ਸੱਤਾਹੀਣ ਹੋ ਕੇ ਹੀ ਕਿਉਂ ਜਾਗਦਾ ਹੈ ਬਾਦਲਾਂ ਦਾ ਪੰਜਾਬ ਨਾਲ ਪਿਆਰ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸੁਖਬੀਰ ਬਾਦਲ ਇੰਜ ਬਿਆਨ ਦਾਗ਼ ਰਹੇ ਹਨ ਜਿਵੇਂ ਮੋਦੀ ਸਰਕਾਰ ਦੀ ਵਿਰੋਧੀ ਧਿਰ ਵਿਚ ਹੋਣ

Badals’ pseudo love for Punjab comes to fore only when they are out of power: Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਬਾਦਲ ਪਰਵਾਰ ਪੰਜਾਬ ਦੀ ਸੱਤਾ ਵਿਚੋਂ ਬਾਹਰ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਪੰਥ ਅਤੇ ਪੰਜਾਬ ਦਾ ਹੇਜ ਜਾਗ ਜਾਂਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਭਾਵਨਾਤਮਕ ਤੌਰ ਉਤੇ ਇਹ (ਬਾਦਲ) ਪੰਜਾਬ ਦੇ ਪਾਣੀ, ਚੰਡੀਗੜ੍ਹ ਅਤੇ ਪੰਥ ਨੂੰ ਖ਼ਤਰੇ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੰਦੇ ਹਨ, ਪ੍ਰੰਤੂ ਪੰਜਾਬ ਦੇ ਲੋਕ ਬਾਦਲ ਪਰਵਾਰ ਦੀ ਸੱਤਾ ਅਤੇ ਪੈਸੇ ਦੀ ਭੁੱਖ ਬਾਰੇ ਚੰਗੀ ਤਰ੍ਹਾਂ ਸਮਝ ਚੁੱਕੇ ਹਨ, ਇਸ ਲਈ ਪੰਜਾਬ ਦੇ ਲੋਕ ਹੁਣ ਬਾਦਲਾਂ ਦੀਆਂ ਗੁੰਮਰਾਹਕੁੰਨ ਗੱਲਾਂ ਦਾ ਸ਼ਿਕਾਰ ਨਹੀਂ ਹੋਣਗੇ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਅਤੇ ਹੱਕਾਂ ਦੀ ਨਾ ਕਦੇ ਪ੍ਰਵਾਹ ਸੀ ਅਤੇ ਨਾ ਹੀ ਰਹੇਗੀ। ਜੇਕਰ ਹੁੰਦੀ ਤਾਂ ਚੰਡੀਗੜ੍ਹ ਪੰਜਾਬ ਦਾ ਹੁੰਦਾ, ਪੰਜਾਬ ਦੇ ਪਾਣੀ ਲੁੱਟੇ ਨਾ ਜਾਂਦੇ ਅਤੇ ਪੰਜਾਬ ਦੇ ਲੋਕ ਤੇ ਖੇਤ ਇੰਜ ਪਿਆਸੇ ਨਾ ਮਰਦੇ। ਪੰਜਾਬੀ ਬੋਲਦੇ ਇਲਾਕੇ ਪੰਜਾਬ ਅਧੀਨ ਹੁੰਦੇ ਅਤੇ ਪੰਜਾਬ ਅਤੇ ਕਿਸਾਨ ਮਜ਼ਦੂਰਾਂ ਸਿਰ ਲੱਖਾਂ ਕਰੋੜ ਦਾ ਕਰਜ ਨਾ ਚੜ੍ਹਦਾ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1966 ਤੋਂ ਲੈ ਕੇ ਹੁਣ ਤਕ ਦੇ ਦੋ ਦਹਾਕਿਆਂ ਤੋਂ ਵੱਧ ਸਮਾਂ ਅਕਾਲੀ ਦਲ ਪੰਜਾਬ ਉਤੇ ਰਾਜ ਕਰ ਚੁੱਕਿਆ ਹੈ, ਜਿਸ ਵਿਚ ਕਰੀਬ ਸਾਢੇ ਸਤਾਰਾਂ ਸਾਲ ਤਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ। ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁਛਿਆ ਕਿ ਉਹ ਦਸਣ ਇਸ ਰਾਜ ਭਾਗ ਦੌਰਾਨ ਉਨ੍ਹਾਂ ਪੰਜਾਬ ਅਤੇ ਚੰਡੀਗੜ੍ਹ ਬਾਰੇ ਕੀ ਕੀਤਾ?

ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਕੇਂਦਰ ਸਰਕਾਰ ਕੋਲ ਲਟਕੀਆਂ ਮੰਗਾਂ ਬਾਰੇ ਬਾਦਲ ਇੰਜ ਪ੍ਰਤੀਕਿਰਿਆ ਦਿੰਦੇ ਹਨ, ਜਿਵੇਂ ਉਹ ਕੇਂਦਰ ਵਿਚ ਵਿਰੋਧੀ ਧਿਰ ਵਿਚ ਹੁੰਦੇ ਹਨ। ਚੀਮਾ ਨੇ ਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ੍ਹ ਦੇ ਮਾਲੀਆ ਦਾ ਹਿੱਸਾ ਮੰਗਣ ਦੀ ਮੰਗ ਨਾਲ ਸਿਧਾਂਤਕ ਮਤਭੇਦ ਜਤਾਉਂਦਿਆਂ ਕਿਹਾ ਕਿ ਬਾਦਲਾਂ ਨੂੰ ਮਾਲੀਆ ਨਹੀਂ ਸਗੋਂ ਚੰਡੀਗੜ੍ਹ ਦੀ ਮਾਲਕੀ ਹੱਕ ਅਪਣੀ ਐਨਡੀਏ ਸਰਕਾਰ ਤੋਂ ਲੈਣਾ ਚਾਹੀਦਾ ਹੈ, ਜਾਂ ਫਿਰ ਪੰਜਾਬ ਦੇ ਹਿੱਤਾਂ ਲਈ ਨਰਿੰਦਰ ਮੋਦੀ ਸਰਕਾਰ ਅਤੇ ਐਨਡੀਏ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ।