ਨਿਤੀਸ਼ ਕੁਮਾਰ ਦੇ ਦੋਸ਼ਾਂ 'ਤੇ ਪ੍ਰਸ਼ਾਂਤ ਕਿਸ਼ੋਰ ਦਾ ਪਲਟਵਾਰ- 'ਉਮਰ ਦਾ ਅਸਰ ਦਿਸ ਰਿਹਾ ਹੈ'

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ- ਕਹਿਣਾ ਕੁਝ ਹੋਰ ਚਾਹੁੰਦੇ ਹਨ ਪਰ ਬੋਲਦੇ ਕੁਝ ਹੋਰ ਹਨ 

Prashant Kishore vs Nitish Kumar

ਨਵੀਂ ਦਿੱਲੀ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਲਗਾਏ ਗਏ ਗੰਭੀਰ ਦੋਸ਼ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਸੀਐਮ ਨਿਤੀਸ਼ ਦੇ ਇੱਕ ਇਲਜ਼ਾਮ ਦਾ ਜਵਾਬ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਹੁਣ ਹੌਲੀ-ਹੌਲੀ ਨਿਤੀਸ਼ ਕੁਮਾਰ 'ਤੇ ਉਨ੍ਹਾਂ ਦੀ ਉਮਰ ਦਾ ਅਸਰ ਨਜ਼ਰ ਆਉਣ ਲੱਗਾ ਹੈ। ਉਹ ਇਕੱਲੇ ਰਹਿ ਗਏ ਹਨ ਜਿਸ ਕਾਰਨ ਉਹ ਕਹਿਣਾ ਕੁਝ ਚਾਹੁੰਦੇ ਹਨ ਪਰ ਬੋਲਦੇ ਕੁਝ ਹੋਰ ਹਨ। ਉਹ ਕਹਿ ਰਹੇ ਹਨ ਕਿ ਮੈਂ ਬੀਜੇਪੀ ਦੇ ਏਜੰਡੇ 'ਤੇ ਕੰਮ ਕਰ ਰਿਹਾ ਹਾਂ ਤਾਂ ਆਪ ਹੀ ਕਹਿੰਦੇ ਹਨ ਕਿ ਮੈਂ ਉਨ੍ਹਾਂ ਨੂੰ ਜੇਡੀਯੂ ਨੂੰ ਕਾਂਗਰਸ 'ਚ ਰਲੇਵਾਂ ਕਰਨ ਲਈ ਕਿਹਾ। ਜੇਕਰ ਮੈਂ ਭਾਜਪਾ ਦੇ ਏਜੰਡੇ 'ਤੇ ਕੰਮ ਕਰਾਂਗਾ ਤਾਂ ਮੈਂ ਉਨ੍ਹਾਂ ਨੂੰ ਕਾਂਗਰਸ ਅਤੇ ਜੇਡੀਯੂ ਨੂੰ ਮਜ਼ਬੂਤ ​​ਕਰਨ ਲਈ ਇਕੱਠੇ ਹੋਣ ਲਈ ਕਿਉਂ ਕਹਾਂਗਾ।

ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੇ ਪ੍ਰਸ਼ਾਂਤ ਕਿਸ਼ੋਰ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਇੱਕ ਵਾਰ ਪ੍ਰਸ਼ਾਂਤ ਕਿਸ਼ੋਰ ਮੇਰੇ ਕੋਲ ਆਏ ਸਨ ਅਤੇ ਪਾਰਟੀ ਦੇ ਕਾਂਗਰਸ ਵਿਚ ਰਲੇਵੇਂ ਲਈ ਕਹਿ ਰਹੇ ਸਨ ਪਰ ਮੈਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ, ''ਇਨ੍ਹਾਂ ਲੋਕਾਂ ਦਾ ਕੋਈ ਟਿਕਾਣਾ ਨਹੀਂ ਹੈ। ਅੱਜ ਇਹ ਭਾਜਪਾ ਦੇ ਨਾਲ ਹਨ ਕਿ ਕੇਂਦਰ ਵਿਚ ਕੀਤੇ ਜਗ੍ਹਾ ਮਿਲ ਜਾਵੇ। ਇਸੇ ਲਈ ਇਹ  ਸਾਡਾ ਸਾਰਿਆਂ ਦਾ ਵਿਰੋਧ ਕਰ ਰਹੇ ਹਨ। 

ਦੱਸ ਦੇਈਏ ਕਿ ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਪ੍ਰਸ਼ਾਂਤ ਕਿਸ਼ੋਰ ਨੂੰ ਮਿਲਣ ਲਈ ਨਹੀਂ ਬੁਲਾਇਆ ਸੀ ਸਗੋਂ ਉਹ ਖੁਦ ਆਏ ਸਨ। ਪ੍ਰਸ਼ਾਂਤ ਕਿਸ਼ੋਰ ਸਿਰਫ਼ ਝੂਠ ਬੋਲ ਰਹੇ ਹਨ। ਪਹਿਲਾਂ ਉਹ ਮੇਰੇ ਨਾਲ, ਮੇਰੇ ਘਰ ਰਹਿੰਦੇ ਸਨ। ਹੁਣ ਉਨ੍ਹਾਂ ਬਾਰੇ ਕੀ ਕਹੀਏ, ਉਨ੍ਹਾਂ ਜਿਥੇ ਜਾਣਾ ਹੈ ਜਾਣ, ਸਾਨੂੰ ਕੋਈ ਪਰਵਾਹ ਨਹੀਂ।