ਆਡੀਓ ਚੈਟ ਵਾਇਰਲ ਹੋਣ ਤੋਂ ਬਾਅਦ ਬੋਲੇ ਪ੍ਰਸ਼ਾਂਤ ਕਿਸ਼ੋਰ, ਭਾਜਪਾ ਪੂਰੀ ਆਡੀਓ ਜਾਰੀ ਕਰੇ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਨੇ ਵਾਇਰਲ ਕੀਤੀ ਟੀਐਮਸੀ ਦੇ ਰਣਨੀਤੀਕਾਰ ਦੀ ਆਡੀਓ ਚੈਟ

Prashant Kishor

ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰਣਨੀਤੀਕਾਰ ਦੀ ਇਕ ਆਡੀਓ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਆਡੀਓ ਵਿਚ ਤੌਰ ’ਤੇ ਪ੍ਰਸ਼ਾਂਤ ਕਿਸ਼ੋਰ ਕਹਿ ਰਹੇ ਹਨ ਕਿ ਮਮਤਾ ਅਤੇ ਪੀਐਮ ਮੋਦੀ ਦੋਵੇਂ ਪਾਪੁਲਰ ਹਨ। ਆਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਇਸ ’ਤੇ ਅਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।

ਉਹਨਾਂ ਕਿਹਾ, ‘ ਮੈਨੂੰ ਬਹੁਤ ਖੁਸ਼ੀ ਹੈ ਕਿ ਭਾਜਪਾ ਮੇਰੀ ਕਲੱਬ ਹਾਊਸ ਚੈਟ ਨੂੰ ਅਪਣੇ ਨੇਤਾਵਾਂ ਦੇ ਸ਼ਬਦਾਂ ਨਾਲੋਂ ਜ਼ਿਆਦਾ ਗੰਭੀਰਤਾ ਨਾਲ ਲੈ ਰਹੀ ਹੈ।‘ ਟੀਐਮਸੀ ਦੇ ਰਣਨੀਤੀਕਾਰ ਨੇ ਅੱਗੇ ਕਿਹਾ ਉਹਨਾਂ ਦੀ ਗੱਲਬਾਤ ਦੀ ਅਧੂਰੀ ਆਡੀਓ ਜਾਰੀ ਕੀਤੀ ਗਈ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਜੇਕਰ ਭਾਜਪਾ ਵਿਚ ਹਿੰਮਤ ਹੈ ਤਾਂ ਪੂਰੀ ਆਡੀਓ ਜਾਰੀ ਕਰੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਤੇ ਫਿਰ ਬੋਲ ਰਿਹਾ ਹਾਂ ਕਿ ਪੱਛਮੀ ਬੰਗਾਲ ਵਿਚ ਭਾਜਪਾ 100 ਨੂੰ ਵੀ ਪਾਰ ਨਹੀਂ ਕਰੇਗੀ। 

ਦਰਅਸਲ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਵੱਲ਼ੋਂ ਇਕ ਕਲੱਬ ਹਾਊਸ ਚੈਟ ਨੂੰ ਟਵੀਟ ਕੀਤਾ ਗਿਆ ਹੈ। ਇਸ ਵਿਚ ਮਮਤਾ ਬੈਨਰਜੀ ਦੇ ਰਣਨੀਤੀਕਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤ੍ਰਿਣਮੂਲ ਕਾਂਗਰਸ ਖ਼ਿਲਾਫ ਵਿਰੋਧ ਦੀ ਲਹਿਰ ਹੈ। ਇਸ ਦੇ ਨਾਲ ਹੀ ਬੰਗਾਲ ਵਿਚ ਵੀ ਪੀਐਮ ਮੋਦੀ ਨੂੰ ਲੈ ਕੇ ਕਰੇਜ਼ ਹੈ। ਦਲਿਤ ਵੋਟ ਵੀ ਭਾਜਪਾ ਵੱਲ ਜਾ ਰਹੇ ਹਨ।

ਉਹਨਾਂ ਨੇ ਇਹ ਵੀ ਕਿਹਾ ਕਿ ਬੰਗਾਲ ਵਿਚ ਲੋਕਾਂ ਨੇ ਭਾਜਪਾ ਦਾ ਸ਼ਾਸਨ ਨਹੀਂ ਦੇਖਿਆ ਹੈ। ਬੰਗਾਲ ਦੇ ਲੋਕਾਂ ਦਾ ਮੰਨਣਾ ਹੈ ਕਿ ਭਾਜਪਾ ਸਰਕਾਰ ਦੇ ਆਉਣ ਨਾਲ ਉਹ ਵੀ ਮਿਲੇਗਾ ਜੋ ਹੁਣ ਤੱਕ ਨਹੀਂ ਮਿਲਿਆ।  ਇਕ ਸਵਾਲ ਦੇ ਜਵਾਬ ਵਿਚ ਪ੍ਰਸ਼ਾਂਤ ਕਿਸ਼ੋਰ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਗਿਆ ਕਿ 15 ਤੋਂ 30 ਫੀਸਦ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੋਦੀ ਵਿਚ ਭਗਵਾਨ ਦਿਖਦਾ ਹੈ। ਅਸੀਂ ਜੋ ਸਰਵੇ ਕਰ ਰਹੇ ਹਾਂ ਉਸ ਵਿਚ ਨਰਿੰਦਰ ਮੋਦੀ ਅਤੇ ਮਮਤਾ ਬੈਨਰਜੀ ਨੂੰ ਬਰਾਬਰ ਪ੍ਰਸਿੱਧ ਦੱਸਿਆ ਜਾ ਰਿਹਾ ਹੈ।