ਕੋਰੋਨਾ ਮਹਾਂਮਾਰੀ ਤਾਲਾਬੰਦੀ ਵਾਂਗ ਹੁਣ ਲੋਕ ਸੀਲਿੰਗ ਬਾਰੇ ਵੀ ਹੋਣ ਜਾਗਰੂਕ

ਏਜੰਸੀ

ਖ਼ਬਰਾਂ, ਰਾਜਨੀਤੀ

ਨਵੇਂ ਨਿਯਮ ਤੇ ਬੰਦਸ਼ਾਂ ਦੀ ਪਾਲਣਾ ਹੋਵੇਗੀ ਹੋਰ ਜ਼ਰੂਰੀ

checking



ਚੰਡੀਗੜ੍ਹ, 9 ਅਪ੍ਰੈਲ (ਨੀਲ ਭਲਿੰਦਰ ਸਿੰਘ): ਕੋਵਿਡ 19 ਮਹਾਂਮਾਰੀ ਨਾਲ ਜੂਝ ਰਹੇ ਭਾਰਤ ਵਲੋਂ ਇਨ੍ਹੀ ਦਿਨੀ ਜਾਰੀ 21 ਦਿਨਾਂ ਮੁਕੰਮਲ ਤਾਲਾਬੰਦੀ (ਲਾਕਡਾਉਨ) ਦੌਰਾਨ ਜ਼ਿਆਦਾ ਸੰਵੇਦਨਸ਼ੀਲ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਦੀ ਪ੍ਰੀਕਿਰਿਆ ਲਗਾਤਾਰ ਜਾਰੀ ਹੈ। ਵੱਧ ਕੇਸਾਂ ਅਤੇ ਤੇਜ਼ੀ ਨਾਲ ਬੀਮਾਰੀ ਫ਼ੈਲਣ ਜਿਹੇ ਮਾਪਦੰਡਾਂ ਦੇ ਆਧਾਰ ਉਤੇ ਸੂਚੀਬੱਧ ਕੀਤੇ ਜਾ ਰਹੇ ਇਨ੍ਹਾਂ ਇਲਾਕਿਆਂ ਨੂੰ ਹਾਟਸਪਾਟ ਕਿਹਾ ਗਿਆ ਹੈ। ਇਨ੍ਹਾਂ ਵਿਚ ਪੂਰੇ ਮੁਲਕ ਅੰਦਰ 200 ਤੋਂ ਵੱਧ ਜ਼ਿਲ੍ਹੇ ਸ਼ਾਮਲ ਦਸੇ ਜਾ ਰਹੇ ਹਨ। ਪੰਜਾਬ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨੂੰ ਇਨ੍ਹਾਂ ਵਿਚ ਸ਼ੁਮਾਰ ਮੰਨਿਆ ਜਾ ਰਿਹਾ ਹੈ। ਹੁਣ ਜਦੋਂ  ਕੋਰੋਨਾ ਦਾ ਕਹਿਰ ਦੇਸ਼ ਵਿਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤਾਂ ਇਸ ਉੱਤੇ ਕਾਬੂ ਪਾਉਣ ਲਈ ਲਗਾਏ ਗਏ ਲਾਕਡਾਉਨ ਦੇ ਬਾਵਜੂਦ ਕਈ ਇਲਾਕੀਆਂ ਵਿਚ ਹਾਲਾਤ ਬੇਕਾਬੂ ਹੁੰਦੇ ਹੋਏ ਵਿਖਾਈ ਦਿਤੇ ਹਨ। ਅਜਿਹੇ ਵਿਚ ਸਰਕਾਰ ਨੇ ਮਹਾਰਾਸ਼ਟਰ, ਦਿੱਲੀ, ਯੂਪੀ ਅਤੇ ਮੱਧ ਪ੍ਰਦੇਸ਼ ਦੇ ਕੋਰੋਨਾ ਹਾਟਸਪਾਟ ਇਲਾਕੀਆਂ ਨੂੰ ਸੀਲ ਵੀ ਕਰ ਦਿਤਾ ਹੈ। ਸੀਲਿੰਗ ਦੀ ਪਰਿਕ੍ਰੀਆ ਜ਼ਿਆਦਾ ਸਖ਼ਤ ਹੁੰਦੀ ਹੈ। ਇਸ ਵਿਚ ਪ੍ਰਸ਼ਾਸਨ ਦੀ ਇਜਾਜਤ ਬਗੈਰ ਕਿਸੇ ਦੀ ਵੀ ਐਂਟਰੀ ਨਹੀਂ ਹੋ ਸਕਦੀ ਹੈ। ਅਜਿਹੇ ਵਿਚ ਲੋਕਾਂ ਨੂੰ ਲਾਕਡਾਉਨ ਤੋਂ ਬਾਅਦ ਹੁਣ ਸੀਲਿੰਗ ਬਾਰੇ ਵੱਧ ਜਾਗਰੂਕ ਹੋਣ ਦੀ ਲੋੜ ਹੋਵੇਗੀ। ਕਿਉਂਕਿ  ਨਵੇਂ ਨਿਯਮ ਅਤੇ ਨਵੀਆਂ ਬੰਦਸ਼ਾਂ ਲਾਗੂ ਹੋਣਗੀਆਂ, ਜਿਨ੍ਹਾਂ ਦੀ ਪਾਲਣਾ ਵੀ ਹੋਰ ਜ਼ਰੂਰੀ ਹੈ।

