ਦਿੱਲੀ ਦੇ ਰੋਹਿਣੀ ਹਸਪਤਾਲ 'ਚ ਲੱਗੀ ਭਿਆਨਕ ਅੱਗ, ਇਕ ਮਰੀਜ਼ ਦੀ ਗਈ ਜਾਨ
ਹਸਪਤਾਲ 'ਚ ਦਾਖਲ ਬਾਕੀ ਸਾਰੇ ਮਰੀਜ਼ ਪੂਰੀ ਤਰ੍ਹਾਂ ਸੁਰੱਖਿਅਤ
ਨਵੀਂ ਦਿੱਲੀ : ਰਾਜਧਾਨੀ ਦੇ ਰੋਹਿਣੀ ਖੇਤਰ ਦੇ ਇੱਕ ਹਸਪਤਾਲ ਵਿੱਚ ਸ਼ਨੀਵਾਰ ਤੜਕੇ ਅੱਗ ਲੱਗਣ ਤੋਂ ਬਾਅਦ ਕਥਿਤ ਤੌਰ 'ਤੇ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਇੱਕ 64 ਸਾਲਾ ਮਰੀਜ਼ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਸਪਤਾਲ 'ਚ ਦਾਖਲ ਬਾਕੀ ਸਾਰੇ ਮਰੀਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ। ਡਿਪਟੀ ਕਮਿਸ਼ਨਰ (ਰੋਹਿਣੀ) ਪ੍ਰਣਵ ਤਾਇਲ ਨੇ ਦੱਸਿਆ ਕਿ ਪੂਠ ਖੁਰਦ ਸਥਿਤ ਬ੍ਰਹਮ ਸ਼ਕਤੀ ਹਸਪਤਾਲ ਦੀ ਤੀਜੀ ਮੰਜ਼ਿਲ 'ਤੇ ਸਵੇਰੇ 5 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।
ਦਿੱਲੀ ਫਾਇਰ ਸਰਵਿਸ (DFS) ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕੁੱਲ 9 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਹਨ। ਗਰਗ ਨੇ ਦੱਸਿਆ ਕਿ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਡੀਸੀਪੀ ਨੇ ਕਿਹਾ ਕਿ ਇੱਕ ਮਰੀਜ਼ ਨੂੰ ਛੱਡ ਕੇ ਸਾਰਿਆਂ ਨੂੰ ਬਚਾ ਲਿਆ ਗਿਆ ਸੀ, ਜੋ ਆਈਸੀਯੂ ਵਿੱਚ ਦਾਖਲ ਸੀ ਅਤੇ ਵੈਂਟੀਲੇਟਰ ਸਪੋਰਟ 'ਤੇ ਸੀ। ਡੀਸੀਪੀ ਤਾਇਲ ਨੇ ਕਿਹਾ ਕਿ ਹੋਲੀ,ਪ੍ਰੇਮ ਨਗਰ ਦੇ ਵਸਨੀਕ ਹੋਲੀ ਨੂੰ ਬਚਾਇਆ ਗਿਆ ਸੀ, ਪਰ ਬਿਜਲੀ ਅਤੇ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਵਿੱਚ ਅੱਗ ਬੁਝਾਉਣ ਵਾਲੀ ਕੋਈ ਪ੍ਰਣਾਲੀ ਕਾਰਜਸ਼ੀਲ ਨਹੀਂ ਪਾਈ ਗਈ ਅਤੇ ਫਾਇਰ ਐਗਜ਼ਿਟ ਦਰਵਾਜ਼ਾ ਬੰਦ/ਬਲਾਕ ਪਾਇਆ ਗਿਆ।
ਡੀਸੀਪੀ ਨੇ ਕਿਹਾ ਕਿ ਵਿਜੇ ਵਿਹਾਰ ਪੁਲਿਸ ਕੋਲ ਇਸ ਸਬੰਧ ਵਿੱਚ ਭਾਰਤੀ ਦੰਡਾਵਲੀ (IPC) ਦੀਆਂ ਧਾਰਾਵਾਂ 285 (ਅੱਗ ਜਾਂ ਜਲਣਸ਼ੀਲ ਪਦਾਰਥਾਂ ਦੇ ਸਬੰਧ ਵਿੱਚ ਲਾਪਰਵਾਹੀ ਵਾਲਾ ਵਤੀਰਾ), 287 (ਮਸ਼ੀਨਰੀ ਦੇ ਸਬੰਧ ਵਿੱਚ ਲਾਪਰਵਾਹੀ ਵਾਲਾ ਵਤੀਰਾ), ਅਤੇ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 27 ਮਈ ਨੂੰ ਦੱਖਣੀ ਦਿੱਲੀ ਦੇ ਸਫਦਰਜੰਗ ਹਸਪਤਾਲ ਅਤੇ ਪੂਰਬੀ ਦਿੱਲੀ ਦੇ ਮੱਕੜ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ ਪਰ ਇਨ੍ਹਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।