ਸ਼ਿਵ ਸੈਨਾ ਵਿਧਾਇਕ ਦੀ ਬੱਚਿਆਂ ਨੂੰ ਅਜੀਬੋ-ਗ਼ਰੀਬ ਨਸੀਹਤ : ‘ਜੇ ਤੁਹਾਡੇ ਮਾਪੇ ਮੈਨੂੰ ਵੋਟ ਨਹੀਂ ਦਿੰਦੇ ਤਾਂ ਖਾਣਾ ਨਾ ਖਾਇਉ’

ਏਜੰਸੀ

ਖ਼ਬਰਾਂ, ਰਾਜਨੀਤੀ

ਵਿਰੋਧੀ ਧਿਰ ਨੇ ਸੰਤੋਸ਼ ਬੰਗੜ ਵਿਰੁਧ ਕਾਰਵਾਈ ਦੀ ਮੰਗ ਕੀਤੀ

Santosh Bangar

ਮੁੰਬਈ: ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਵਿਧਾਇਕ ਸੰਤੋਸ਼ ਬੰਗੜ ਨੇ ਅਪਣੇ ਹਲਕੇ ਦੇ ਬੱਚਿਆਂ ਨੂੰ ਅਜੀਬੋ-ਗ਼ਰੀਬ ਨਸੀਹਤ ਦਿਤੀ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ, ‘‘ਜੇਕਰ ਤੁਹਾਡੇ ਮਾਪੇ ਮੈਨੂੰ ਵੋਟ ਨਹੀਂ ਦਿੰਦੇ ਤਾਂ ਦੋ ਦਿਨਾਂ ਤਕ ਰੋਟੀ ਨਾ ਖਾਇਉ।’’

ਕਲਮਨੂਰੀ ਦੇ ਵਿਧਾਇਕ ਦੀ ਇਹ ਟਿਪਣੀ ਚੋਣ ਕਮਿਸ਼ਨ ਵਲੋਂ ਚੋਣਾਂ ਨਾਲ ਸਬੰਧਤ ਗਤੀਵਿਧੀਆਂ ’ਚ ਬੱਚਿਆਂ ਦੀ ਵਰਤੋਂ ਵਿਰੁਧ ਹਦਾਇਤਾਂ ਜਾਰੀ ਕਰਨ ਦੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਆਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਇਕ ਵੀਡੀਉ ’ਚ ਬਾਂਗੜ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਜੇਕਰ ਤੁਹਾਡੇ ਮਾਪੇ ਅਗਲੀਆਂ ਚੋਣਾਂ ’ਚ ਮੈਨੂੰ ਵੋਟ ਨਹੀਂ ਦਿੰਦੇ ਤਾਂ ਦੋ ਦਿਨਾਂ ਤਕ ਰੋਟੀ ਨਾ ਖਾਇਉ।’’

ਇਹ ਵੀਡੀਉ ਹਿੰਗੋਲੀ ਜ਼ਿਲ੍ਹੇ ਦੇ ਇਕ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਦੌਰੇ ਦੌਰਾਨ ਫਿਲਮਾਇਆ ਕੀਤਾ ਗਿਆ ਸੀ। ਬੰਗੜ ਨੇ ਬੱਚਿਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਮਾਪੇ ਖਾਣਾ ਨਾ ਖਾਣ ਦਾ ਕਾਰਨ ਪੁੱਛਦੇ ਹਨ ਤਾਂ ਉਨ੍ਹਾਂ ਨੂੰ ‘ਵੋਟ ਫਾਰ ਸੰਤੋਸ਼ ਬੰਗੜ ਕਹਿ ਦਿਉ’। ਇਨ੍ਹਾਂ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਸੀ।

ਵਿਧਾਇਕ ਨੇ ਫਿਰ ਬੱਚਿਆਂ ਨੂੰ ਕਿਹਾ ਕਿ ਉਹ ਦੁਹਰਾਉਣ ਕਿ ਉਹ ਅਪਣੇ ਮਾਪਿਆਂ ਦੇ ਸਾਹਮਣੇ ਕੀ ਕਹਿਣਗੇ। ਬਾਂਗੜ ਦੀ ਟਿਪਣੀ ’ਤੇ ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿਤੀ ਅਤੇ ਉਨ੍ਹਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ। 

ਐਨ.ਸੀ.ਪੀ. (ਸ਼ਰਦ ਪਵਾਰ ਧੜੇ) ਦੇ ਬੁਲਾਰੇ ਕਲਾਈਡ ਕ੍ਰੈਸਟੋ ਨੇ ਕਿਹਾ, ‘‘ਬੰਗੜ ਨੇ ਸਕੂਲੀ ਬੱਚਿਆਂ ਨੂੰ ਜੋ ਕਿਹਾ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਵਿਰੁਧ ਹੈ, ਇਸ ਲਈ ਉਨ੍ਹਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹ ਵਾਰ-ਵਾਰ ਉਲੰਘਣਾ ਕਰਦੇ ਹਨ ਅਤੇ ਭਾਜਪਾ ਦਾ ਸਹਿਯੋਗੀ ਹੋਣ ਕਾਰਨ ਛੁੱਟੀ ਜਾਂਦੇ ਹਨ। ਕਮਿਸ਼ਨ ਨੂੰ ਬਿਨਾਂ ਕਿਸੇ ਪੱਖਪਾਤ ਦੇ ਉਨ੍ਹਾਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ।’’

ਕਾਂਗਰਸ ਨੇਤਾ ਵਿਜੇ ਵਡੇਟੀਵਾਰ ਨੇ ਚੋਣ ਕਮਿਸ਼ਨ ਨੂੰ ਬੰਗੜ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਪੁਛਿਆ ਕਿ ਕੀ ਸੂਬੇ ਦੇ ਸਿੱਖਿਆ ਮੰਤਰੀ ਸੌਂ ਰਹੇ ਸਨ ਜਦੋਂ ਉਨ੍ਹਾਂ ਦੀ ਪਾਰਟੀ ਦਾ ਇਕ ਵਿਧਾਇਕ ਸਕੂਲੀ ਬੱਚਿਆਂ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ।

ਬਾਂਗੜ ਇਸ ਤੋਂ ਪਹਿਲਾਂ ਅਪਣੀ ਟਿਪਣੀ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਸਨ। ਪਿਛਲੇ ਮਹੀਨੇ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਹੀਂ ਬਣੇ ਤਾਂ ਉਹ ਫਾਹਾ ਲੈ ਲੈਣਗੇ। ਕਲਮਨੂਰੀ ਪੁਲਿਸ ਨੇ ਪਿਛਲੇ ਸਾਲ ਅਗੱਸਤ ’ਚ ਇਕ ਰੈਲੀ ਦੌਰਾਨ ਤਲਵਾਰ ਲਹਿਰਾਉਣ ਲਈ ਉਸ ’ਤੇ ਕੇਸ ਦਰਜ ਕੀਤਾ ਸੀ। ਸਾਲ 2022 ’ਚ ਮਿਡ-ਡੇਅ ਮੀਲ ਪ੍ਰੋਗਰਾਮ ਦੇ ਕੈਟਰਿੰਗ ਮੈਨੇਜਰ ਨੂੰ ਥੱਪੜ ਮਾਰਨ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ।