ਰੱਜ ਕੇ ਬੱਚੇ ਪੈਦਾ ਕਰੋ, ਪ੍ਰਧਾਨ ਮੰਤਰੀ ਮਕਾਨ ਬਣਾਉਣਗੇ: ਰਾਜਸਥਾਨ ਦੇ ਮੰਤਰੀ 

ਏਜੰਸੀ

ਖ਼ਬਰਾਂ, ਰਾਜਨੀਤੀ

ਬੈਠਕ ’ਚ ਮੌਜੂਦ ਲੋਕ ਹੱਸਣ ਲੱਗੇ ਜਦਕਿ ਮੌਕੇ ’ਤੇ ਮੌਜੂਦ ਲੋਕ ਨੁਮਾਇੰਦੇ ਇਕ-ਦੂਜੇ ਨੂੰ ਵੇਖਣ ਲੱਗੇ

Rajasthan Minister Babulal Kharadi

ਜੈਪੁਰ: ਰਾਜਸਥਾਨ ਦੇ ਜਨਜਾਤੀ ਅਤੇ ਖੇਤਰੀ ਵਿਕਾਸ ਮੰਤਰੀ ਬਾਬੂਲਾਲ ਖਰਾਡੀ ਨੇ ਵਧੇਰੇ ਬੱਚੇ ਪੈਦਾ ਕਰਨ ਦੇ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਕਾਨ ਬਣਾਉਣਗੇ, ਇਸ ਲਈ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ ਅਤੇ ਕੋਈ ਵੀ ਛੱਤ ਤੋਂ ਬਿਨਾਂ ਨਾ ਰਹੇ। 

ਖਰਾਡੀ ਨੇ ਬੁਧਵਾਰ ਨੂੰ ਉਦੈਪੁਰ ’ਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਕੋਈ ਵੀ ਭੁੱਖਾ ਨਾ ਸੌਂਵੇ ਅਤੇ ਕੋਈ ਵੀ ਛੱਤ ਤੋਂ ਬਿਨਾਂ ਨਾ ਰਹੇ। ਤੁਸੀਂ ਰੱਜ ਕੇ ਬੱਚੇ ਪੈਦਾ ਕਰੋ। ਪ੍ਰਧਾਨ ਮੰਤਰੀ ਜੀ ਤੁਹਾਡੇ ਲਈ ਘਰ ਬਣਾਉਣਗੇ, ਤਾਂ ਸਮੱਸਿਆ ਕੀ ਹੈ?’’

ਖਾਰਾਡੀ ਦੀਆਂ ਦੋ ਪਤਨੀਆਂ ਅਤੇ ਅੱਠ ਬੱਚੇ ਹਨ। ਉਨ੍ਹਾਂ ਦੇ ਚਾਰ ਪੁੱਤਰ ਅਤੇ ਇੰਨੀਆਂ ਹੀ ਧੀਆਂ ਹਨ। ਇਹ ਪਰਵਾਰ ਉਦੈਪੁਰ ਦੀ ਕੋਟੜਾ ਤਹਿਸੀਲ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਨਿਚਲਾ ਥਾਲਾ ਪਿੰਡ ’ਚ ਰਹਿੰਦਾ ਹੈ। 

ਉਦੈਪੁਰ ਦੇ ਨਾਈ ਪਿੰਡ ’ਚ ‘ਵਿਕਸਤ ਭਾਰਤ ਸੰਕਲਪ ਯਾਤਰਾ’ ਕੈਂਪ ਲਈ ਸਥਾਪਤ ਸਟੇਜ ’ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਮੌਜੂਦ ਸਨ। ਜਿਵੇਂ ਹੀ ਖਰਾਡੀ ਨੇ ਇਹ ਕਿਹਾ ਤਾਂ ਬੈਠਕ ’ਚ ਮੌਜੂਦ ਲੋਕ ਹੱਸਣ ਲੱਗੇ ਜਦਕਿ ਮੌਕੇ ’ਤੇ ਮੌਜੂਦ ਲੋਕ ਨੁਮਾਇੰਦੇ ਇਕ-ਦੂਜੇ ਨੂੰ ਵੇਖਣ ਲੱਗੇ।

ਮੰਤਰੀ ਨੇ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਦੁਬਾਰਾ ਪ੍ਰਧਾਨ ਮੰਤਰੀ ਮੋਦੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਲੋਕਾਂ ਲਈ ਵੱਖ-ਵੱਖ ਲੋਕ ਭਲਾਈ ਉਪਾਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਐਲ.ਪੀ.ਜੀ. ਸਿਲੰਡਰ ਦੀ ਕੀਮਤ ’ਚ 200 ਰੁਪਏ ਦੀ ਕਟੌਤੀ ਕੀਤੀ ਹੈ ਅਤੇ ਰਾਜਸਥਾਨ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਹੁਣ ਉਜਵਲਾ ਯੋਜਨਾ ਤਹਿਤ ਲੋਕਾਂ ਨੂੰ 450 ਰੁਪਏ ’ਚ ਸਿਲੰਡਰ ਮੁਹੱਈਆ ਕਰਵਾ ਰਹੀ ਹੈ।

ਖਰਾਡੀ ਸੈਕੰਡਰੀ ਪਾਸ ਹਨ ਅਤੇ 2023 ਦੀਆਂ ਵਿਧਾਨ ਸਭਾ ਚੋਣਾਂ ’ਚ ਝਾਡੋਲ ਵਿਧਾਨ ਸਭਾ ਸੀਟ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ। ਇਸ ਦੇ ਨਾਲ ਹੀ 15ਵੀਂ ਰਾਜਸਥਾਨ ਵਿਧਾਨ ਸਭਾ ਦੌਰਾਨ ਉਨ੍ਹਾਂ ਨੂੰ 2022 ’ਚ ਸਰਬੋਤਮ ਵਿਧਾਇਕ ਚੁਣਿਆ ਗਿਆ ਸੀ। ਉਨ੍ਹਾਂ ਨੂੰ ਹਾਲ ਹੀ ’ਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ’ਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਸੀ।