‘ਇੰਡੀਆ’ ਨਾਂ ਦਾ ਅੰਗਰੇਜ਼ਾਂ ਨਾਲ ਸਬੰਧ ਨਹੀਂ : ਇਤਿਹਾਸਕਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ ‘ਭਾਰਤ’ ਵਾਂਗ ‘ਇੰਡੀਆ’ ਵੀ ਦੇਸ਼ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਦਾ ਹਿੱਸਾ ਹੈ

India Vs Bharat.

ਨਵੀਂ ਦਿੱਲੀ: ਭਾਰਤ ਬਨਾਮ ਇੰਡੀਆ ਨੂੰ ਲੈ ਕੇ ਚਲ ਰਹੇ ਸਿਆਸੀ ਵਿਵਾਦ ਦੀ ਪਿੱਠਭੂਮੀ ’ਚ ਪ੍ਰਮੁੱਖ ਇਤਿਹਾਸਕਾਰਾਂ ਦੇ ਇਕ ਵਰਗ ਨੇ ਕਿਹਾ ਹੈ ਕਿ ਈਸਾ ਪੂਰਵ ਪੰਜਵੀਂ ਸਦੀ ਦੇ ਗ੍ਰੀਕ ਮੂਲ ਵਾਲੇ ‘ਇੰਡੀਆ’ ਸ਼ਬਦ ਦਾ ਅੰਗਰੇਜ਼ਾਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਨੂੰ ਬਸਤੀਵਾਦੀ ਇਤਿਹਾਸ ਦੀ ਨਿਸ਼ਾਨੀ ਦੱਸਣ ਵਾਲੀਆਂ ਦਲੀਲਾਂ ਨੂੰ ਖ਼ਾਰਜ ਕੀਤਾ ਹੈ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੰਵਿਧਾਨ ਦੀ ਧਾਰਾ 1 ’ਚ ‘ਇੰਡੀਆ ਅਤੇ ਭਾਰਤ’ ਦੋਵੇਂ ਨਾਵਾਂ ਦਾ ‘ਇੰਡੀਆ, ਦੈਟ ਇਜ਼ ਭਾਰਤ...’ ਦੇ ਰੂਪ ’ਚ ਜ਼ਿਕਰ ਕੀਤਾ ਗਿਆ ਹੈ ਅਤੇ ਦੋਵੇਂ ਦੇਸ਼ ਦੇ ਇਤਿਹਾਸ ਦਾ ਹਿੱਸਾ ਹਨ ਅਤੇ ‘ਪੂਰੀ ਤਰ੍ਹਾਂ ਜਾਇਜ਼’ ਹਨ। 

ਇਤਿਹਾਸਕਾਰ ਐੱਸ. ਇਰਫ਼ਾਨ ਹਬੀਬ ਨੇ ਕਿਹਾ, ‘‘ਬ੍ਰਿਟਿਸ਼ ਦਾ ਇੰਡੀਆ ਨਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਈਸਾ ਤੋਂ ਪਹਿਲਾਂ ਪੰਜਵੀਂ ਸਦੀ ਤੋਂ ਸਾਡੇ ਇਤਿਹਾਸ ਦਾ ਹਿੱਸਾ ਹੈ। ਯੂਨਾਨੀਆਂ ਨੇ ਇਸ ਦਾ ਪ੍ਰਯੋਗ ਕੀਤਾ, ਫ਼ਾਰਸੀਆਂ ਨੇ ਇਸ ਦਾ ਪ੍ਰਯੋਗ ਕੀਤਾ। ਭਾਰਤ ਦੀ ਪਛਾਣ ਸਿੰਧੂ ਨਦੀ ਦੇ ਉਸ ਪਾਰ ਸਥਿਤ ਦੇਸ਼ ਦੇ ਰੂਪ ’ਚ ਕੀਤੀ ਗਈ। ਇਹ ਨਾਂ ਉਥੋਂ ਹੀ ਆਇਆ।’’

