ਭਲਕੇ ਕਾਂਗਰਸ ਭਵਨ ਵਿਖੇ ਸ਼ਾਮ 5 ਵਜੇ ਹੋਵੇਗੀ ਕਾਂਗਰਸ ਵਿਧਾਇਕ ਦਲ ਦੀ ਪਹਿਲੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

PPCC ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਜਾਣਕਾਰੀ, ਸਾਰੇ ਨਵੇਂ ਵਿਧਾਇਕਾਂ ਨੂੰ ਮੀਟਿੰਗ ਵਿਚ ਹਾਜ਼ਰ ਰਹਿਣ ਲਈ ਕਿਹਾ 

The first meeting of the Congress Legislative Party will be held tomorrow at 5 pm at the Congress Bhawan

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਠੀਕ ਇਕ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਇਹ ਫੈਸਲਾ ਕੀਤਾ ਗਿਆ ਕਿ ਕਾਂਗਰਸ ਵਿਧਾਇਕ ਦਲ ਦੀ ਪਹਿਲੀ ਮੀਟਿੰਗ 10 ਮਾਰਚ ਨੂੰ ਸ਼ਾਮ 5 ਵਜੇ ਪ੍ਰਦੇਸ਼ ਕਾਂਗਰਸ ਦੇ ਦਫ਼ਤਰ (ਕਾਂਗਰਸ ਭਵਨ, ਸੈਕਟਰ 15) ਵਿਖੇ ਹੋਵੇਗੀ।

ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਬੇਨਤੀ ਹੈ ਕਿ ਉਹ ਇਸ ਮੀਟਿੰਗ 'ਚ ਜ਼ਰੂਰ ਹਾਜ਼ਰ ਹੋਣ। ਜ਼ਿਕਰਯੋਗ ਹੈ ਕਿ 20 ਫਰਵਰੀ ਨੂੰ ਪੰਜਾਬ ਸਮੇਤ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਹੋਈਆਂ ਸਨ, ਜਿਸ ਦੇ ਨਤੀਜੇ ਭਲਕੇ 10 ਮਾਰਚ ਨੂੰ ਐਲਾਨੇ ਜਾ ਰਹੇ ਹਨ।

ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਨੀਪੁਰ ਅਤੇ ਪੰਜਾਬ ਵਿੱਚ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਵੇਗੀ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ ਪਰ ਸਿਆਸੀ ਮਾਹਰ ਕੁਝ ਹੋਰ ਹੀ ਕਿਆਸਰਾਈਆਂ ਲਗਾ ਰਹੇ ਹਨ।

ਇਸ ਸਭ ਦੇ ਮੱਦੇਨਜ਼ਰ ਕਾਂਗਰਸ ਨੇ ਆਪਣੇ ਵਿਧਾਇਕਾਂ ਦੀ ਕੱਲ੍ਹ ਸ਼ਾਮ ਨੂੰ ਮੀਟਿੰਗ ਸੱਦੀ ਹੈ। ਕਾਂਗਰਸ ਦੇ ਸੂਤਰਾਂ ਮੁਤਾਬਕ ਪਾਰਟੀ ਪੰਜਾਬ ਵਿੱਚ ਸਮਰਥਨ ਪ੍ਰਾਪਤ ਕਰਨ ਲਈ ਆਜ਼ਾਦ ਵਿਧਾਇਕਾਂ ਨਾਲ ਗੱਲਬਾਤ ਕਰੇਗੀ।