ਲਾਕਡਾਉਨ ਦੇ ਮੁਕਾਬਲੇ ਸੀਲਿੰਗ ਵਿਚ ਸਖ਼ਤ ਕਾਰਵਾਈ ਤੈਅ
 


ਜ਼ਿਕਰਯੋਗ ਹੈ ਕਿ ਤਾਲਾਬੰਦੀ (ਲਾਕਡਾਉਨ) ਲਾਗੂ ਹੋਣ ਉੱਤੇ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਦੂਜੀਆਂ ਸਾਰੀਆਂ ਸੇਵਾਵਾਂ ਉੱਤੇ ਰੋਕ ਲਗਾ ਦਿਤੀ ਜਾਂਦੀ ਹੈ। ਲਾਕਡਾਉਨ ਦਾ ਮਤਲੱਬ ਹੈ ਕਿ ਬੇਲੋੜੇ ਕੰਮ ਕਾਜ ਲਈ ਸੜਕਾਂ ਉੱਤੇ ਨਾ ਨਿਕਲਿਆ ਜਾਵੇ। ਜੇਕਰ ਲਾਕਡਾਉਨ ਕਾਰਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ  ਤਾਂ ਸਬੰਧਤ ਪੁਲਿਸ ਥਾਣੇ, ਜ਼ਿਲ੍ਹਾ ਕਲੈਕਟਰ, ਪੁਲਿਸ ਮੁਖੀ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਫ਼ੋਨ ਕਰ ਕੇ ਮਦਦ ਮੰਗ ਸਕਦੇ ਹਨ। ਇਸੇ ਤਰ੍ਹਾਂ ਲਾਕਡਾਉਨ ਦੌਰਾਨ ਜੇਕਰ ਕੋਈ ਨਿਯਮ ਤੋੜਤਾ ਹੈ ਅਤੇ ਬੇਵਜਾ ਬਾਹਰ ਨਜ਼ਰ ਆਉਂਦਾ ਹੈ ਤਾਂ ਅਜਿਹੇ ਵਿਚ ਪੁਲਿਸ ਤੁਰਤ ਕਾਰਵਾਈ ਨਹੀਂ ਕਰਦੀ ਹੈ। ਉਹ ਉਨ੍ਹਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦੀ ਹੈ ਜਾਂ ਚਿਤਾਵਨੀ ਦੇ ਕੇ ਛੱਡ ਦਿੰਦੀ ਹੈ। ਜਦਕਿ ਸੀਲਿੰਗ ਵਿਚ ਸਖ਼ਤ ਕਾਰਵਾਈ ਤੈਅ ਹੁੰਦੀ ਹੈ।

