West Bengal News: ਝਾਰਗ੍ਰਾਮ ਤੋਂ ਭਾਜਪਾ ਸੰਸਦ ਮੈਂਬਰ ਕੁਨਾਰ ਹੇਮਬ੍ਰੋਮ ਨੇ ਦਿਤਾ ਅਸਤੀਫਾ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਮੈਂ ਅਪਣਾ ਸਮਾਂ ਕਿਤਾਬਾਂ ਲਿਖਣ ਅਤੇ ਸਮਾਜ ਸੇਵਾ ਕਰਨ ’ਚ ਬਿਤਾਉਣਾ ਪਸੰਦ ਕਰਾਂਗਾ

BJP MP from Jhargram Kunar Hembrom resigned

West Bengal News: ਪਛਮੀ ਬੰਗਾਲ ਦੇ ਝਾਰਗ੍ਰਾਮ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਕੁਨਾਰ ਹੇਮਬਰਾਮ ਨੇ ਸਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਨਿੱਜੀ ਕਾਰਨਾਂ ਕਰ ਕੇ ਪਾਰਟੀ ਤੋਂ ਅਸਤੀਫਾ ਦੇ ਦਿਤਾ ਹੈ।

ਹੇਮਬਰਾਮ ਨੇ ਸਵੇਰੇ ਅਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ ਪਰ ਦੁਪਹਿਰ ਨੂੰ ਦਸਿਆ ਕਿ ਉਹ ਸੰਸਦ ਮੈਂਬਰ ਬਣੇ ਰਹਿਣਗੇ। ਉਨ੍ਹਾਂ ਕਿਹਾ, ‘‘ਫਿਲਹਾਲ ਮੈਂ ਅਪਣੇ ਅਹੁਦੇ ’ਤੇ ਬਣੇ ਰਹਾਂਗਾ ਕਿਉਂਕਿ ਮੇਰਾ ਕਾਰਜਕਾਲ ਦੋ ਮਹੀਨਿਆਂ ’ਚ ਖਤਮ ਹੋ ਰਿਹਾ ਹੈ। ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਚਾਨਕ ਅਸਤੀਫਾ ਦੇਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।’’

ਪਹਿਲੀ ਵਾਰ ਸੰਸਦ ਮੈਂਬਰ ਬਣੇ ਹੇਮਬਰਾਮ ਨੇ ਕਿਹਾ ਕਿ ਉਹ ਕਿਸੇ ਹੋਰ ਸਿਆਸੀ ਪਾਰਟੀ ’ਚ ਸ਼ਾਮਲ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ਮੈਂ ਅਪਣਾ ਸਮਾਂ ਕਿਤਾਬਾਂ ਲਿਖਣ ਅਤੇ ਸਮਾਜ ਸੇਵਾ ਕਰਨ ’ਚ ਬਿਤਾਉਣਾ ਪਸੰਦ ਕਰਾਂਗਾ।’’

ਭਾਜਪਾ ਦੀ ਸੂਬਾ ਇਕਾਈ ਦੇ ਬੁਲਾਰੇ ਸਮਿਕ ਭੱਟਾਚਾਰੀਆ ਨੇ ਕਿਹਾ ਕਿ ਹੇਮਬ੍ਰੋਮ ਨੇ ਕੁੱਝ ਦਿਨ ਪਹਿਲਾਂ ਪਾਰਟੀ ਨੂੰ ਅਪਣੇ ਫੈਸਲੇ ਬਾਰੇ ਸੂਚਿਤ ਕੀਤਾ ਸੀ। ਭਾਜਪਾ ਨੇ ਅਜੇ ਰਾਜ ਦੇ ਜੰਗਲਮਹਿਲ ਖੇਤਰ ਦੀ ਝਾਰਗ੍ਰਾਮ ਸੀਟ ਲਈ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਇਹ ਸੀਟ ਜਿੱਤੀ ਸੀ।

ਇਸ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਨੇ ਹਾਰ ਦਾ ਅਹਿਸਾਸ ਕਰਦੇ ਹੋਏ ਅਸਤੀਫਾ ਦੇ ਦਿਤਾ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸ਼ਾਂਤਨੂ ਸੇਨ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਭਾਜਪਾ ਸੀਟ ਹਾਰਨ ਜਾ ਰਹੀ ਹੈ। ਇਸ ਲਈ ਉਨ੍ਹਾਂ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ।

(For more Punjabi news apart from West Bengal News BJP MP from Jhargram Kunar Hembrom resigned, stay tuned to Rozana Spokesman)