ਮੋਦੀ ਦੇ 'ਏਕ ਹੈ ਤਾਂ ਸੁਰੱਖਿਅਤ ਹੈ' ਵਾਲੇ ਬਿਆਨ ਦਾ ਇਰਾਦਾ ਏਕਤਾ ਖਤਮ ਕਰਨਾ ਅਤੇ ਦਬਦਬਾ ਦਿਖਾਉਣਾ ਹੈ : ਕਾਂਗਰਸ ਪ੍ਰਧਾਨ ਖੜਗੇ

ਏਜੰਸੀ

ਖ਼ਬਰਾਂ, ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਬੱਕਰੀਆਂ ਵਾਂਗ ਵਿਧਾਇਕਾਂ ਨੂੰ ਖਰੀਦਣ, ਸਰਕਾਰਾਂ ਨੂੰ ਢਾਹੁਣ ’ਚ ਵਿਸ਼ਵਾਸ ਰਖਦੇ ਹਨ : ਖੜਗੇ 

Representative Image.

ਰਾਂਚੀ :  ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਅਰੇ 'ਏਕ ਹੈ ਤਾਂ ਸੁਰੱਖਿਅਤ ਹੈ' ਅਤੇ 'ਬੇਟਾਂਗੇ ਤੋ ਕਟੇਂਗੇ' ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਏਕਤਾ ਨੂੰ ਖਤਮ ਕਰਨਾ ਅਤੇ ਆਪਣਾ ਦਬਦਬਾ ਦਿਖਾਉਣਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ’ਤੇ ਵਿਰੋਧੀ ਧਿਰ ਨੂੰ ਦਬਾਉਣ ਅਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਢਾਹੁਣ ਲਈ ਬੱਕਰੀਆਂ ਵਾਂਗ ਵਿਧਾਇਕਾਂ ਨੂੰ ਖਰੀਦਣ, ਖੁਆਉਣ ਅਤੇ ਕਤਲ ਕਰਨ ਦਾ ਦੋਸ਼ ਲਗਾਇਆ।

ਖੜਗੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਕ ਸੱਚਾ ਯੋਗੀ ‘ਬੰਟੇਂਗੇ ਤੋ ਕਟੇਂਗੇ’ ਵਰਗੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, ‘‘ਇਹ ਭਾਸ਼ਾ ਅਤਿਵਾਦੀਆਂ ਵਲੋਂ ਵਰਤੀ ਜਾਂਦੀ ਹੈ। ਯੋਗੀ ਇਕ ਮਠ ਦਾ ਮੁਖੀ ਹੈ, ਕੇਸਰੀ ਕਪੜੇ ਪਹਿਨਦਾ ਹੈ, ਪਰ ‘ਮੂੰਹ ’ਚ ਰਾਮ, ਬਦਲ ’ਚ ਛੁਰੀ’ ’ਚ ਵਿਸ਼ਵਾਸ ਕਰਦਾ ਹੈ।’’ ਉਨ੍ਹਾਂ ਕਿਹਾ, ‘‘ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਦੇ ਕਾਤਲਾਂ ’ਚੋਂ ਇਕ ਨੂੰ ਮਾਫ਼ ਕਰ ਦਿਤਾ ਜਦਕਿ ਪ੍ਰਿਯੰਕਾ ਗਾਂਧੀ ਨੇ ਕਾਤਲ ਨੂੰ ਗਲੇ ਲਗਾ ਲਿਆ। ਇਹ ਹੁੰਦੀ ਹੈ ਹਮਦਰਦੀ।’’

ਉਨ੍ਹਾਂ ਕਿਹਾ, ‘‘ਮੋਦੀ ਜੀ ਸਰਕਾਰਾਂ ਨੂੰ ਢਾਹੁਣ ’ਚ ਵਿਸ਼ਵਾਸ ਰਖਦੇ ਹਨ। ਉਹ ਵਿਧਾਇਕਾਂ ਨੂੰ ਖਰੀਦਦੇ ਹਨ। ਉਨ੍ਹਾਂ ਦਾ ਕੰਮ ਵਿਧਾਇਕਾਂ ਨੂੰ ਬੱਕਰੀਆਂ ਵਾਂਗ ਰਖਣਾ, ਉਨ੍ਹਾਂ ਨੂੰ ਪਾਲਣਾ ਅਤੇ ਫਿਰ ਉਨ੍ਹਾਂ ਨੂੰ ਕੱਟ ਕੇ ਖਾਣਾ ਹੈ। ਇਹ ਮੋਦੀ ਹੈ।’’

ਖੜਗੇ ਨੇ ਦਾਅਵਾ ਕੀਤਾ ਕਿ ਮੋਦੀ ਅਤੇ ਸ਼ਾਹ ਨੇ ਵਿਰੋਧੀ ਆਗੂਆਂ ਵਿਰੁਧ ਈ.ਡੀ., ਸੀ.ਬੀ.ਆਈ. ਅਤੇ ਹੋਰ ਕੇਂਦਰੀ ਏਜੰਸੀਆਂ ਤਾਇਨਾਤ ਕੀਤੀਆਂ ਹਨ ਪਰ ਅਸੀਂ ਡਰਦੇ ਨਹੀਂ ਹਾਂ। ਅਸੀਂ ਆਜ਼ਾਦੀ ਲਈ ਲੜਾਈ ਲੜੀ, ਅਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਚਾਰ ਲੋਕ ਭਾਰਤ ਚਲਾ ਰਹੇ ਹਨ। ਉਨ੍ਹਾਂ ਕਿਹਾ, ‘‘ਮੋਦੀ, ਸ਼ਾਹ, ਅਡਾਨੀ ਅਤੇ ਅੰਬਾਨੀ ਦੇਸ਼ ਚਲਾ ਰਹੇ ਹਨ, ਜਦਕਿ ਰਾਹੁਲ ਗਾਂਧੀ ਅਤੇ ਮੈਂ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’’