ਸੀਲਿੰਗ ਦੌਰਾਨ ਜਿਨ੍ਹਾਂ ਕੋਰੋਨਾ ਹਾਟਸਪਾਟ ਖੇਤਰਾਂ ਨੂੰ ਬੰਦ ਕਰਨ ਲਈ ਚੁਣਿਆ ਜਾਂਦਾ ਹੈ ਉਨ੍ਹਾਂ ਵਿਚ ਸਿਰਫ ਪੁਲਿਸ ਕਰਮੀਆਂ, ਸਿਹਤ ਕਰਮੀਆਂ ਅਤੇ ਸਫ਼ਾਈ ਕਰਮੀਆਂ ਨੂੰ ਹੀ ਜਾਣ ਦੀ ਆਗਿਆ ਹੁੰਦੀ ਹੈ। ਇਸ ਦੌਰਾਨ ਮੀਡਿਆ ਨੂੰ ਵੀ ਇਲਾਕੇ ਵਿਚ ਜਾਣ ਨਹੀਂ ਦਿਤਾ ਜਾਂਦਾ। ਹਾਲਾਂਕਿ ਜੇਕਰ ਕੋਈ ਮੀਡਿਆ ਕਰਮੀ ਉਸ ਇਲਾਕੇ ਵਿਚ ਰਹਿੰਦਾ ਹੈ ਤਾਂ ਉਸ ਨੂੰ ਅਪਣੇ ਦਫ਼ਤਰ ਆਉਣ-ਜਾਣ ਦੀ ਵਿਸ਼ੇਸ਼ ਆਗਿਆ ਦਿਤੀ ਜਾਂਦੀ ਹੈ।
ਜ਼ਰੂਰੀ ਨਿਯਮ: ਸੀਲਿੰਗ ਵਾਲੇ ਇਲਾਕੇ ਦੇ ਦੋ ਤੋਂ ਤਿੰਨ ਕਿਲੋਮੀਟਰ ਦੇ ਖੇਤਰ ਵਿਚ ਪ੍ਰਸ਼ਾਸਨ  ਦੇ ਲੋਕਾਂ ਨੂੰ ਛੱਡ ਕੇ ਸੱਭ ਦਾ ਦਾਖ਼ਲਾ ਵਰਜਿਤ ਹੁੰਦਾ ਹੈ। ਇਥੋਂ ਤਕ ਕਿ ਜਿਨ੍ਹਾਂ ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ ਉੱਥੇ ਰਹਿਣ ਵਾਲੇ ਲੋਕ ਵੀ ਕਿਤੇ ਜਾ ਨਹੀਂ ਸਕਦੇ ਹਨ। ਉਨ੍ਹਾਂ ਨੂੰ ਅਪਣੇ ਘਰਾਂ ਵਿਚ ਹੀ ਰਹਿਣਾ ਹੋਵੇਗਾ। ਜੇਕਰ ਕੋਈ ਬੀਮਾਰ ਹੈ ਤਾਂ ਉਸਨੂੰ ਸਿਰਫ਼ ਐਂਬੂਲੈਂਸ ਰਾਹੀਂ ਹੀ ਲੈ ਜਾਇਆ ਜਾ ਸਕੇਗਾ। ਮਰੀਜ ਦੇ ਪਰਵਾਰਕ ਮੈਂਬਰ ਉਸਨੂੰ ਅਪਣੀ ਗੱਡੀ ਵਿਚ ਨਹੀਂ ਲੈ ਜਾ ਸਕਦੇ।

ਸੀਲਿੰਗ 'ਚ ਸਖ਼ਤ ਕਾਰਵਾਈ
ਕੋਵਿਡ ਹਾਟਸਪਾਟ ਖੇਤਰ ਦੀ ਸੀਲਿੰਗ ਦਾ ਅਰਥ ਹੈ ਸਖ਼ਤ ਪਹਿਰਾ। ਇਸ ਲਈ ਇਨ੍ਹਾਂ ਇਲਾਕਿਆਂ ਵਿਚ ਕਿਸੇ ਦਾ ਵੀ ਬਾਹਰ ਨਿਕਲਨਾ ਵਰਜਿਤ ਹੁੰਦਾ ਹੈ। ਇਸ ਦੌਰਾਨ ਜੇਕਰ ਨਿਯਮ ਤੋੜਿਆ ਜਾਂਦਾ ਹੈ ਤਾਂ ਵਿਅਕਤੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਕਿਵੇਂ ਮਿਲੇਗਾ
ਜ਼ਰੂਰੀ ਸਾਮਾਨ?
ਸੀਲਿੰਗ ਖੇਤਰ ਵਿਚ ਕਿਸੇ ਨੂੰ ਵੀ ਬਾਹਰ ਆਉਣ-ਜਾਣ ਦੀ ਆਗਿਆ ਨਹੀਂ ਹੁੰਦੀ। ਅਜਿਹੇ ਵਿਚ ਰਾਸ਼ਨ, ਫਲ, ਸਬਜ਼ੀਆਂ, ਦੁਧ ਜਿਹੀਆਂ ਨਿੱਤ ਵਰਤੋਂ ਦੀਆਂ ਜ਼ਰੂਰੀ ਚੀਜਾਂ ਦੀ ਸਪਲਾਈ ਹੋਮ ਡਿਲੀਵਰੀ ਰਾਹੀਂ ਹੀ ਕੀਤੀ ਜਾਵੇਗੀ। ਇਸਦੇ ਲਈ ਵੀ ਪ੍ਰਸ਼ਾਸਕੀ ਅਧਿਕਾਰੀ ਪਹਿਲਾਂ ਸੂਚੀ  ਬਣਾਉਣਗੇ। ਇਸ ਤੋਂ ਇਲਾਵਾ ਲੋਕਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਸਮਾਨ ਮੁਹਈਆ ਕਰਵਾਇਆ ਜਾਵੇਗਾ।