ਮੋਦੀ ਦਲਿਤ ਵਿਰੋਧੀ, ਭਾਜਪਾ ਦੀ ਵਿਚਾਰਧਾਰਾ ਅਤਿਆਚਾਰੀ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਵਾਂਗੇ

Rahul Gandhi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜਾਤੀਵਾਦੀ ਅਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਾਜਪਾ ਦੀ ਦਮਨਕਾਰੀ ਵਿਚਾਰਧਾਰਾ ਵਿਰੁਧ ਉਨ੍ਹਾਂ ਦੀ ਪਾਰਟੀ ਹਮੇਸ਼ਾ ਖੜੀ ਰਹੇਗੀ। ਫ਼ਿਰਕਾਪ੍ਰਸਤੀ ਅਤੇ ਸੰਸਦ ਵਿਚ ਚੱਲੇ ਰੇੜਕੇ ਵਿਰੁਧ ਕਾਂਗਰਸ ਦੇ ਕੌਮੀ ਵਰਤ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰਾਹੁਲ ਨੇ ਰਾਜਘਾਟ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਕਾਂਗਰਸ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਹਰਾਏਗੀ। ਰਾਹੁਲ ਨੇ ਕਿਹਾ, 'ਪੂਰਾ ਦੇਸ਼ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਲਿਤ ਵਿਰੋਧੀ ਹਨ। ਇਹ ਲੁਕਿਆ ਹੋਇਆ ਨਹੀਂ। ਭਾਜਪਾ ਦਲਿਤਾਂ, ਆਦਿਵਾਸੀਆਂ ਅਤੇ ਘੱਟਗਿਣਤੀਆਂ ਦਾ ਦਮਨ ਕਰਨ ਦੀ ਵਿਚਾਰਧਾਰਾ 'ਤੇ ਚਲਦੀ ਹੈ।

ਅਸੀਂ ਉਸ ਵਿਰੁਧ ਖੜੇ ਹੋਵਾਂਗੇ ਅਤੇ ਸਾਲ 2019 ਦੀਆਂ ਆਮ ਚੋਣਾਂ ਵਿਚ ਉਸ ਨੂੰ ਹਰਾਵਾਂਗੇ।' ਉਨ੍ਹਾਂ ਕਿਹਾ ਕਿ ਭਾਜਪਾ ਦੇ ਦਲਿਤ ਸੰਸਦ ਮੈਂਬਰ ਵੀ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਜਾਤੀਵਾਦੀ ਹੈ। ਰਾਹੁਲ ਨੇ ਕਿਹਾ, 'ਅਸੀਂ ਉਨ੍ਹਾਂ ਵਿਰੁਧ ਅੱਜ ਇਥੇ ਖੜੇ ਹਾਂ ਅਤੇ ਹਮੇਸ਼ਾ ਖੜੇ ਰਹਾਂਗੇ। ਉਨ੍ਹਾਂ ਅਮਿਤ ਸ਼ਾਹ ਦੇ ਤਾਜ਼ਾ ਬਿਆਨ ਦੇ ਸੰਦਰਭ ਵਿਚ ਕਿਹਾ, 'ਕੁੱਝ ਦਿਨ ਪਹਿਲਾਂ ਭਾਜਪਾ ਨੇਤਾ ਨੇ ਕਿਹਾ ਸੀ ਕਿ ਵਿਰੋਧੀ ਧਿਰ ਜਾਨਵਰ ਹੈ। ਸਚਾਈ ਇਹ ਹੈ ਕਿ ਭਾਰਤ ਵਿਚ ਹਰ ਵਿਅਕਤੀ ਸਰਕਾਰ ਵਿਰੁਧ ਖੜਾ ਹੈ, ਇਸ ਸਰਕਾਰ ਦੀ ਪਹਿਲ ਦਲਿਤਾਂ, ਆਦਿਵਾਸੀਆਂ, ਘੱਟਗਿਣਤੀਆਂ ਅਤੇ ਕਿਸਾਨਾਂ ਵਿਰੁਧ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਦੇਸ਼ ਵਿਚ ਮੌਜੂਦ ਹਾਲਤ ਭਾਜਪਾ ਦੀ 'ਦੇਸ਼ ਨੂੰ ਵੰਡੋ ਤੇ ਦਲਿਤਾਂ ਨੂੰ ਦਰੜੋ' ਦੀ ਵਿਚਾਰਧਾਰਾ ਵਿਚੋਂ ਪੈਦਾ ਹੋਈ ਹੈ।       (ਏਜੰਸੀ)