ਕਿਸੇ ਸਿਆਸੀ ਪਾਰਟੀ ਨਾਲ ਨਹੀਂ ਸਗੋਂ 130 ਕਰੋੜ ਭਾਰਤੀਆਂ ਨਾਲ ਹੋਵੇਗਾ ਸਾਡਾ ਗਠਜੋੜ - ਅਰਵਿੰਦ ਕੇਜਰੀਵਾਲ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਮੈਂ ਕਿਸੇ ਨੂੰ ਹਰਾਉਣਾ ਨਹੀਂ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਦੇਸ਼ ਜਿੱਤੇ

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਦੀ ਏਕਤਾ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਕਿਸੇ ਵੀ ਮਹਾਗਠਜੋੜ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗਠਜੋੜ ਸਿਰਫ਼ 130 ਕਰੋੜ ਭਾਰਤੀਆਂ ਨਾਲ ਹੋਵੇਗਾ।

ਨਾਗਪੁਰ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਬਹੁ-ਪਾਰਟੀ ਗਠਜੋੜ ਨੂੰ ਕਦੇ ਨਹੀਂ ਸਮਝ ਸਕਦੇ ਅਤੇ ਨਾ ਹੀ ਕਿਸੇ ਗਠਜੋੜ ਵਿੱਚ ਦਿਲਚਸਪੀ ਰੱਖਦੇ ਹਨ। ਸੰਬੋਧਨ ਦੌਰਾਨ ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਕਿ ਰਾਜਨੀਤੀ ਕਿਵੇਂ ਕਰਨੀ ਹੈ ਅਤੇ ਮੈਂ ਉਨ੍ਹਾਂ ਦੇ 10 ਜਾਂ ਇਸ ਤੋਂ ਵੱਧ ਪਾਰਟੀਆਂ ਦੇ ਗਠਜੋੜ ਅਤੇ ਕਿਸੇ ਨੂੰ ਹਰਾਉਣ ਲਈ ਬਣਾਏ ਗਠਜੋੜ ਨੂੰ ਨਹੀਂ ਸਮਝਦਾ। ਮੈਂ ਕਿਸੇ ਨੂੰ ਹਰਾਉਣਾ ਨਹੀਂ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਦੇਸ਼ ਜਿੱਤੇ।''

ਕੁਝ ਰਾਜ ਅਤੇ ਇੱਥੋਂ ਤੱਕ ਕਿ ਦੇਸ਼ ਵਿੱਤੀ ਅਸਥਿਰਤਾ ਵੱਲ ਵਧਣ ਦੀਆਂ ਚਿੰਤਾਵਾਂ ਦੇ ਪਿਛੋਕੜ ਵਿੱਚ, ਕੇਜਰੀਵਾਲ ਨੇ ਕਿਹਾ ਕਿ ਅਜਿਹੀਆਂ ਚਿੰਤਾਵਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ, “ਇਹ ਸਾਰੇ ਅਰਥ ਸ਼ਾਸਤਰੀ ਲਿਖ ਰਹੇ ਹਨ ਕਿ ਸਬਸਿਡੀ ਕਲਚਰ ਦੇਸ਼ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਦੇ ਨਹੀਂ ਲਿਖਿਆ ਕਿ ਭ੍ਰਿਸ਼ਟਾਚਾਰ ਦਾ ਸੱਭਿਆਚਾਰ ਦੇਸ਼ ਨੂੰ ਤਬਾਹ ਕਰ ਦੇਵੇਗਾ। ਮੈਂ ਮੁਫ਼ਤ ਵਿਚ ਚੀਜ਼ਾਂ ਦੇਣ ਦੇ ਯੋਗ ਹਾਂ ਕਿਉਂਕਿ ਅਸੀਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਹੈ। ਇਸ ਲਈ ਬਚਾਇਆ ਜਾ ਰਿਹਾ ਪੈਸਾ ਲੋਕਾਂ ਨੂੰ ਵਾਪਸ ਕਰ ਕੀਤਾ ਜਾਵੇਗਾ।"

ਭਾਜਪਾ ਦਾ ਨਾਂ ਲਏ ਬਿਨਾਂ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇੱਕ "ਵੱਡੀ ਪਾਰਟੀ" ਬਲਾਤਕਾਰੀਆਂ ਦੇ ਸਵਾਗਤ ਲਈ ਜਲੂਸ ਕੱਢਣ, ਗੁੰਡਾਗਰਦੀ, ਦੰਗਿਆਂ ਦੀ ਯੋਜਨਾ ਬਣਾ ਰਹੀ ਹੈ। “ਇਸ ਤਰ੍ਹਾਂ ਦੀ ਗੁੰਡਾਗਰਦੀ ਨਾਲ ਦੇਸ਼ ਅੱਗੇ ਨਹੀਂ ਵਧ ਸਕਦਾ।

ਜੇ ਤੁਸੀਂ ਗੁੰਡਾਗਰਦੀ ਅਤੇ ਦੰਗੇ ਚਾਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਦੇ ਨਾਲ ਜਾ ਸਕਦੇ ਹੋ, ਪਰ ਜੇ ਤੁਸੀਂ ਤਰੱਕੀ, ਸਕੂਲ ਅਤੇ ਹਸਪਤਾਲ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਆ ਸਕਦੇ ਹੋ। ਆਓ 130 ਕਰੋੜ ਆਮ ਲੋਕਾਂ ਦਾ ਗਠਜੋੜ ਕਰੀਏ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਧਿਆਨ 2024 ਦੀਆਂ ਲੋਕ ਸਭਾ ਚੋਣਾਂ 'ਤੇ ਨਹੀਂ ਸਗੋਂ ਦੇਸ਼ ਲਈ ਕੰਮ ਕਰਨ 'ਤੇ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੇ ਲੋਕ ਦੇਸ਼ ਦੀ ਸੇਵਾ ਲਈ ਆਪਣਾ ਕਰੀਅਰ ਛੱਡ ਚੁੱਕੇ ਹਨ।