ਮਹਾਰਾਸ਼ਟਰ ’ਚ ਪਾਈਆਂ ਗਈਆਂ ਵੋਟਾਂ ਅਤੇ VVPAT ਦੇ ਮੇਲ ’ਚ ਕੋਈ ਫਰਕ ਨਹੀਂ: ਚੋਣ ਕਮਿਸ਼ਨ
ਵਿਰੋਧੀ ਪਾਰਟੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਭਰੋਸੇਯੋਗਤਾ ’ਤੇ ਸਵਾਲ ਚੁਕੇ ਸਨ
ਮੁੰਬਈ : ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਪਿਛਲੇ ਮਹੀਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਪਾਈਆਂ ਗਈਆਂ ਵੋਟਾਂ ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ (VVPAT) ਸਲਿੱਪਾਂ ਦੀ ਗਿਣਤੀ ’ਚ ਕੋਈ ਫ਼ਰਕ ਨਹੀਂ ਮਿਲਿਆ। ਚੋਣ ਕਮਿਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਹਰ ਵਿਧਾਨ ਸਭਾ ਹਲਕੇ ’ਚ ਬੇਤਰਤੀਬੇ ਢੰਗ ਨਾਲ ਚੁਣੇ ਗਏ ਪੋਲਿੰਗ ਸਟੇਸ਼ਨਾਂ ਤੋਂ ਵੀ.ਵੀ.ਪੈਟ. ਸਲਿੱਪਾਂ ਦੀ ਗਿਣਤੀ ਸਫਲਤਾਪੂਰਵਕ ਪੂਰੀ ਹੋ ਗਈ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ 20 ਨਵੰਬਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਮਹਾਯੁਤੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਭਰੋਸੇਯੋਗਤਾ ’ਤੇ ਸਵਾਲ ਚੁਕੇ ਸਨ। ਚੋਣ ਕਮਿਸ਼ਨ ਨੇ ਕਿਹਾ ਕਿ ਵੀ.ਵੀ.ਪੈਟ. ਪਰਚੀਆਂ ਦੀ ਗਿਣਤੀ ਦਾ ਮਕਸਦ ਈ.ਵੀ.ਐਮ. ’ਚ ਦਰਜ ਵੋਟਾਂ ਦਾ ਵੀ.ਵੀ.ਪੈਟ. ਸਲਿੱਪਾਂ ਨਾਲ ਮੇਲ ਕਰਨਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੂਰੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੇ ਨੁਮਾਇੰਦੇ ਮੌਜੂਦ ਸਨ।
ਅਧਿਕਾਰੀਆਂ ਨੇ ਮਹਾਰਾਸ਼ਟਰ ਦੇ 288 ਵਿਧਾਨ ਸਭਾ ਹਲਕਿਆਂ ’ਚ ਕੁਲ 1,440 ਵੀ.ਵੀ.ਪੈਟ. ਮਸ਼ੀਨਾਂ ਦੀ ਪੁਸ਼ਟੀ ਕੀਤੀ। ਚੋਣ ਕਮਿਸ਼ਨ ਦੇ ਆਬਜ਼ਰਵਰਾਂ ਅਤੇ ਉਮੀਦਵਾਰਾਂ ਦੇ ਨੁਮਾਇੰਦਿਆਂ ਨੇ ਬੇਤਰਤੀਬੇ ਢੰਗ ਨਾਲ ਪੋਲਿੰਗ ਸਟੇਸ਼ਨਾਂ ਦੀ ਚੋਣ ਕੀਤੀ। ਚੋਣ ਕਮਿਸ਼ਨ ਨੇ ਕਿਹਾ ਕਿ ਈ.ਵੀ.ਐਮ. ’ਚ ਦਰਜ ਉਮੀਦਵਾਰ-ਵਾਰ ਵੋਟਾਂ ਦੀ ਗਿਣਤੀ ਅਤੇ ਵੀ.ਵੀ.ਪੈਟ. ਪਰਚੀਆਂ ਦੀ ਗਿਣਤੀ ’ਚ ਕੋਈ ਫ਼ਰਕ ਨਹੀਂ ਮਿਲਿਆ। ਹਰ ਗਿਣਤੀ ਕੇਂਦਰ ’ਤੇ ਵਿਸ਼ੇਸ਼ ਸਰਕਲ ਬਣਾਏ ਗਏ ਸਨ ਅਤੇ ਸਾਰੀ ਪ੍ਰਕਿਰਿਆ ਸੀ.ਸੀ.ਟੀ.ਵੀ. ’ਚ ਰੀਕਾਰਡ ਕੀਤੀ ਗਈ ਸੀ, ਜਿਸ ਦੀ ਫੁਟੇਜ ਸੁਰੱਖਿਅਤ ਰੱਖੀ ਗਈ ਹੈ।
ਕਮਿਸ਼ਨ ਦੇ ਹਦਾਇਤਾਂ ਅਨੁਸਾਰ ਹਰ ਹਲਕੇ ਦੇ ਪੰਜ ਪੋਲਿੰਗ ਸਟੇਸ਼ਨਾਂ ਤੋਂ ਵੀਵੀਪੈਟ ਸਲਿੱਪਾਂ ਦੀ ਗਿਣਤੀ ਲਾਜ਼ਮੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਤਸਦੀਕ ਤਕ ਗਿਣਤੀ ਪ੍ਰਕਿਰਿਆ ਅਧੂਰੀ ਮੰਨੀ ਜਾਂਦੀ ਹੈ ਅਤੇ ਕਿਸੇ ਵੀ ਉਮੀਦਵਾਰ ਨੂੰ ਜੇਤੂ ਐਲਾਨਿਆ ਨਹੀਂ ਜਾ ਸਕਦਾ। ਮਹਾਯੁਤੀ ਗਠਜੋੜ ਨੇ ਚੋਣਾਂ ’ਚ 288 ਵਿਧਾਨ ਸਭਾ ਸੀਟਾਂ ’ਚੋਂ 230 ਸੀਟਾਂ ਜਿੱਤੀਆਂ।