਪਣੀਆਂ ਤਿਆਰੀਆਂ ਕਰਨਗੀਆਂ ਅਤੇ ਫਿਰ ਇਸ (ਅਧਿਕਾਰਤ ਸਟੈਂਡ) ਬਾਰੇ ਵਿਚਾਰ-ਵਟਾਂਦਰੇ ਕਰਨਗੀਆਂ।’’

ਕਾਂਗਰਸ ਅਤੇ ‘ਆਪ’ ਨੇ ਸੋਮਵਾਰ ਨੂੰ ਪੰਜਾਬ, ਦਿੱਲੀ ਅਤੇ ਹੋਰ ਸੂਬਿਆਂ ’ਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦੀ ਸੰਭਾਵਨਾ ’ਤੇ ਚਰਚਾ ਕੀਤੀ। ਉਨ੍ਹਾਂ ਨੇ ‘ਇੰਡੀਆ’ ਗੱਠਜੋੜ ਦੇ ਦੋ ਪ੍ਰਮੁੱਖ ਭਾਈਵਾਲਾਂ ਵਿਚਾਲੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਮੁੜ ਮਿਲਣ ਦਾ ਫੈਸਲਾ ਕੀਤਾ। (ਪੀਟੀਆਈ)