ਭਾਰਤ ਵਿਚ 'ਆਪ' ਦੀ ਵਧਦੀ ਪ੍ਰਸਿੱਧੀ ਤੋਂ ਬੇਚੈਨ ਹੋਏ ਪ੍ਰਧਾਨ ਮੰਤਰੀ ਮੋਦੀ : ਆਪ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਅਰਵਿੰਦ ਕੇਜਰੀਵਾਲ ਨੇ ਇੱਕ ਨਵੇਂ ਸਿਆਸੀ ਯੁੱਗ ਦੀ ਕੀਤੀ ਸ਼ੁਰੂਆਤ 

Prime Minister Modi is worried about the increasing popularity of 'AAP' in India: AAP

'ਮੁਫ਼ਤ ਰੇਵੜੀ' ਵਾਲੀ ਟਿੱਪਣੀ 'ਤੇ 'ਆਪ' ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਾਧਿਆ ਨਿਸ਼ਾਨਾ: ਕਿਹਾ, ਭਾਜਪਾ ਅਤੇ ਕਾਂਗਰਸ ਤੋਂ ਤੰਗ ਆ ਚੁੱਕੇ ਹਨ ਲੋਕ
 -ਸਾਨੂੰ ਪਰਿਵਾਰਵਾਦ ਅਤੇ ਦੋਸਤਵਾਦ ਨੂੰ ਖ਼ਤਮ ਕਰਨ ਲਈ 'ਆਪ' ਦੇ ਭਾਰਤਵਾਦ ਦਾ ਸਮਰਥਨ ਕਰਨਾ ਚਾਹੀਦਾ ਹੈ: ਮਲਵਿੰਦਰ ਸਿੰਘ ਕੰਗ  
 
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਆਪ' ਸਮੇਤ ਸਿਆਸੀ ਪਾਰਟੀਆਂ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਸੇਵਾਵਾਂ ਬਾਰੇ 'ਰੇਵੜੀ ਕਲਚਰ' ਵਾਲੀ ਟਿੱਪਣੀ ਨੂੰ ਆੜੇ ਹੱਥੀਂ ਲਿਆ। 'ਆਪ' ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੇਸ਼ 'ਚ ਕੁਝ ਕਾਰਪੋਰੇਟ ਪਰਿਵਾਰਾਂ ਦਾ ਪੱਖ ਲੈਣ ਦੀ ਬਜਾਏ ਆਮ ਆਦਮੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਇੱਕ ਨਵੇਂ ਸਿਆਸੀ ਦੌਰ ਦੀ ਸ਼ੁਰੂਆਤ ਕੀਤੀ ਹੈ।

ਵੀਰਵਾਰ ਨੂੰ ਐਡਵੋਕੇਟ ਰਵਿੰਦਰ ਸਿੰਘ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਮਿਲ ਕੇ ਕਿਹਾ ਕਿ ਦੇਸ਼ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਿਹਾ ਹੈ ਅਤੇ ਚੰਗੀ ਸਿੱਖਿਆ ਅਤੇ ਬਿਹਤਰ ਸਿਹਤ ਸਹੂਲਤਾਂ ਮੁਫ਼ਤ ਦੇਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਭਲਾਈ ਅਤੇ ਸਰਕਾਰੀ ਸੇਵਾਵਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਕਹਿ ਕੇ ਨਾਂ ਸਿਰਫ਼ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ ਸਗੋਂ ਇਹਨਾਂ ਸਹੂਲਤਾਂ ਖਿਲਾਫ ਮਾਹੌਲ ਵੀ ਪੈਦਾ ਕਰ ਰਹੇ ਹਨ। 

ਕੰਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਪਾਰਟੀ ਦੇ ਸਾਫ਼-ਸੁਥਰੇ ਅਤੇ ਲੋਕ ਪੱਖੀ ਸ਼ਾਸਨ ਤੋਂ ਘਬਰਾ ਕੇ ਭਾਜਪਾ ਵਾਲੇ ਅਜਿਹੇ ਬਿਆਨ ਦੇ ਰਹੇ ਹਨ ਜੋ ਉਨ੍ਹਾਂ ਦੇ ਦੋਹਰੇ ਮਾਪਦੰਡਾਂ ਨੂੰ ਵੀ ਨੰਗਾ ਕਰ ਰਿਹਾ ਹੈ। ਉਹਨਾਂ ਕਿਹਾ, “ਯੂਪੀ ਚੋਣਾਂ ਤੋਂ ਪਹਿਲਾਂ, ਭਾਜਪਾ ਨੇ ਆਪਣਾ ਮੈਨੀਫੈਸਟੋ ‘ਲੋਕ ਕਲਿਆਣ ਸੰਕਲਪ ਪੱਤਰ 2022’ ਲਾਂਚ ਕੀਤਾ ਸੀ ਅਤੇ ਭਾਜਪਾ ਨੇ ਸਰਕਾਰ ਬਣਨ 'ਤੇ ਹਰ ਘਰ ਨੂੰ ਮੁਫ਼ਤ ਸਿੱਖਿਆ ਅਤੇ ਸਿਹਤ ਸੰਭਾਲ, 300 ਯੂਨਿਟ ਫ੍ਰੀ ਬਿਜਲੀ ਅਤੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਕੀ ਇਹ 'ਮੁਫ਼ਤ ਰੇਵੜੀ' ਨਹੀਂ? ਦੇਸ਼ ਵਿੱਚ 'ਆਪ' ਦੀ ਤੇਜ਼ੀ ਨਾਲ ਵਧ ਰਹੀ ਲੋਕਪ੍ਰਿਅਤਾ ਤੋਂ ਭਾਜਪਾ ਹੈਰਾਨ ਹੈ ਅਤੇ ਇਸ ਲਈ ਬੇਬੁਨਿਆਦ ਬਿਆਨ ਜਾਰੀ ਕਰ ਰਹੀ ਹੈ।”

ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਸਮੇਤ ਲਗਭਗ 9 ਵਿਕਸਤ ਦੇਸ਼ ਆਪਣੇ ਨਾਗਰਿਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਅਤੇ ਸਿੱਖਿਆ ਪ੍ਰਦਾਨ ਕਰਦੇ ਹਨ, ਤਾਂ ਭਾਰਤ ਦੇ ਬੱਚੇ ਇਸ ਤੋਂ ਵਾਂਝੇ ਕਿਉਂ ਹਨ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਜਦਕਿ ਭਾਜਪਾ ਅਤੇ ਕਾਂਗਰਸ ਆਪਣੇ ਪੂੰਜੀਵਾਦੀ ਦੋਸਤਾਂ ਅਤੇ ਪਰਿਵਾਰਾਂ ਲਈ ਕੰਮ ਕਰ ਰਹੀਆਂ ਹਨ।

ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਆਪ ਫੈਸਲਾ ਕਰਨਾ ਹੈ ਕਿ ਕੀ ਉਹ ਪਰਿਵਾਰਵਾਦੀ ਪਾਰਟੀ ਕਾਂਗਰਸ ਅਤੇ ਪੂੰਜੀਵਾਦੀ-ਪੱਖੀ ਪਾਰਟੀ ਭਾਜਪਾ ਨੂੰ ਚਾਹੁੰਦੇ ਹਨ ਜਾਂ ਫਿਰ ‘ਭਾਰਤਵਾਦ’ ਨੂੰ ਸਮਰਪਿਤ ਆਮ ਆਦਮੀ ਪਾਰਟੀ ਪਾਰਟੀ, ਜੋ ਦੇਸ਼ ਦੇ 137 ਕਰੋੜ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਕੰਮ ਕਰ ਰਹੀ ਹੈ।