ਕੇਰਲ ਦੀਆਂ ਰਾਸ਼ਨ ਦੁਕਾਨਾਂ ’ਤੇ ਨਹੀਂ ਹੋਣਗੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ, ਸੈਲਫੀ ਪੁਆਇੰਟ 

ਏਜੰਸੀ

ਖ਼ਬਰਾਂ, ਰਾਜਨੀਤੀ

ਲੋਕ ਸਭਾ ਚੋਣਾਂ ਨੇੜੇ ਹਨ, ਅਜਿਹੇ ਸਮੇਂ ’ਚ ਸੈਲਫੀ ਮੁਹਿੰਮ ਭਾਜਪਾ ਦੀ ਚੋਣ ਮੁਹਿੰਮ ਦਾ ਹਿੱਸਾ ਹੈ

P. Vijyan and PM Modi

ਤਿਰੂਵਨੰਤਪੁਰਮ: ਕੇਰਲ ਸਰਕਾਰ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ ਪੂਰੇ ਸੂਬੇ ’ਚ ਰਾਸ਼ਨ ਦੀਆਂ ਦੁਕਾਨਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ ਕੌਮੀ ਖੁਰਾਕ ਸੁਰੱਖਿਆ ਕਾਨੂੰਨ (ਐੱਨ.ਐੱਫ.ਐੱਸ.ਏ.) ਦੇ ਲੋਗੋ ਵਾਲੇ ਫਲੈਕਸ ਬੈਨਰ ਲਗਾਉਣ ਦੇ ਕੇਂਦਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੇਗੀ।

ਵਿਧਾਨ ਸਭਾ ’ਚ ਆਈ.ਯੂ.ਐਮ.ਐਲ. ਦੇ ਵਿਧਾਇਕ ਪੀ. ਅਬਦੁਲ ਹਮੀਦ ਦੇ ਇਕ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਸੈਲਫੀ ਮੁਹਿੰਮ ਅਜਿਹੇ ਸਮੇਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਣ ਮੁਹਿੰਮ ਦਾ ਹਿੱਸਾ ਹੈ ਜਦੋਂ ਲੋਕ ਸਭਾ ਚੋਣਾਂ ਨੇੜੇ ਹਨ। 

ਉਨ੍ਹਾਂ ਕਿਹਾ, ‘‘ਇਹ ਮੁਹਿੰਮ ਅਜਿਹੇ ਸਮੇਂ ਸ਼ੁਰੂ ਕੀਤੀ ਗਈ ਹੈ ਜਦੋਂ ਲੋਕ ਸਭਾ ਚੋਣਾਂ ਨੇੜੇ ਹਨ ਅਤੇ ਇਹ ਸਪੱਸ਼ਟ ਹੈ ਕਿ ਇਹ ਉਨ੍ਹਾਂ (ਭਾਜਪਾ) ਦੀ ਚੋਣ ਮੁਹਿੰਮ ਦਾ ਹਿੱਸਾ ਹੈ। ਅਸੀਂ ਇਸ ਵਲ ਇਸ਼ਾਰਾ ਕਰਾਂਗੇ ਅਤੇ ਕੇਂਦਰ ਸਰਕਾਰ ਨੂੰ ਸੂਚਿਤ ਕਰਾਂਗੇ ਕਿ ਇਹ ਸਹੀ ਨਹੀਂ ਹੈ ਅਤੇ ਇਸ ਨੂੰ ਲਾਗੂ ਕਰਨਾ ਮੁਸ਼ਕਲ ਹੋਵੇਗਾ। ਅਸੀਂ ਇਸ ਗੱਲ ’ਤੇ ਵੀ ਵਿਚਾਰ ਕਰਾਂਗੇ ਕਿ ਕੀ ਅਸੀਂ ਇਸ ਮੁੱਦੇ ’ਤੇ ਚੋਣ ਕਮਿਸ਼ਨ ਕੋਲ ਪਹੁੰਚ ਕਰ ਸਕਦੇ ਹਾਂ।’’

ਇਸ ਤੋਂ ਪਹਿਲਾਂ ਸੂਬੇ ਦੇ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਜੀ.ਆਰ. ਅਨਿਲ ਨੇ ਕਿਹਾ ਕਿ ਕੇਂਦਰ ਨੇ ਕੇਰਲ ’ਚ 14,000 ਤੋਂ ਵੱਧ ਰਾਸ਼ਨ ਦੀਆਂ ਦੁਕਾਨਾਂ ’ਤੇ ਪ੍ਰਧਾਨ ਮੰਤਰੀ ਦੀ ਤਸਵੀਰ ਵਾਲੇ ਫਲੈਕਸ ਅਤੇ ਬੈਨਰ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। 

ਕੇਂਦਰ ਨੇ 550 ਰਾਸ਼ਨ ਦੀਆਂ ਚੁਣੀਆਂ ਦੁਕਾਨਾਂ ’ਤੇ ਪ੍ਰਧਾਨ ਮੰਤਰੀ ਦੀ ਤਸਵੀਰ ਵਾਲੇ ਸੈਲਫੀ ਪੁਆਇੰਟ ਲਗਾਉਣ ਦੇ ਹੁਕਮ ਦਿਤੇ ਹਨ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਜਾਂਚ ਕਰਨ ਲਈ ਕਿਹਾ ਹੈ। ਇਸ ਨੇ ਅਪਣੇ ਲੋਗੋ ਵਾਲੇ ਕੈਰੀ ਬੈਗਾਂ ਦੀ ਵਰਤੋਂ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਅਨਿਲ ਨੇ ਕਿਹਾ ਕਿ ਰਾਜ ਸਰਕਾਰ ਚੋਣ ਸਾਲ ਦੌਰਾਨ ਅਜਿਹੀ ਮੁਹਿੰਮ ਨਹੀਂ ਚਲਾਏਗੀ।