INDIA Alliance News: ਵਿਰੋਧੀ ਗੱਠਜੋੜ ‘ਇੰਡੀਆ’ ਦੀ ਅਗਲੀ ਬੈਠਕ 19 ਨੂੰ
ਦਿੱਲੀ ’ਚ ਹੋਵੇਗੀ ਬੈਠਕ, ਸਾਂਝੀਆਂ ਰੈਲੀਆਂ ਦੇ ਪ੍ਰੋਗਰਾਮ ’ਤੇ ਚਰਚਾ ਹੋਣ ਦੀ ਸੰਭਾਵਨਾ
New Delhi: ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਅਗਲੀ ਬੈਠਕ 19 ਦਸੰਬਰ ਨੂੰ ਕੌਮੀ ਰਾਜਧਾਨੀ ’ਚ ਹੋਵੇਗੀ। ਇਸ ਬੈਠਕ ’ਚ ‘ਮੁੱਖ ਸਕਾਰਾਤਮਕ ਏਜੰਡਾ’ ਤਿਆਰ ਕਰਨਾ, ਸੀਟਾਂ ਦੀ ਵੰਡ ਅਤੇ ਸਾਂਝੀਆਂ ਰੈਲੀਆਂ ਦੇ ਪ੍ਰੋਗਰਾਮ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਤਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਵਿਰੋਧੀ ਪਾਰਟੀਆਂ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਦੀ ਚੌਥੀ ਬੈਠਕ ਮੰਗਲਵਾਰ, 19 ਦਸੰਬਰ 2023 ਨੂੰ ਦੁਪਹਿਰ 3 ਵਜੇ ਨਵੀਂ ਦਿੱਲੀ ’ਚ ਹੋਵੇਗੀ।’’ ਇਹ ਮੀਟਿੰਗ ਪਿੱਛੇ ਜਿਹੇ ਮੁਕੰਮਲ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਦੇ ਪਿਛੋਕੜ ’ਚ ਹੋਵੇਗੀ।
ਕਾਂਗਰਸ ਨੂੰ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਕਹਿਣਾ ਹੈ ਕਿ ਲੋਕਾਂ ਨੇ ‘ਮੋਦੀ ਦੀ ਗਰੰਟੀ’ ’ਤੇ ਭਰੋਸਾ ਜਤਾਇਆ ਹੈ ਅਤੇ ਉਹ 2024 ’ਚ ਮੁੜ ਉਨ੍ਹਾਂ ਦੀ ਸਰਕਾਰ ਚੁਣਨਗੇ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਏਕਤਾ ਬਣਾਈ ਰੱਖਦੇ ਹੋਏ ‘ਮੈਂ ਨਹੀਂ ਅਸੀਂ’ ਦੇ ਨਾਅਰੇ ਨਾਲ ਅੱਗੇ ਵਧਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਾਹਮਣੇ ਹੁਣ ਚੁਨੌਤੀ ਅਗਲੀਆਂ ਆਮ ਚੋਣਾਂ ’ਚ ਭਾਜਪਾ ਦਾ ਮੁਕਾਬਲਾ ਕਰਨ ਲਈ ਇਕ ਬਦਲਵਾਂ ਸਕਾਰਾਤਮਕ ਏਜੰਡਾ ਲਿਆਉਣ ਦੀ ਹੈ।
ਉਨ੍ਹਾਂ ਕਿਹਾ, ‘‘ਚੋਣ ਨਤੀਜੇ ਉਨ੍ਹਾਂ ਮੁੱਦਿਆਂ ਨੂੰ ਰੱਦ ਨਹੀਂ ਕਰਦੇ ਜੋ ਚੋਣ ਪ੍ਰਚਾਰ ਦੌਰਾਨ ਉਠਾਏ ਗਏ ਸਨ।’’ ਹਾਲਾਂਕਿ, ਉਨ੍ਹਾਂ ਨੇ ਮੰਨਿਆ ਕਿ ਪਾਰਟੀ 2024 ’ਚ ਭਾਜਪਾ ਦਾ ਮੁਕਾਬਲਾ ਕਰਨ ਲਈ ਲੀਕ ਤੋਂ ਬਾਹਰ ਸੋਚੇਗੀ। ਉਨ੍ਹਾਂ ਕਿਹਾ, ‘‘ਮੈਂ ਨਹੀਂ, ਅਸੀਂ’ ਉਨ੍ਹਾਂ ਸੰਭਾਵਤ ਨਾਅਰਿਆਂ ’ਚੋਂ ਇਕ ਹੈ, ਜਿਸ ’ਤੇ ਵਿਰੋਧੀ ਪਾਰਟੀਆਂ ਮੋਦੀ ਦਾ ਮੁਕਾਬਲਾ ਕਰਨ ਲਈ ਕੰਮ ਕਰਨਗੀਆਂ।’’ਪਾਰਟੀ ਨੇਤਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਲਈ ਸਭ ਤੋਂ ਵੱਡੀ ਚੁਨੌਤੀ ‘ਇੰਡੀਆ’ ਗੱਠਜੋੜ ਲਈ ਮੁੱਖ ਸਕਾਰਾਤਮਕ ਏਜੰਡਾ ਤਿਆਰ ਕਰਨਾ ਹੈ, ਜਿਸ ਨਾਲ ਉਨ੍ਹਾਂ ਨੂੰ ਭਾਜਪਾ ਦਾ ਮੁਕਾਬਲਾ ਕਰਨ ਵਿਚ ਮਦਦ ਮਿਲੇਗੀ। ਸੂਤਰਾਂ ਨੇ ਦਸਿਆ ਕਿ ਬੈਠਕ ਦੌਰਾਨ ਵਿਰੋਧੀ ਪਾਰਟੀਆਂ ਸੀਟਾਂ ਦੀ ਵੰਡ ਦੀਆਂ ਯੋਜਨਾਵਾਂ ’ਤੇ ਕੰਮ ਕਰਨਗੀਆਂ, ਸਾਂਝੀਆਂ ਚੋਣ ਰੈਲੀਆਂ ਕਰਨਗੀਆਂ ਅਤੇ ਉਨ੍ਹਾਂ ਲਈ ਇਕ ਸਾਂਝਾ ਪ੍ਰੋਗਰਾਮ ਤਿਆਰ ਕਰਨਗੀਆਂ।
ਸੂਤਰਾਂ ਦਾ ਕਹਿਣਾ ਹੈ ਕਿ ‘ਇੰਡੀਆ’ ਗੱਠਜੋੜ ਜਾਤ ਆਧਾਰਤ ਮਰਦਮਸ਼ੁਮਾਰੀ, ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਅਤੇ ਕਾਮਿਆਂ ਲਈ ਸਮਾਜਕ ਸੁਰੱਖਿਆ ਦੇ ਮੁੱਦਿਆਂ ’ਤੇ ਜ਼ੋਰ ਦੇ ਸਕਦਾ ਹੈ। ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ 17 ਤੋਂ 19 ਦਸੰਬਰ ਤਕ ਦਿੱਲੀ ’ਚ ਰਹਿਣਗੇ ਅਤੇ ਉਨ੍ਹਾਂ ਦੇ ਬੈਠਕ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦਸਿਆ ਕਿ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਕੰਮ ਜਾਰੀ ਹੈ।
(For more news apart from The next meeting of the opposition alliance 'India', stay tuned to Rozana Spokesman)