ਉਨ੍ਹਾਂ ਕਿਹਾ, ‘‘ਕਈ ਇਤਿਹਾਸਕ ਸਰੋਤ, ਮੈਗਸਥਨੀਜ਼ (ਯੂਨਾਨੀ ਇਤਿਹਾਸਕਾਰ) ਅਤੇ ਕਈ ਯਾਤਰੀ ਇਸ ਦਾ ਜ਼ਿਕਰ ਕਰਦੇ ਹਨ। ਇਸ ਲਈ, ਭਾਰਤ ਵਾਂਗ ਹੀ ਇੰਡੀਆ ਵੀ ਸਾਡੇ ਇਤਿਹਾਸ ਦਾ ਹਿੱਸਾ ਹੈ।’’

ਨਵੀਂ ਦਿੱਲੀ ’ਚ ਸਨਿਚਰਵਾਰ ਨੂੰ ਹੋਏ ਜੀ20 ਦੇ ਦੋ ਦਿਨਾਂ ਦੇ ਸ਼ਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਛਾਣ ‘ਭਾਰਤ’ ਦੀ ਪ੍ਰਤੀਨਿਧਗੀ ਕਰਨ ਵਾਲੇ ਆਗੂ ਵਜੋਂ ਪੇਸ਼ ਕੀਤੀ ਗਈ। 

ਇਸ ਤੋਂ ਪਹਿਲਾਂ, ਜੀ20 ਦੇ ਪ੍ਰਤੀਨਿਧੀਆਂ ਅਤੇ ਹੋਰ ਮਹਿਮਾਨਾਂ ਨੂੰ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੇ ਨਾਂ ਨਾਲ ਸੱਦਾ ਭੇਜਿਆ ਗਿਆ ਜਿਸ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ ਸਰਕਾਰ ਦੇਸ਼ ਦੇ ਨਾਂ ’ਚੋਂ ‘ਇੰਡੀਆ’ ਨੂੰ ਹਟਾਉਣਾ ਚਾਹੁੰਦੀ ਹੈ। 

ਇਤਿਹਾਸਕਾਰ ਸਲੀਲ ਮਿਸ਼ਰਾ ਵੀ ਹਬੀਬ ਦੀਆਂ ਦਲੀਲਾਂ ਨੂੰ ਸਹੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਰੂਪ ’ਚ ਘੱਟ ਤੋਂ ਘੱਟ ਪੰਜ ਨਾਵਾਂ... ਭਾਰਤ, ਇੰਡੀਆ, ਹਿੰਦੁਸਤਾਨ, ਜੰਬੂਦੀਪ ਅਤੇ ਆਰਿਆਵਰਤ... ਦਾ ਪ੍ਰਯੋਗ ਇਸ ਜ਼ਮੀਨ ਦਾ ਭੂਗੋਲਿਕ, ਆਲੇ-ਦੁਆਲੇ, ਜਨਜਾਤੀ, ਭਾਈਚਾਰਕ ਆਧਾਰ ’ਤੇ ਅਤੇ ਹੋਰ ਆਧਾਰ ’ਤੇ ਨਾਂ ਰੱਖਣ ਲਈ ਕੀਤਾ ਗਿਆ ਹੈ। 

ਮਿਸ਼ਰਾ ਨੇ ਕਿਹਾ, ‘‘ਮੈਂ ਕਹਾਂਗਾ ਕਿ ਇਹ ਭਾਰਤ ਦੇ ਲੰਮੇ, ਵੰਨ-ਸੁਵੰਨੇ ਅਤੇ ਅਮੀਰ ਇਤਿਹਾਸ ਦਾ ਹੀ ਸੰਕੇਤ ਹੈ। ਇਹ ਲੜਾਈਆਂ ਦਾ ਇਤਿਹਾਸ ਹੈ, ਸੰਪਰਕਾਂ ਦਾ ਇਤਿਹਾਸ ਹੈ, ਸੰਚਾਰ, ਸੰਵਾਦਾਂ ਦਾ ਇਤਿਹਾਸ ਹੈ ਅਤੇ ਇਨ੍ਹਾਂ ਸੰਵਾਦਾਂ ਕਾਰਨ ਹੀ ਕਈ ਵੱਖੋ-ਵੱਖ ਨਾਂ ਆਏ ਹਨ।’’

