ਨੈਸ਼ਨਲ ਹੇਰਾਲਡ ਮਾਮਲਾ : ਈ.ਡੀ. ਨੇ ਕਾਂਗਰਸ ਨਾਲ ਜੁੜੀ ਏ.ਜੇ.ਐਲ. ’ਚ ਜਾਇਦਾਦ ਜ਼ਬਤ ਕਰਨ ਲਈ ਨੋਟਿਸ ਜਾਰੀ ਕੀਤੇ 

ਏਜੰਸੀ

ਖ਼ਬਰਾਂ, ਰਾਜਨੀਤੀ

ਸਬੰਧਤ ਦਸਤਾਵੇਜ਼ਾਂ ਨੂੰ ਜਾਇਦਾਦਾਂ ਦੇ ਸਬੰਧਤ ਰਜਿਸਟਰਾਰ ਨੂੰ ਸੌਂਪ ਦਿਤਾ

Enforcement Directorate

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਨੇ ਕਾਂਗਰਸ ਦੇ ਕੰਟਰੋਲ ਵਾਲੇ ਨੈਸ਼ਨਲ ਹੇਰਾਲਡ ਅਖਬਾਰ ਅਤੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏ.ਜੇ.ਐਲ.) ਨਾਲ ਜੁੜੀ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ ਬਾਰੇ) ਜਾਂਚ ਦੇ ਹਿੱਸੇ ਵਜੋਂ ਜ਼ਬਤ ਕੀਤੀ ਗਈ 661 ਕਰੋੜ ਰੁਪਏ ਦੀ ਅਚੱਲ ਜਾਇਦਾਦ ਨੂੰ ਅਪਣੇ ਕਬਜ਼ੇ ’ਚ ਲੈਣ ਲਈ ਨੋਟਿਸ ਜਾਰੀ ਕੀਤੇ ਹਨ। 

ਸੰਘੀ ਜਾਂਚ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਸਬੰਧਤ ਦਸਤਾਵੇਜ਼ ਸਬੰਧਤ ਦਸਤਾਵੇਜ਼ਾਂ ਨੂੰ ਜਾਇਦਾਦਾਂ ਦੇ ਸਬੰਧਤ ਰਜਿਸਟਰਾਰ ਨੂੰ ਸੌਂਪ ਦਿਤਾ ਹੈ ਜਿੱਥੇ ਜਾਇਦਾਦ ਸਥਿਤ ਹੈ। 

ਇਸ ਦੇ ਨਾਲ ਹੀ ਇਹ ਨੋਟਿਸ ਸ਼ੁਕਰਵਾਰ ਨੂੰ ਦਿੱਲੀ ਦੇ ਆਈ.ਟੀ. ਓ (5ਏ, ਬਹਾਦੁਰ ਸ਼ਾਹ ਜ਼ਫਰ ਮਾਰਗ) ਸਥਿਤ ਹੇਰਾਲਡ ਹਾਊਸ, ਮੁੰਬਈ ਦੇ ਬਾਂਦਰਾ (ਈ) ਖੇਤਰ (ਪਲਾਟ ਨੰਬਰ 2, ਸਰਵੇ ਨੰਬਰ 341) ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਬਿਸ਼ੇਸ਼ਵਰ ਨਾਥ ਰੋਡ (ਜਾਇਦਾਦ ਨੰਬਰ 1) ਸਥਿਤ ਏਜੇਐਲ ਇਮਾਰਤ ’ਤੇ ਲਗਾਏ ਗਏ ਹਨ। ਨੋਟਿਸ ਮੁੱਖ ਤੌਰ ’ਤੇ ਈ.ਡੀ. ਵਲੋਂ ਅਪਣੇ ਕਬਜ਼ੇ ’ਚ ਲੈਣ ਲਈ ਇਮਾਰਤ ਖ਼ਾਲੀ ਕਰਨ ਦੀ ਮੰਗ ਕਰਦੇ ਹਨ। 

ਇਕ ਨੋਟਿਸ ’ਚ ਮੁੰਬਈ ਦੇ ਬਾਂਦਰਾ (ਪੂਰਬੀ) ਸਥਿਤ ਹੇਰਾਲਡ ਹਾਊਸ ’ਚ 7ਵੀਂ, 8ਵੀਂ ਅਤੇ 9ਵੀਂ ਮੰਜ਼ਿਲ ’ਤੇ ਸਥਿਤ ਜਿੰਦਲ ਸਾਊਥ ਵੈਸਟ ਪ੍ਰਾਜੈਕਟਸ ਲਿਮਟਿਡ ਨੂੰ ਵੀ ਹਰ ਮਹੀਨੇ ਕਿਰਾਏ/ਲੀਜ਼ ਦੀ ਰਕਮ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਦੇ ਹੱਕ ’ਚ ਟਰਾਂਸਫਰ ਕਰਨ ਲਈ ਕਿਹਾ ਗਿਆ ਹੈ। 

ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੀ ਧਾਰਾ (8) ਅਤੇ ਨਿਯਮ 5 (1) ਦੇ ਤਹਿਤ ਕੀਤੀ ਗਈ ਹੈ ਜੋ ਈ.ਡੀ. ਵਲੋਂ ਜ਼ਬਤ ਕੀਤੀ ਜਾਇਦਾਦ ਨੂੰ ਕਬਜ਼ੇ ’ਚ ਲੈਣ ਦੀ ਪ੍ਰਕਿਰਿਆ ਬਾਰੇ ਗੱਲ ਕਰਦੀ ਹੈ ਅਤੇ ਫਿਰ ਨਿਰਣਾਇਕ ਅਥਾਰਟੀ (ਪੀ.ਐਮ.ਐਲ.ਏ. ਦੀ) ਵਲੋਂ ਪੁਸ਼ਟੀ ਕੀਤੀ ਜਾਂਦੀ ਹੈ। 

ਈ.ਡੀ. ਨੇ ਨਵੰਬਰ 2023 ’ਚ 661 ਕਰੋੜ ਰੁਪਏ ਦੀ ਇਹ ਅਚੱਲ ਜਾਇਦਾਦ ਅਤੇ 90.2 ਕਰੋੜ ਰੁਪਏ ਦੇ ਏ.ਜੇ.ਐਲ. ਦੇ ਸ਼ੇਅਰ ਜ਼ਬਤ ਕੀਤੇ ਸਨ ਤਾਂ ਜੋ ਅਪਰਾਧ ਦੀ ਰਕਮ ਨੂੰ ਸੁਰੱਖਿਅਤ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਇਸ ਤੋਂ ਬਚਾਇਆ ਜਾ ਸਕੇ। ਐਜੂਡੀਕੇਟਿੰਗ ਅਥਾਰਟੀ ਨੇ ਪਿਛਲੇ ਸਾਲ ਅਪ੍ਰੈਲ ’ਚ ਇਸ ਹੁਕਮ ਦੀ ਪੁਸ਼ਟੀ ਕੀਤੀ ਸੀ। ਈ.ਡੀ. ਮੁਤਾਬਕ ਇਸ ਮਾਮਲੇ ’ਚ ਅਪਰਾਧ ਦੀ ਕੁਲ ਰਕਮ 988 ਕਰੋੜ ਰੁਪਏ ਸੀ। 

ਕਾਂਗਰਸ ਨੇ ਇਸ ਤੋਂ ਪਹਿਲਾਂ ਜਾਂਚ ਨੂੰ ਬਦਲਾਖੋਰੀ ਦੀਆਂ ਹੋਛੀਆਂ ਚਾਲਾਂ ਕਰਾਰ ਦਿਤਾ ਸੀ ਅਤੇ ਈ.ਡੀ. ਨੂੰ ਭਾਜਪਾ ਦਾ ਗਠਜੋੜ ਭਾਈਵਾਲ ਕਰਾਰ ਦਿਤਾ ਸੀ। ਈ.ਡੀ. ਦੀ ਜਾਂਚ 2021 ’ਚ ਉਦੋਂ ਸ਼ੁਰੂ ਹੋਈ ਸੀ ਜਦੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਮੈਟਰੋਪੋਲੀਟਨ ਮੈਜਿਸਟਰੇਟ ਨੇ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਵਲੋਂ 26 ਜੂਨ, 2014 ਨੂੰ ਦਾਇਰ ਕੀਤੀ ਗਈ ਨਿੱਜੀ ਸ਼ਿਕਾਇਤ ਦਾ ਨੋਟਿਸ ਲਿਆ ਸੀ। 

ਏ.ਜੇ.ਐਲ. ਨੈਸ਼ਨਲ ਹੇਰਾਲਡ ਨਿਊਜ਼ ਪਲੇਟਫਾਰਮ (ਅਖਬਾਰ ਅਤੇ ਵੈੱਬ ਪੋਰਟਲ) ਦਾ ਪ੍ਰਕਾਸ਼ਕ ਹੈ ਅਤੇ ਇਹ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਯੰਗ ਇੰਡੀਅਨ ਦੇ ਬਹੁਗਿਣਤੀ ਸ਼ੇਅਰਧਾਰਕ ਹਨ ਅਤੇ ਉਨ੍ਹਾਂ ਵਿਚੋਂ ਹਰ ਕਿਸੇ ਕੋਲ 38 ਫ਼ੀ ਸਦੀ ਸ਼ੇਅਰ ਹਨ। ਕੁੱਝ ਸਾਲ ਪਹਿਲਾਂ ਇਸ ਮਾਮਲੇ ’ਚ ਈ.ਡੀ. ਨੇ ਉਨ੍ਹਾਂ ਤੋਂ ਕਈ ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਸੀ। 

ਈ.ਡੀ. ਨੇ ਦਾਅਵਾ ਕੀਤਾ ਕਿ ਉਸ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਨਿੱਜੀ ਕੰਪਨੀ ਯੰਗ ਇੰਡੀਅਨ ਨੇ ਏਜੇਐਲ ਦੀ 2,000 ਕਰੋੜ ਰੁਪਏ ਦੀ ਜਾਇਦਾਦ ਸਿਰਫ 50 ਲੱਖ ਰੁਪਏ ’ਚ ਖਰੀਦੀ ਸੀ।