ਕਿਸਾਨ ਆਗੂ ਦਰਸ਼ਨ ਪਾਲ ਨੂੰ ਪਾਰਟੀ ’ਚੋਂ ਕਢਿਆ ਗਿਆ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਰਾਜਨੀਤੀ

ਦਰਸ਼ਨ ਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਹਨ

Darshan Pal

ਨਵੀਂ ਦਿੱਲੀ: ਸੀ.ਪੀ.ਆਈ. (ਮਾਓਵਾਦੀ) ਨੇ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦੇ ਕਨਵੀਨਰ ਅਤੇ ਸੀਨੀਅਰ ਕਿਸਾਨ ਆਗੂ ਦਰਸ਼ਨ ਪਾਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਧੜੇਬੰਦੀ ਲਈ ਪਾਰਟੀ ਤੋਂ ਕੱਢ ਦਿਤਾ ਹੈ। 

ਨਕਸਲੀਆਂ ਨਾਲ ਕਥਿਤ ਸਬੰਧਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪਾਰਟੀ ਨੇ ਇਹ ਕਦਮ ਚੁਕਿਆ ਹੈ। ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਸਾਂਝੀ ਸੰਸਥਾ ਸੰਯੁਕਤ ਕਿਸਾਨ ਮੋਰਚਾ ਨੇ ਹੁਣ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁਧ ਇਕ ਸਾਲ ਤਕ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਹਨ। 

ਸੀ.ਪੀ.ਆਈ. (ਮਾਓਵਾਦੀ) ਦੀ ਕੇਂਦਰੀ ਕਮੇਟੀ ’ਤੇ ਸਰਕਾਰ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਪਾਬੰਦੀ ਲਗਾਈ ਸੀ। ਸੀ.ਪੀ.ਆਈ. (ਮਾਓਵਾਦੀ) ਦੀ ਕੇਂਦਰੀ ਕਮੇਟੀ ਨੇ ਹਾਲ ਹੀ ’ਚ ਇਕ ਪ੍ਰੈਸ ਬਿਆਨ ਜਾਰੀ ਕਰ ਕੇ ਕਾਮਰੇਡ ਜੋਸਫ (ਦਰਸ਼ਨ ਪਾਲ) ਅਤੇ ਸੰਜੀਤ (ਅਰਜੁਨ ਪ੍ਰਸਾਦ ਸਿੰਘ) ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਧੜੇਬੰਦੀ ਕਾਰਨ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਕੇ ਪਾਰਟੀ ਤੋਂ ਬਰਖਾਸਤ ਕਰਨ ਦਾ ਐਲਾਨ ਕੀਤਾ।

ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ 1980 ਦੇ ਦਹਾਕੇ ’ਚ ਕ੍ਰਮਵਾਰ ਪੰਜਾਬ ਰਾਜ ਕਮੇਟੀ ਦੇ ਮੈਂਬਰ ਅਤੇ ਬਿਹਾਰ ਰਾਜ ਕਮੇਟੀ ਦੇ ਮੈਂਬਰ ਵਜੋਂ ਸੀ.ਪੀ.ਆਈ. (ਐਮਐਲ) (ਪਾਰਟੀ ਏਕਤਾ) ’ਚ ਸ਼ਾਮਲ ਹੋਏ ਸਨ। ਇਸ ’ਚ ਕਿਹਾ ਗਿਆ ਹੈ, ‘‘ਬਾਅਦ ਦੀ ਪ੍ਰਕਿਰਿਆ ’ਚ, ਸੀ.ਪੀ.ਆਈ. (ਮਾਓਵਾਦੀ) ਦਾ ਗਠਨ ਕੀਤਾ ਗਿਆ ਅਤੇ ਇਹ ਦੋਵੇਂ ਕਾਮਰੇਡ ਇਸ ’ਚ ਸ਼ਾਮਲ ਹੋ ਗਏ ਅਤੇ ਕੇਂਦਰੀ ਕਮੇਟੀ ਦੀ ਅਗਵਾਈ ਹੇਠ ਜ਼ਿੰਮੇਵਾਰੀਆਂ ਨਾਲ ਕੰਮ ਕਰਦੇ ਰਹੇ। ਸਾਲ 2014 ’ਚ ਜੋਸੇਫ ਨੂੰ ਸੂਬਾ ਕਮੇਟੀ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਕੰਮ ’ਚ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਫੈਸਲੇ ਲੈਣ ਦਾ ਦਬਦਬਾ ਰਿਹਾ ਹੈ।’’

ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ 2016 ਵਿਚ ਕਾਮਰੇਡ ਬਲਰਾਜ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਕਾਮਰੇਡ ਜੋਸਫ ਅਤੇ ਕਾਮਰੇਡ ਸੰਜੀਤ ਨੇ ਉਸ ਨਾਲ ਮਿਲ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲਿਆ ਅਤੇ ਪਾਰਟੀ ਦੇ ਸੰਵਿਧਾਨ ਅਤੇ ਅਨੁਸ਼ਾਸਨ ਦੀ ਉਲੰਘਣਾ ਕੀਤੀ। ਜੋਸਫ ਨੇ ਕਾਮਰੇਡ ਬਲਰਾਜ ਦੀ ਅਗਵਾਈ ਹੇਠ ਪਾਰਟੀ ਵਿਰੋਧੀ ਸਮਾਨਾਂਤਰ ਕੇਂਦਰ ਸਥਾਪਤ ਕੀਤਾ। ਸਾਲ 2021 ’ਚ ਹੋਈ ਕੇਂਦਰੀ ਕਮੇਟੀ ਦੀ ਸੱਤਵੀਂ ਬੈਠਕ ’ਚ ਪਾਸ ਕੀਤੇ ਮਤੇ ਮੁਤਾਬਕ ਪਾਰਟੀ ਜਨਰਲ ਸਕੱਤਰ ਨੇ ਇਕ ਚਿੱਠੀ ਜਾਰੀ ਕਰ ਕੇ ਉੱਤਰੀ ਖੇਤਰ ਦੇ ਸੂਬਿਆਂ ਦੇ ਸਾਰੇ ਪਾਰਟੀ ਵਰਕਰਾਂ ਨੂੰ ਚੇਤਾਵਨੀ ਦਿਤੀ ਸੀ।