ਪ੍ਰਧਾਨ ਮੰਤਰੀ ਦੀ ਅਗਵਾਈ 'ਚ ਭਾਜਪਾ ਸੰਸਦ ਮੈਂਬਰ ਅਤੇ ਵਿਧਾਇਕ ਅੱਜ ਰਖਣਗੇ ਵਰਤ
ਮੋਦੀ ਕਿਸਾਨਾਂ ਦੀ ਖ਼ੁਦਕੁਸ਼ੀ 'ਤੇ ਵਰਤ ਕਿਉਂ ਨਹੀਂ ਰਖਦੇ? : ਓਵੈਸੀ
ਸੰਸਦ ਦੀ ਕਾਰਵਾਈ ਨਾ ਚੱਲਣ ਦੇਣ 'ਚ ਕਾਂਗਰਸ ਦੀ ਭੂਮਿਕਾ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਤੇ ਸਾਰੇ ਸੂਬਿਆਂ ਦੇ ਵਿਧਾਇਕ ਇਕ ਦਿਨ ਦਾ ਵਰਤ ਰਖਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਇਸੇ ਦਿਨ ਚੋਣ ਰਾਜ ਕਰਨਾਟਕ ਦੇ ਹੁਬਲੀ 'ਚ ਧਰਨਾ ਦੇਣਗੇ।ਪ੍ਰਧਾਨ ਮੰਤਰੀ ਨੇ ਅੱਜ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਆਡਿਉ ਬ੍ਰਿਜ ਰਾਹੀਂ ਸੰਵਾਦ ਕਰਦਿਆਂ ਕਿਹਾ, ''ਸੰਸਦ ਨੂੰ ਬੰਧਕ ਬਣਾ ਕੇ ਜਿਨ੍ਹਾਂ ਲੋਕੰਤਤਰ ਦਾ ਗਲ ਘੋਟਣ ਦਾ ਅਪਰਾਧ ਕੀਤਾ ਅਤੇ ਸਿਆਸੀ ਹੰਕਾਰ ਅਤੇ ਸੱਤਾ ਦੀ ਭੁੱਖ ਤੋਂ ਪ੍ਰੇਰਿਤ ਹੋ ਕੇ ਦੇਸ਼ ਨੂੰ ਅੱਗੇ ਨਹੀਂ ਵਧਣ ਦਿਤਾ ਅਤੇ ਸੰਸਦ ਨਹੀਂ ਚੱਲਣ ਦਿਤੀ ਅਸੀਂ ਉਨ੍ਹਾਂ ਮੁੱਠੀ ਭਰ ਲੋਕਾਂ ਦੀ ਮਾਨਸਿਕਤਾ ਨੂੰ ਦੇਸ਼ ਦੇ ਲੋਕਾਂ ਸਾਹਮਣੇ ਉਜਾਗਰ ਕਰਾਂਗੇ।'' ਉਨ੍ਹਾਂ ਕਿਹਾ ਕਿ 12 ਅਪ੍ਰੈਲ ਨੂੰ ਭਾਜਪਾ ਦੇ ਸਾਰੇ ਲੋਕ ਪ੍ਰਤੀਨਿਧੀ ਅਤੇ ਕਾਰਕੁਨ ਦੇਸ਼ ਭਰ 'ਚ ਵਰਤ ਰਖਣਗੇ।
ਉਧਰ ਵਿਰੋਧੀ ਪਾਰਟੀਆਂ ਨੇ ਇਸ ਵਰਤ 'ਤੇ ਸਵਾਲ ਚੁੱਕੇ ਹਨ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਕੇਂਦਰ ਨੇ ਹੀ ਕਾਵੇਰੀ ਮੁੱਦੇ 'ਤੇ ਅੰਨਾ ਡੀ.ਐਮ.ਕੇ. ਨੂੰ ਸੰਸਦ 'ਚ ਰੇੜਕਾ ਕਾਇਮ ਕਰਨ ਲਈ ਉਕਸਾਇਆ ਸੀ। ਜਦਕਿ ਤੇਲਗੂ ਦੇਸ਼ਮ ਪਾਰਟੀ ਨੂੰ ਅਪਣੀ ਮੰਗ ਰੱਖਣ ਦੀ ਇਜਾਜ਼ਤ ਹੀ ਨਹੀਂ ਦਿਤੀ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਵਰਤ 'ਤੇ ਤਨਜ ਕਸਦਿਆਂ ਕਿਹਾ ਕਿ ਉਮੀਦ ਹੈ ਕਿ ਨਰਿੰਦਰ ਮੋਦੀ ਉਨਾਵ ਬਲਾਤਕਾਰ ਅਤੇ ਕਤਲ ਮਾਮਲੇ ਦੀ ਘਟਨਾ ਨੂੰ ਲੈ ਕੇ ਵੀ ਵਰਤ ਰਖਣਗੇ। ਉਨ੍ਹਾਂ ਇਸ ਮਾਮਲੇ ਨੂੰ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਦਸਿਆ। ਜਦਕਿ ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਾਦੁਦੀਨ ਓਵੈਸੀ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਮੁੱਦੇ ਅਤੇ ਅਪਣੇ ਝੂਠੇ ਵਾਅਦਿਆਂ 'ਤੇ ਪਸ਼ਚਾਤਾਪ ਲਈ ਵੀ ਕਦੀ ਵਰਤ ਰਖਣਗੇ? (ਪੀਟੀਆਈ)