ਉਨ੍ਹਾਂ ਕਿਹਾ, ‘‘ਬੇਸ਼ੱਕ ਵਿਸ਼ਵ ਪੱਧਰ ’ਤੇ ਇੰਡੀਆ ਅਤੇ ਭਾਰਤ ਢੁਕਵੇਂ ਸ਼ਬਦ ਹਨ ਅਤੇ ਦੋਹਾਂ ਦਾ ਅਪਣਾ ਇਤਿਹਾਸ ਹੈ। ਅਜਿਹਾ ਕੋਈ ਤਰੀਕਾ ਨਹੀਂ ਹੈ ਜਿਸ ਨਾਲ ਅਸੀਂ ਇਕ ਨੂੰ ਦੂਜੇ ’ਤੇ ਵਿਸ਼ੇਸ਼ ਅਧਿਕਾਰ ਦੇ ਸਕੀਏ, ਅਤੇ ਅਜਿਹਾ ਕੋਈ ਤਰੀਕਾ ਨਹੀਂ ਹੈ ਜਿਸ ਨਾਲ ਮੈਂ, ਇਕ ਇਤਿਹਾਸਕਾਰ ਦੇ ਰੂਪ ’ਚ ਇਕ ਨੂੰ ਬਿਹਤਰ ਅਤੇ ਦੂਜੇ ਨੂੰ ਨੀਵਾਂ ਮੰਨ ਸਕਾਂ।’’

‘ਰਾਜਪਥ ਦਾ ਨਾਂ ਬਦਲਣ ਬਾਰੇ ਵੀ ਝੂਠੀ ਦਲੀਲ ਦਿਤੀ ਗਈ ਸੀ’

ਇਤਿਹਾਸਕਾਰ ਇਰਫ਼ਾਨ ਹਬੀਬ ਕਹਿੰਦੇ ਹਨ, ਇੰਡੀਆ ਨਾਂ ਨੂੰ ਬ੍ਰਿਟਿਸ਼ ਦੇ ਨਾਲ ਜੋੜਨਾ ‘ਕੋਰਾ ਝੂਠ’ ਹੈ ਅਤੇ ਇਹ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਵਲੋਂ ਰਾਜਪਥ ਦਾ ਨਾਂ ਬਦਲ ਕੇ ਕਰਤਵ ਪੱਥ ਕੀਤੇ ਜਾਣ ਦੌਰਾਨ ਕੀਤੇ ਗਏ ‘ਝੂਠੇ ਦਾਅਵਿਆਂ’ ਦੀ ਯਾਦ ਦਿਵਾਉਂਦਾ ਹੈ। 

ਉਨ੍ਹਾਂ ਦਲੀਲ ਦਿਤੀ ਕਿ ਰਾਜਪਥ ਦੇ ‘ਰਾਜ’ ਦਾ ਬ੍ਰਿਟਿਸ਼ ‘ਰਾਜ’ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਸ਼ਾਸਨ ਦੇ ਸੰਦਰਭ ’ਚ ਹੈ। 70 ਸਾਲਾਂ ਦੇ ਇਤਿਹਾਸਕਾਰ ਨੇ ਕਿਹਾ, ‘‘ਉਹ ਝੂਠ ਬੋਲ ਰਹੇ ਹਨ, ਉਸੇ ਤਰ੍ਹਾਂ ਜਿਵੇਂ ਰਾਜਪਥ ਬਾਰੇ ਬੋਲਿਆ ਸੀ। ਪਹਿਲਾਂ ਇਨ੍ਹਾਂ ਦੇ ਨਾਂ ਕਿੰਗਸਵੇ ਅਤੇ ਕੁਈਨਸਵੇ ਸਨ ਜਿਨ੍ਹਾਂ ਨੂੰ ਅਜ਼ਾਦੀ ਤੋਂ ਤੁਰਤ ਬਾਅਦ ਲੜੀਵਾਰ ਰਾਜਪਥ ਅਤੇ ਜਨਪਥ ਦਾ ਨਾਂ ਦਿਤਾ ਗਿਆ।’’

