ਕਾਂਗਰਸ ਨੇ ਰਾਜਸਥਾਨ ’ਤੇ ਕੀਤੀ ਸਮੀਖਿਆ ਬੈਠਕ, ਲੋਕ ਸਭਾ ਚੋਣਾਂ ਦੀ ਤਿਆਰੀ ’ਚ ਕਮੀਆਂ ਦੂਰ ਕਰਨ ਦਾ ਸੰਕਲਪ ਲਿਆ 

ਏਜੰਸੀ

ਖ਼ਬਰਾਂ, ਰਾਜਨੀਤੀ

ਰਾਜਸਥਾਨ ਨਾਲ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਮੀਖਿਆ ਬੈਠਕ ਹੋਈ

File Photo

New Delhi: ਰਾਜਸਥਾਨ ’ਚ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੀ ਸਮੀਖਿਆ ਕਰਨ ਲਈ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੇ ਸ਼ਨਿਚਰਵਾਰ ਨੂੰ ਬੈਠਕ ਕੀਤੀ ਅਤੇ ਕਮੀਆਂ ਨੂੰ ਦੂਰ ਕਰਨ ਅਤੇ ਅਗਲੀਆਂ ਲੋਕ ਸਭਾ ਚੋਣਾਂ ਲਈ ਇਕਜੁਟ ਹੋ ਕੇ ਤਿਆਰੀ ਕਰਨ ਦਾ ਫ਼ੈਸਲਾ ਕੀਤਾ। 
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ’ਚ ਏ.ਆਈ.ਸੀ.ਸੀ. ਹੈੱਡਕੁਆਰਟਰ ’ਚ ਇਕ ਸਮੀਖਿਆ ਮੀਟਿੰਗ ਬੁਲਾਈ ਸੀ। ਇਸ ਬੈਠਕ ’ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਨੇਤਾ ਵੀ ਮੌਜੂਦ ਸਨ। 

ਰਾਜਸਥਾਨ ਨਾਲ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਮੀਖਿਆ ਬੈਠਕ ਹੋਈ। ਰਾਜਸਥਾਨ ਨਾਲ ਸਬੰਧਤ ਸਮੀਖਿਆ ਮੀਟਿੰਗ ’ਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ, ਸੂਬਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਹੋਰ ਸੀਨੀਅਰ ਨੇਤਾ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ, ‘‘ਲੰਮੀ ਚਰਚਾ ਹੋਈ ਹੈ। ਸਾਡੇ ਬਹੁਤ ਸਾਰੇ ਉਮੀਦਵਾਰ ਬਹੁਤ ਘੱਟ ਵੋਟਾਂ ਨਾਲ ਹਾਰ ਗਏ। ਅਸੀਂ ਲੀਡਰਸ਼ਿਪ ਨੂੰ ਕਿਹਾ ਹੈ ਕਿ ਅਸੀਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਾਂਗੇ। ਜਿੱਥੇ ਵੀ ਕਮੀਆਂ ਸਨ, ਅਸੀਂ ਉਨ੍ਹਾਂ ਨੂੰ ਦੂਰ ਕਰ ਕੇ ਚੋਣਾਂ ਲੜਾਂਗੇ। ਅਸੀਂ ਇਕਜੁਟ ਹੋ ਕੇ ਲੜਾਂਗੇ।’’ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਵੀ ਪੂਰੀ ਕਾਂਗਰਸ ਨੇ ਇਕਜੁਟ ਹੋ ਕੇ ਚੋਣ ਲੜੀ ਸੀ।

ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੇ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ, ਰੰਧਾਵਾ ਨੇ ਕਿਹਾ, ‘‘ਉਨ੍ਹਾਂ (ਲੀਡਰਸ਼ਿਪ) ਨੇ ਕਿਹਾ ਕਿ ਕਾਂਗਰਸ ਨੇ ਰਾਜਸਥਾਨ ’ਚ ਹੋਰ ਸੂਬਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।’’ ਰੰਧਾਵਾ ਅਨੁਸਾਰ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਵਿਧਾਨ ਸਭਾ ਚੋਣਾਂ ਤਕ ਹੀ ਅਪਣੇ ਅਹੁਦੇ ’ਤੇ ਬਣੇ ਰਹਿਣਾ ਚਾਹੁੰਦੇ ਹਨ।  ਉਨ੍ਹਾਂ ਕਿਹਾ, ‘‘ਅਸੀਂ ਮਿਜ਼ੋਰਮ ਚੋਣਾਂ ਦੇ ਹਰ ਪਹਿਲੂ ’ਤੇ ਚਰਚਾ ਕੀਤੀ, ਜਿਸ ’ਚ ਜ਼ਮੀਨੀ ਅਤੇ ਸੂਬਾ ਪੱਧਰ ’ਤੇ ਸੂਬੇ ਦੇ ਸੰਗਠਨਾਤਮਕ ਢਾਂਚੇ ਦੇ ਨਾਲ-ਨਾਲ ਚੋਣਾਂ ਦੌਰਾਨ ਹੋਏ ਵੱਖ-ਵੱਖ ਵਿਕਾਸ ਸ਼ਾਮਲ ਸਨ।’’ ਉਨ੍ਹਾਂ ਕਿਹਾ, ‘‘ਅਸੀਂ ਅਪਣੀਆਂ ਭਵਿੱਖ ਦੀਆਂ ਯੋਜਨਾਵਾਂ ’ਤੇ ਵੀ ਚਰਚਾ ਕੀਤੀ। ਇਨ੍ਹਾਂ ਸਾਰੇ ਮਾਮਲਿਆਂ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।’’

(For more news apart from Congress has decided to prepare unitedly for the next Lok Sabha elections, stay tuned to Rozana Spokesman)