ਭਗਵੰਤ ਮਾਨ 16 ਮਾਰਚ ਨੂੰ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
13 ਮਾਰਚ ਨੂੰ ਅੰਮ੍ਰਿਤਸਰ ਪਹੁੰਚਣਗੇ ਅਰਵਿੰਦ ਕੇਰੀਵਾਲ, ਮਿਲ ਕੇ ਕੱਢਣਗੇ ਰੋਡਸ਼ੋਅ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਵੇਗਾ। ਇਸ ਤੋਂ ਪਹਿਲਾਂ 13 ਮਾਰਚ ਨੂੰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨਾਲ ਰੋਡ ਸ਼ੋਅ ਵੀ ਕਰਨਗੇ। ਦੱਸਣਯੋਗ ਹੈ ਕਿ 'ਆਪ' ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਮਾਨ ਨੇ ਕੇਜਰੀਵਾਲ ਦੇ ਪੈਰ ਛੂਹੇ। ਜਿਸ ਤੋਂ ਬਾਅਦ ਕੇਜਰੀਵਾਲ ਨੇ ਉਨ੍ਹਾਂ ਨੂੰ ਜੱਫੀ ਪਾ ਲਈ। ਜਾਣਕਾਰੀ ਅਨੁਸਾਰ ਭਲਕੇ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਦੱਸ ਦੇਈਏ ਕਿ ਪੰਜਾਬ ਚੋਣਾਂ 'ਚ ਆਮ ਆਦਮੀ ਪਾਰਟੀ ਨੇ 92 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਅਤੇ ਬਾਕੀ ਸੀਟਾਂ ਵਿਚੋਂ ਸਿਰਫ਼ 18 ਕਾਂਗਰਸ, 4 ਅਕਾਲੀ ਦਲ, 2 ਭਾਜਪਾ ਅਤੇ ਇੱਕ ਆਜ਼ਾਦ ਦੇ ਹਿੱਸੇ ਆਈ। ਸੂਬੇ ਵਿੱਚ ‘ਆਪ’ ਦੀ ਸੁਨਾਮੀ ਅਜਿਹੀ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਸੁਖਬੀਰ ਬਾਦਲ ਸਮੇਤ ਕਈ ਦਿੱਗਜ਼ਾਂ ਨੂੰ ਵੀ ਹਰ ਦਾ ਸਾਹਮਣਾ ਕਰਨਾ ਪਿਆ।