ਰਾਜਪਥ ਦਿੱਲੀ ਦੇ ਰਾਏਸੀਨਾ ਹਿੱਲਜ਼ ਨੂੰ ਇੰਡੀਆ ਗੇਟ ਨਾਲ ਜੋੜਦਾ ਹੈ। ਪਿਛਲੇ ਸਾਲ ਸਤੰਬਰ ’ਚ ਇਸ ਨੂੰ ਕਰਤਵ ਪੱਥ ਨਾਂ ਦਿਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਂਟਰਲ ਵਿਸਟਾ ਐਵੇਨਿਊ ਦੇ ਹਿੱਸੇ ਦੇ ਰੂਪ ’ਚ ਇਸ ਦਾ ਉਦਘਾਟਨ ਕੀਤਾ। 

ਪਹਿਲਾਂ ਵੀ ਹੋ ਚੁੱਕੀ ਹੈ ‘ਇੰਡੀਆ’ ਅਤੇ ‘ਭਾਰਤ’ ’ਤੇ ਬਹਿਸ

‘ਇੰਡੀਆ, ਦੈਟ ਇਜ਼ ਭਾਰਤ’ ’ਤੇ ਬਹਿਸ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ 18 ਸਤੰਬਰ, 1949 ਨੂੰ ਇਕ ਚਰਚਾ ਦੌਰਾਨ ਸੰਵਿਧਾਨ ਸਭਾ ਦੇ ਵੱਖੋ-ਵੱਖ ਮੈਂਬਰਾਂ... ਜਿਨ੍ਹਾਂ ’ਚ ਐਚ.ਵੀ. ਕਾਮਥ, ਹਰਗੋਵਿੰਦ ਪੰਤ, ਕਮਲਾਪਤੀ ਤ੍ਰਿਪਾਠੀ ਸ਼ਾਮਲ ਸਨ, ਨੇ ਦਲੀਲਾਂ ਦਿੰਦਿਆਂ ਇਸ ਨੂੰ ਵੱਖ ਤਰੀਕੇ ਨਾਲ ਪੇਸ਼ ਕਰਨ ਦੀ ਮੰਗ ਕੀਤੀ ਸੀ। 

ਕਾਮਥ ਨੇ ਹਿੰਦੁਸਤਾਨ, ਹਿੰਦ ਅਤੇ ਭਾਰਤਭੂਮੀ ਜਾਂ ਭਾਰਤਵਰਸ਼ ਵਰਗੇ ਨਾਂ ਸੁਝਾਏ, ਕਾਂਗਰਸ ਮੈਂਬਰ ਹਰਗੋਵਿੰਦ ਪੰਤ ਨੇ ਇੰਡੀਆ ਦੀ ਥਾਂ ’ਤੇ ਭਾਰਤ ਅਤੇ ਭਾਰਤਵਰਸ਼ ਨਾਂ ਰੱਖਣ ਦੀ ਵਕਾਲਤ ਕੀਤੀ। 

ਸੰਵਿਧਾਨ ਸਭਾ ਦੀ ਬਹਿਸ ਦੌਰਾਨ ਕਾਂਗਰਸ ਦੇ ਇਕ ਹੋਰ ਆਗੂ ਕਮਲਾਪਤੀ ਤ੍ਰਿਪਾਠੀ ਨੇ ਕਿਹਾ, ‘‘ਸਾਡੇ ਸਾਹਮਣੇ ਪੇਸ਼ ਮਤੇ ’ਚ ‘ਭਾਰਤ ਦੈਟ ਇਜ਼ ਇੰਡੀਆ’ ਦਾ ਪ੍ਰਯੋਗ ਜ਼ਿਆਦਾ ਜਾਇਜ਼ ਹੁੰਦਾ।’’

ਪਰ ਅਖ਼ੀਰ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੇ ਕਾਮਥ ਵਲੋਂ ਸੁਝਾਈ ਸੋਧ ਨੂੰ ਵੋਟਿੰਗ ਲਈ ਰਖਿਆ ਅਤੇ ਧਾਰਾ 1 ‘ਇੰਡੀਆ ਦੈਟ ਇਜ਼ ਭਾਰਤ...’ ਹੀ ਬਣਿਆ ਰਿਹਾ।