ਥਰੂਰ ਦੀ ਤਾਰੀਫ਼ ਕਰ ਕੇ ਮੁਕਰੇ ਭਾਜਪਾ ਆਗੂ, ਕਿਹਾ ਟਿਪਣੀ ਦਾ ਗ਼ਲਤ ਮਤਲਬ ਕਢਿਆ ਗਿਆ

ਏਜੰਸੀ

ਖ਼ਬਰਾਂ, ਰਾਜਨੀਤੀ

ਰਾਜਗੋਪਾਲ ਨੇ ਸਭਿਅਕ ਬਿਆਨ ਦਿਤਾ, ਸ਼ਾਇਦ ਭਾਜਪਾ ਦੇ ਹੁਕਮ ’ਤੇ ਮੁੱਕਰੇ : ਥਰੂਰ

Shashi Tharoor and O. Rajgopal

ਤਿਰੂਵਨੰਤਪੁਰਮ: ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਸ਼ੰਸਾ ਕਰਨ ਅਤੇ ਉਨ੍ਹਾਂ ਦੇ ਆਉਣ ਵਾਲੇ ਸਮੇਂ ’ਚ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਤੋਂ ਕਾਂਗਰਸ ਨੇਤਾ ਨੂੰ ਹਰਾਉਣਾ ਮੁਸ਼ਕਲ ਹੋਣ ਦੀ ਗੱਲ ਕਹਿਣ ਦੇ ਕੁੱਝ ਘੰਟਿਆਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਓ. ਰਾਜਗੋਪਾਲ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸ਼ਬਦਾਂ ਦਾ ਗਲਤ ਅਰਥ ਕਢਿਆ ਗਿਆ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਲੋਕ ਸਭਾ ਚੋਣਾਂ ’ਚ ਤਿਰੂਵਨੰਤਪੁਰਮ ਹਲਕੇ ਤੋਂ ਜਿੱਤੇਗੀ। ਤਿਰੂਵਨੰਤਪੁਰਮ ਤੋਂ 2014 ਦੀਆਂ ਲੋਕ ਸਭਾ ਚੋਣਾਂ ’ਚ ਥਰੂਰ ਤੋਂ ਹਾਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਰਾਜਗੋਪਾਲ ਨੇ ਸੋਮਵਾਰ ਸ਼ਾਮ ਨੂੰ ਇੱਥੇ ਇਕ ਸਮਾਰੋਹ ’ਚ ਕਿਹਾ ਕਿ ਕਾਂਗਰਸ ਸੰਸਦ ਮੈਂਬਰ ਦੀ ਲੋਕਾਂ ਦੇ ਦਿਮਾਗ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਇਸ ਹਲਕੇ ਤੋਂ ਵਾਰ-ਵਾਰ ਜਿੱਤ ਦਾ ਕਾਰਨ ਹੈ।

ਉਨ੍ਹਾਂ ਨੇ ਐਨ. ਰਾਮਚੰਦਰਨ ਫਾਊਂਡੇਸ਼ਨ ਪੁਰਸਕਾਰ ਸਮਾਰੋਹ ’ਚ ਕਿਹਾ, ‘‘ਇਸ ਲਈ ਉਹ (ਥਰੂਰ) ਤਿਰੂਵਨੰਤਪੁਰਮ ਤੋਂ ਵਾਰ-ਵਾਰ ਜਿੱਤਣ ’ਚ ਸਫਲ ਰਹੇ ਹਨ। ਮੈਨੂੰ ਸ਼ੱਕ ਹੈ ਕਿ ਨੇੜਲੇ ਭਵਿੱਖ ਵਿਚ ਕਿਸੇ ਹੋਰ ਨੂੰ (ਤਿਰੂਵਨੰਤਪੁਰਮ ਤੋਂ) ਜਿੱਤਣ ਦਾ ਮੌਕਾ ਮਿਲੇਗਾ।’’ ਥਰੂਰ ਨੇ ਰਾਜਗੋਪਾਲ ਦੇ ਪੈਰ ਛੂਹੇ ਅਤੇ ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਨੂੰ ਜੱਫੀ ਪਾਈ। ਹਾਲਾਂਕਿ, ਕੁੱਝ ਘੰਟਿਆਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਨੇ ਦੇਰ ਰਾਤ ਫੇਸਬੁੱਕ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੀ ਟਿਪਣੀ ਦਾ ਉਦੇਸ਼ ਥਰੂਰ ਦੇ ਤਿਰੂਵਨੰਤਪੁਰਮ ਲੋਕ ਸਭਾ ਹਲਕੇ ਤੋਂ ਇਕ ਤੋਂ ਵੱਧ ਵਾਰ ਜਿੱਤਣ ਦੇ ਸੰਦਰਭ ਵਿਚ ਸੀ। (ਪੀਟੀਆਈ)

ਰਾਜਗੋਪਾਲ ਦੇ ਸਪੱਸ਼ਟੀਕਰਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਥਰੂਰ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸ਼ਾਇਦ ਭਾਜਪਾ ਦੇ ਹੁਕਮ ’ਤੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸਿਰਫ ਇਕ ਦਿਨ ਪਹਿਲਾਂ ਦਿਤੇ ਰਾਜਗੋਪਾਲ ਦੇ ਬਿਆਨ ਨੂੰ ਸੱਭਿਅਕ ਵਿਵਹਾਰ ਵਜੋਂ ਵੇਖਦੇ ਹਨ।